ਸੁਖਜੀਤ ਮਾਨ, ਮਾਨਸਾ
ਵਿੱਦਿਅਕ ਡਿਊਟੀ ਤੋਂ ਇਲਾਵਾ ਸਕੂਲਾਂ ‘ਚ ਚੰਗੇ ਪ੍ਰਬੰਧ ਕਰਨ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕ ਵੀ ਸਿੱਖਿਆ ਵਿਭਾਗ ਦੀ ‘ਬਦਲੀ’ ਤੋਂ ਨਹੀਂ ਬਚ ਸਕੇ ਇਨ੍ਹਾਂ ਅਧਿਆਪਕਾਂ ਨੇ ਸਕੂਲਾਂ ਨਾਲ ਆਪਣੇ ਘਰਾਂ ਤੋਂ ਵੀ ਜ਼ਿਆਦਾ ਮੋਹ ਵਿਖਾਉਂਦਿਆਂ ਵਿਦਿਆਰਥੀਆਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਪਰ ਵਿਭਾਗ ਨੇ ਉਨ੍ਹਾਂ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਇਹੋ ਹੀ ਨਹੀਂ ਇਨ੍ਹਾਂ ਅਧਿਆਪਕਾਂ ਦੀ ਬਦਲੀ ਜ਼ਿਲ੍ਹੇ ‘ਚੋਂ ਬਾਹਰ ਸਰਹੱਦੀ ਜ਼ਿਲ੍ਹਿਆਂ ‘ਚ ਕੀਤੀ ਗਈ ਹੈ
ਵੇਰਵਿਆਂ ਮੁਤਾਬਿਕ ਪਿੰਡ ਰਾਏਪੁਰ ਦੇ ਸਰਕਾਰੀ ਸੈਕੰਡਰੀ ਸਕੂਲ ‘ਚ ਪੰਜਾਬੀ ਲੈਕਚਰਾਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਨਰਿੰਦਰ ਸਿੰਘ ਨੇ ਆਪਣੀ ਇੱਕ ਬਾਂਹ ਹੋਣ ਦੇ ਬਾਵਜ਼ੂਦ ਸਕੂਲ ਨੂੰ ਸਜਾਇਆ ਸੰਵਾਰਿਆ ਪਰ ਵਿਭਾਗ ਨੇ ਉਸ ਨੂੰ ਸਰਹੱਦੀ ਜ਼ਿਲ੍ਹਾ ਤਰਨਤਾਰਨ ‘ਚ ਭੇਜ ਦਿੱਤਾ ਹੈ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੱਤਵੀਂ ਕਲਾਸ ‘ਚ ਪੜ੍ਹਦਾ ਸੀ ਤਾਂ ਘਰ ‘ਚ ਪੱਠੇ ਕੁਤਰਨ ਵੇਲੇ ਉਸਦੀ ਸੱਜੀ ਬਾਂਹ ਟੋਕਾ ਮਸ਼ੀਨ ‘ਚ ਆ ਕੇ ਕੱਟੀ ਗਈ ਸੀ
ਉਨ੍ਹਾਂ ਦੱਸਿਆ ਕਿ ਜਦੋਂ ਉਹ ਇਲਾਜ ਦੌਰਾਨ ਹਸਪਤਾਲ ‘ਚ ਸੀ ਤਾਂ ਉਸਨੇ ਉੱਥੋਂ ਹੀ ਆਪਣੇ ਬਜ਼ੁਰਗਾਂ ਦੀ ਹੱਲਸ਼ੇਰੀ ਨਾਲ ਖੱਬੇ ਹੱਥ ਨਾਲ ਲਿਖਣ ਦਾ ਅਭਿਆਸ਼ ਸ਼ੁਰੂ ਕਰ ਦਿੱਤਾ ਸੀ ਨਰਿੰਦਰ ਸਿੰਘ ਨੇ ਆਖਿਆ ਕਿ ਉਹ ਸਿਰਫ ਵਿਦਿਆਰਥੀਆਂ ਨੂੰ ਸਿਲੇਬਸ ਦਾ ਕੰਮ ਕਰਵਾਉਣ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਵਜੀਫਾ ਪ੍ਰੀਖਿਆਵਾਂ ਦੀ ਤਿਆਰੀ ਵੀ ਵਿਸ਼ੇਸ਼ ਤੌਰ ‘ਤੇ ਕਰਵਾਉਂਦਾ ਹੈ ਜਿਸਦੇ ਸਿੱਟੇ ਵਜੋਂ ਉਨ੍ਹਾਂ ਦੇ ਸਕੂਲ ਦੇ ਕਈ ਵਿਦਿਆਰਥੀ ਵਜੀਫਾ ਪ੍ਰੀਖਿਆਵਾਂ ‘ਚੋਂ ਸਫਲ ਵੀ ਹੋਏ ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਕੂਲ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਉਸਨੇ ਪਿੰਡ ਦੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਅਤੇ ਸਕੂਲ ‘ਚ ਬਾਸਕਟਬਾਲ ਦਾ ਮੈਦਾਨ ਟੀਐਸਪੀਐਲ ਦੇ ਸਹਿਯੋਗ ਨਾਲ ਬਣਵਾਇਆ ਤਾਜਾ ਘਟਨਾਕ੍ਰਮ ਸਬੰਧੀ ਉਨ੍ਹਾਂ ਆਖਿਆ ਕਿ ਵਿਭਾਗ ਨੇ ਉਨ੍ਹਾਂ ਦੀ ਬਦਲੀ ਕਰਕੇ ਲੋਕ ਅਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ ਪਰ ਵਿਭਾਗ ਅਜਿਹਾ ਕਰਕੇ ਉਨ੍ਹਾਂ ਨੂੰ ਸੰਘਰਸ਼ ਤੋਂ ਪਿੱਛੇ ਨਹੀਂ ਕਰ ਸਕਦਾ
ਉਨ੍ਹਾਂ ਆਖਿਆ ਕਿ ਉਹ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅਧਿਆਪਕ ਧਿਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਦੇ ਰਹਿਣਗੇ ਇਸ ਤੋਂ ਇਲਾਵਾ ਪਿੰਡ ਬੁਰਜ ਹਰੀ ਦੇ ਸਕੂਲ ‘ਚ ਸੇਵਾਵਾਂ ਦੇਣ ਵਾਲੇ ਅਧਿਆਪਕ ਗੁਰਪਿਆਰ ਸਿੰਘ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਸੌਖੀ ਕਰਵਾਉਣ ਲਈ ਜਲ ਪ੍ਰਬੰਧਨ ਅਤੇ ਭਾਰਤ ਦੀ ਭੂਗੋਲਿਕ ਸਥਿਤੀ ਤੋਂ ਇਲਾਵਾ ਮੈਥ ਕਾਰਨਰ ਅਤੇ ਪੰਜਾਬੀ ਵਿਰਾਸਤ ਨਾਲ ਸਬੰਧਿਤ ਚੀਜਾਂ ਬਣਵਾਈਆਂ ਜਿਸਦੇ ਸਿੱਟੇ ਵਜੋਂ ਪਿੰਡ ਵਾਸੀ ਅਤੇ ਵਿਦਿਆਰਥੀ ਉਨ੍ਹਾਂ ਦਾ ਕਾਫੀ ਸਤਿਕਾਰ ਕਰਦੇ ਸਨ ਇਸ ਅਧਿਆਪਕ ਨੇ ਵੀ ਜਦੋਂ ਮੁੱਖ ਮੰਤਰੀ ਦੇ ਸ਼ਹਿਰ ‘ਚ ਬੈਠੇ ਅਧਿਆਪਕਾਂ ਦੇ ਹੱਕ ‘ਚ ਨਾਅਰਾ ਮਾਰਿਆ ਤਾਂ ਸਿੱਖਿਆ ਵਿਭਾਗ ਨੂੰ ਚੰਗਾ ਨਹੀਂ ਲੱਗਿਆ ਜਿਸਦੇ ਸਿੱਟੇ ਵਜੋਂ ਉਨ੍ਹਾਂ ਨੂੰ ਵੀ ਬਦਲੀ ਦਾ ਪੱਤਰ ਭੇਜ ਦਿੱਤਾ
ਪਿੰਡ ਸੱਦਾ ਸਿੰਘ ਵਾਲਾ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਅਮੋਲਕ ਸਿੰਘ ਵੱਲੋਂ ਤਾਂ ਆਪਣੇ ਸਕੂਲ ‘ਚ ਪਹਿਲੀ ਮਹਿਲਾ ਅਧਿਆਪਕ ਸਵਿੱਤਰਾ ਬਾਈ ਫੂਲੇ ਦਾ ਬੁੱਤ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਉਸਨੂੰ ਵੀ ਸਕੂਲ ‘ਚੋਂ ਬਦਲ ਦਿੱਤਾ ਗਿਆ ਜ਼ਿਲ੍ਹਾ ਕਾਡਰ ਹੋਣ ਦੇ ਨਾਤੇ ਉਸ ਨੂੰ ਜ਼ਿਲ੍ਹੇ ਦੇ ਸਭ ਤੋਂ ਦੂਰ ਪੈਂਦੇ ਪਿੰਡ ਬੀਰੇਵਾਲਾ ਡੋਗਰਾ ਵਿਖੇ ਬਦਲਿਆ ਗਿਆ ਹੈ ਅਮੋਲਕ ਸਿੰਘ ਨੇ ਦੱਸਿਆ ਕਿ ਨਵੀਂ ਦਿੱਲੀ ਵਿਖੇ ਸਵਿੱਤਰਾ ਬਾਈ ਫੂਲੇ ਦਾ 50 ਹਜ਼ਾਰ ਦੀ ਕੀਮਤ ਵਾਲਾ ਬੁੱਤ ਬਣਕੇ ਤਿਆਰ ਪਿਆ ਹੈ ਜਿਸ ਨੂੰ ਹੁਣ ਸਕੂਲ ‘ਚ ਲਾਇਆ ਜਾਣਾ ਸੀ
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਉਸਨੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ 11 ਲੱਖ ਰੁਪਏ ‘ਚ ਦੋ ਕਮਰੇ, ਵਿਦਿਆਰਥੀਆਂ ਲਈ ਬੈਂਚ ਅਤੇ ਸਕੂਲ ਦਾ ਰਸਤਾ ਪੱਕਾ ਕਰਵਾਇਆ ਸੀ ਉਨ੍ਹਾਂ ਆਖਿਆ ਕਿ ਉਹ ਸਿਰਫ 8 ਘੰਟੇ ਡਿਊਟੀ ਹੀ ਨਹੀਂ ਸਗੋਂ ਪੂਰਾ ਸਮਾਂ ਹੀ ਵਿੱਦਿਅਕ ਕਾਰਜ਼ਾਂ ‘ਚ ਰੁੱਝੇ ਰਹਿੰਦੇ ਹਨ ਜਦੋਂ ਉਨ੍ਹਾਂ ਦੀ ਭੈਣ ਦਾ ਵਿਆਹ ਹੋਇਆ ਸੀ ਤਾਂ ਉਨ੍ਹਾਂ ਨੇ ਰਿਸ਼ਤੇਦਾਰ-ਸਨੇਹੀਆਂ ਤੋਂ ਇਲਾਵਾ ਅਧਿਆਪਕ ਸਾਥੀਆਂ ਨੂੰ ਮਠਿਆਈ ਦੇ ਡੱਬਿਆਂ ਦੀ ਥਾਂ ‘ਪਹਿਲਾ ਅਧਿਆਪਕ’ ਕਿਤਾਬ ਦਿੱਤੀ ਸੀ
ਪਿੰਡ ਕੱਲ੍ਹੋ ਦੇ ਐਲੀਮੈਂਟਰੀ ਸਕੂਲ ਦੀ ਦਿੱਖ ਰੇਲਵੇ ਸਟੇਸ਼ਨ ‘ਤੇ ਖੜ੍ਹੀ ਕਿਸੇ ਨਵੀਂ ਰੇਲ ਗੱਡੀ ਵਰਗੀ ਬਣਾਉਣ ਵਾਲੇ ਅਧਿਆਪਕ ਹਰਦੀਪ ਸਿੱਧੂ ਨੂੰ ਵੀ ਜ਼ਿਲ੍ਹੇ ‘ਚੋਂ ਬਾਹਰ ਜਾਣ ਵਾਲੀ ਵਿਭਾਗ ਨੇ ਚੜ੍ਹਾ ਦਿੱਤਾ ਹੈ ਹਰਦੀਪ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਸਹਿਯੋਗੀ ਸੱਜਣਾਂ ਅਤੇ ਪੱਲਿਓਂ ਖਰਚ ਕਰਕੇ ਸਕੂਲਾਂ ਦੀ ਦਿੱਖ ਬਦਲਣ ‘ਚ ਕਦੇ ਕੋਈ ਕਸਰ ਨਹੀਂ ਛੱਡੀ ਪਰ ਜਦੋਂ ਹੱਕਾਂ ਲਈ ਲੜਦੇ ਨੇ ਤਾਂ ਵਿਭਾਗ ਨੂੰ ਚੰਗਾ ਨਹੀਂ ਲੱਗਦਾ ਇਹ ਸਿਰਫ ਕੁੱਝ ਅਧਿਆਪਕਾਂ ਦੀਆਂ ਉਦਾਹਰਨਾਂ ਹਨ ਇਨ੍ਹਾਂ ਤੋਂ ਇਲਾਵਾ ਵੀ ਬਦਲੇ ਗਏ ਅਧਿਆਪਕ ਆਪਣੇ ਸਕੂਲ ਨੂੰ ਸਜਾਉਣ ਸੰਵਾਰਨ ‘ਚ ਪੂਰਾ ਸਹਿਯੋਗ ਦਿੰਦੇ ਰਹੇ ਹਨ
ਉੱਧਰ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਭਾਵੇਂ ਹੀ ਇਨ੍ਹਾਂ ਅਧਿਆਪਕਾਂ ਨੇ ਸਕੂਲਾਂ ਦੀ ਦਿੱਖ ਬਦਲਣ ‘ਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਜਿਸਦੇ ਬਦਲੇ ਵਿਭਾਗ ਨੇ ਵੀ ਉਨ੍ਹਾਂ ਨੂੰ ਹਮੇਸ਼ਾ ਸਾਬਾਸ਼ ਦਿੱਤੀ ਹੈ ਪਰ ਹੁਣ ਜਦੋਂ ਵਿਭਾਗ ਦੇ ਕੈਂਪਾਂ ਆਦਿ ‘ਚ ਅੜਿੱਕੇ ਪਾਏ ਜਾ ਰਹੇ ਹਨ ਤਾਂ ਅਨੁਸ਼ਾਸ਼ਨੀ ਕਾਰਵਾਈ ਤਹਿਤ ਇਹ ਬਦਲੀਆਂ ਕੀਤੀਆਂ ਗਈਆਂ ਹਨ
ਸੰਘਰਸ਼ ਤੋਂ ਨਹੀਂ ਹਟਾਂਗੇ ਪਿੱਛੇ : ਅਧਿਆਪਕ
ਸਿੱਖਿਆ ਵਿਭਾਗ ਵੱਲੋਂ ਤਬਦੀਲ ਕੀਤੇ ਗਏ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਤਾਂ ਸਕੂਲਾਂ ‘ਚ ਵਿਦਿਆਰਥੀਆਂ ਨੂੰ ਵੀ ਏਕਤਾ ਨਾਲ ਰਹਿਣ ਦੀ ਸਿੱਖਿਆ ਦਿੰਦੇ ਹਨ ਪਰ ਅਧਿਆਪਕਾਂ ਦੀ ਏਕਤਾ ਵਿਭਾਗ ਨੂੰ ਚੰਗੀ ਨਹੀਂ ਲੱਗੀ, ਜਿਸ ਕਾਰਨ ਹੀ ਉਨ੍ਹਾਂ ਦੀਆਂ ਬਦਲੀਆਂ ਕੀਤੀਆਂ ਹਨ ਉਨ੍ਹਾਂ ਆਖਿਆ ਕਿ ਵਿਭਾਗ ਚਾਹੇ ਕੋਈ ਮਰਜ਼ੀ ਕਾਰਵਾਈ ਕਰੇ ਪਰ ਉਹ ਸੰਘਰਸ਼ ਦੇ ਰਾਹ ‘ਚੋਂ ਪਿੱਛੇ ਨਹੀਂ ਹਟਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।