ਮਹਿਲਾਵਾਂ ਪ੍ਰਤੀ ਘਟੀਆ ਸੋਚ ਰੱਖਣ ਵਾਲਾ ਮੰਤਰੀ ਚੰਨੀ ਬਰਖਾਸਤ ਕਰੋ : ਰਾਜ ਲਾਲੀ ਗਿੱਲ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਕੈਬਨਿਟ ‘ਚੋਂ ਬਰਖਾਸਤਗੀ ਅਤੇ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ ਆਈ.ਏ.ਐਸ ਅਧਿਕਾਰੀ ਨੂੰ ਅੱਧੀ-ਅੱਧੀ ਰਾਤ ਨੂੰ ਇਤਰਾਜਯੋਗ ਐਸ.ਐਮ.ਐਸ (ਸੰਦੇਸ਼) ਭੇਜਣ ਦੇ ਮਾਮਲੇ ‘ਤੇ ਘੇਰਦੇ ਹੋਏ ‘ਆਪ’ ਮਹਿਲਾ ਵਿੰਗ ਪ੍ਰਧਾਨ ਰਾਜ ਲਾਲੀ ਗਿੱਲ ਨੇ ਮੀਡੀਆ ਸਾਹਮਣੇ ਕਿਹਾ ਕਿ ਜੋ ਮੰਤਰੀ ਇਕ ਮਹਿਲਾ ਅਧਿਕਾਰੀ ਨਾਲ ਅਜਿਹੀ ਘਟੀਆ ਹਰਕਤ ਕਰ ਸਕਦਾ ਹੈ, ਬਤੌਰ ਮੰਤਰੀ ਉਸ ਕੋਲ ਆਪਣੇ ਕੰਮਕਾਰਾਂ ਅਤੇ ਫਰਿਆਦਾਂ ਸ਼ਿਕਾਇਤਾਂ ਲੈ ਕੇ ਜਾਣ ਵਾਲੀਆਂ ਆਮ ਮਹਿਲਾਵਾਂ ਨਾਲਾ ਉਹ ਕਿਸ ਹੱਦ ਤੱਕ ਜਾ ਸਕਦਾ ਹੈ, ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇਸ ਲਈ ਚਰਨਜੀਤ ਸਿੰਘ ਚੰਨੀ ਦੀ ਮਹਿਲਾਵਾਂ ਪ੍ਰਤੀ ਮਾਨਸਿਕਤਾ ਬੇਹੱਦ ਘਟੀਆ ਹੈ ਅਤੇ ਉਸਦਾ ਸੱਤਾ ਦੀ ਤਾਕਤ ਨਾਲ ਖੁੱਲੇ ਫਿਰਨਾ ਸਮਾਜ ਖਾਸ ਕਰਕੇ ਔਰਤਾਂ ਲਈ ਬੇਹੱਦ ਖਤਰਨਾਕ ਹੈ। ‘ਆਪ’ ਮਹਿਲਾ ਵਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਸਾਹਮਣੇ ਰੋਸ਼ ਪ੍ਰਦਰਸ਼ਨ ਕਰਨ ਜਾ ਰਿਹਾ ਸੀ, ਪਰੰਤੂ ‘ਆਪ’ ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਪੁਲਿਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਪਹਿਲਾਂ ਹੀ ਚੰਡੀਗੜ ਕਲੱਬ ਵਾਲੇ ਚੌਂਕ ‘ਤੇ ਨਾਕਾਬੰਦੀ ਕਰਕੇ ਰੋਕ ਲਿਆ ਗਿਆ। ਜਿੱਥੇ ਆਪ ਮਹਿਲਾ ਵਿੰਗ ਨੇ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਅਤੇ ਰਾਹੁਲ ਗਾਂਧੀ ਵਿਰੁੱਧ ਦਬ ਕੇ ਨਾਅਰੇਬਾਜੀ ਕੀਤੀ।
ਰਾਜ ਲਾਲੀ ਗਿੱਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿਦੇਸ਼ ਫੇਰੀ ਤੋਂ ਵਾਪਸੀ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਚੰਨੀ ਨੂੰ ਬਰਖਾਸਤ ਨਾ ਕੀਤਾ ਤਾਂ ‘ਆਪ’ ਮਹਿਲਾ ਵਿੰਗ ਕਾਂਗਰਸ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢੇਗਾ। ਰੋਸ਼ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਅੰਕਿਤ ਬਾਂਸਲ ਮੈਮੋਰੰਡਮ ਲੈਣ ਪਹੁੰਚੇ ਅਤੇ ਉਨਾਂ ਭਰੋਸਾ ਦਿੱਤਾ ਕਿ ਉਹ ‘ਆਪ’ ਮਹਿਲਾ ਵਿੰਗ ਦਾ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾ ਦੇਣਗੇ। ਇਸ ਮੌਕੇ ਰਜਿੰਦਰਪਾਲ ਕੌਰ ਛੀਨਾ, ਸਤਵੰਤ ਕੌਰ ਘੁੰਮਣ, ਸਵਰਨ ਲਤਾ, ਕਸ਼ਮੀਰ ਕੌਰ, ਬਲਵਿੰਦਰ ਕੌਰ ਧਨੌੜਾ, ਮੈਡਮ ਜੋਗਿੰਦਰ ਕੌਰ ਸਹੋਤਾ, ਮੀਨਾ ਸ਼ਰਮਾ, ਪ੍ਰਭਜੋਤ ਕੌਰ, ਅਨੂੰ ਬੱਬਰ, ਸੁਖਵਿੰਦਰ ਕੌਰ, ਅਤੇ ਡਾ. ਮੀਨਾ ਗਾਂਧੀ ਤੋਂ ਇਲਾਵਾ ‘ਆਪ’ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਸੁਖਵਿੰਦਰ ਸੁੱਖੀ, ਬੀ.ਐਸ. ਘੁੰਮਣ, ਦਿਲਾਬਰ ਸਿੰਘ, ਗੋਬਿੰਦਰ ਮਿਤੱਲ ਆਦਿ ਉਚੇਚੇ ਤੌਰ ‘ਤੇ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।