ਤਨਖਾਹ ਵਾਲਾ ਮਸਲਾ ਮੁੱਖ ਮੰਤਰੀ ਨਾਲ 5 ਨਵੰਬਰ ਦੀ ਮੀਟਿੰਗ ਤੋਂ ਬਾਅਦ ਹੋਵੇਗਾ ਹੱਲ
ਕਈ ਘੰਟੇ ਚੱਲੀ ਮੀਟਿੰਗ, ਅਧਿਆਪਕ ਆਗੂਆਂ ਨੇ ਕਿਹਾ ਮਿਲਿਆ ਪਾਜੀਟਿਵ ਹੁੰਗਾਰਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਾਂਝਾ ਅਧਿਆਪਕ ਮੋਰਚਾ ਦੀ ਅੱਜ ਪੰਜਾਬ ਸਰਕਾਰ ਦੇ ਚੀਫ ਪਿੰ੍ਰਸੀਪਲ ਸੈਕਟਰੀ ਸਮੇਤ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਹਾਂ ਪੱਖੀ ਸਾਬਤ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਅਧਿਆਪਕਾਂ ‘ਚ ਆਪਣੇ ਸੰਘਰਸ਼ ਨੂੰ ਲੈ ਕੇ ਜਿੱਤ ਵੱਲ ਵਧਣ ਦੀ ਆਸ ਬੱਝੀ ਹੈ। ਉਂਜ ਅਧਿਆਪਕਾਂ ਦੇ ਮਸਲਿਆਂ ਦਾ ਅਗਲਾ ਦਾਰਮਦੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 5 ਨਵੰਬਰ ਨੂੰ ਹੋਣ ਵਾਲੀ ਮੀਟਿੰਗ ‘ਤੇ ਟਿਕਿਆ ਹੋਇਆ ਹੈ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਵੱਲੋਂ ਰੱਖਿਆ ਗਿਆ ਸੰਘਰਸ਼ ਜਾਰੀ ਰਹੇਗਾ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਆਪਣੀ ਤਨਖਾਹ ਕਟੌਤੀ ਸਮੇਤ ਹੋਰ ਮੰਗਾਂ ਦੇ ਡਟੇ ਅਧਿਆਪਕਾਂ ਦੇ ਤਿੱਖੇ ਹੁੰਦੇ ਸੰਘਰਸ਼ ਨੂੰ ਦੇਖਦਿਆਂ ਸਰਕਾਰ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਵੱਲੋਂ ਅੱਜ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਅੱਜ ਅਧਿਆਪਕ ਆਗੂਆਂ ਦੀ ਸੁਰੇਸ਼ ਕੁਮਾਰ ਤੇ ਕੈਪਟਨ ਸੰਦੀਪ ਸੰਧੂ ਨਾਲ ਕਈ ਘੰਟੇ ਮੀਟਿੰਗ ਚੱਲੀ। ਇਸ ਮੀਟਿੰਗ ਦੌਰਾਨ ਅਧਿਆਪਕਾਂ ਦੀਆਂ ਪੂਰੀਆਂ ਮੰਗਾਂ ਸੁਣੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਵਿਕਰਮਦੇਵ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਹਿਲ, ਬਲਕਾਰ ਸਿੰਘ ਵਲਟੋਹਾ, ਬਾਜ ਸਿੰਘ ਖਹਿਰਾ, ਹਰਜੀਤ ਸਿੰਘ, ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ ਤੇ ਜਸਵਿੰਦਰ ਸਿੰਘ ਆਗੂ ਸ਼ਾਮਲ ਹੋਏ। ਇਸ ਦੌਰਾਨ ਸ੍ਰੀ ਸੁਰੇਸ਼ ਕੁਮਾਰ ਵੱਲੋਂ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ 5 ਨਵੰਬਰ ਨੂੰ ਮੁਕੱਰਰ ਕਰਵਾਈ ਗਈ ਹੈ। ਇਸ ਮੀਟਿੰਗ ਦੌਰਾਨ ਸੁਰੇਸ਼ ਕੁਮਾਰ ਵੱਲੋਂ ਅਧਿਆਪਕਾਂ ਦੀਆਂ ਮੁਅੱਤਲੀਆਂ, ਬਦਲੀਆਂ ਆਦਿ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਹੈ।
ਇਸ ਤੋਂ ਇਲਾਵਾ ਆਨਲਾਈਨ ਪੋਰਟਲ ‘ਚ ਅਧਿਆਪਕਾਂ ਦੀ ਸਿੱਖਿਆ ਵਿਭਾਗ ‘ਚ ਭਰੀ ਜਾਣ ਵਾਲੀ ਹਾਮੀ ‘ਤੇ ਵੀ ਰੋਕ ਲਗਾਉਣ ਦੀ ਗੱਲ ਆਖੀ ਗਈ ਹੈ। ਤਨਖਾਹ ਕਟੌਤੀ ਦਾ ਮਾਮਲਾ ਮੁੱਖ ਮੰਤਰੀ ਵੱਲੋਂ ਨਿਬੇੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 5178 ਅਧਿਆਪਕਾਂ ਨੂੰ ਪੂਰੇ ਸਕੇਲਾਂ ‘ਤੇ ਰੈਗੂਲਰ ਕਰਨ ਵਾਲੀ ਗੱਲ ਉਨ੍ਹਾਂ ਮੰਨੀ ਹੈ, ਜੋ ਕਿ ਨਵੰਬਰ 2017 ‘ਚ ਹੋਣੇ ਸਨ। ਅਧਿਆਪਕਾਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅਧਿਆਪਕਾਂ ਤੇ ਸਰਕਾਰ ‘ਚ ਆਪਸੀ ਕਲੇਸ਼ ਵਧਾਇਆ ਗਿਆ ਹੈ। ਇਸ ਲਈ ਅੱਗੇ ਤੋਂ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਕ੍ਰਿਸ਼ਨ ਕੁਮਾਰ ਨੂੰ ਇਸ ਕਰਕੇ ਹੀ ਨਹੀਂ ਸ਼ਾਮਲ ਕੀਤਾ ਗਿਆ।
ਪ੍ਰਿੰਸੀਪਲ ਸੈਕਟਰੀ ਨੇ ਕਿਹਾ ਕਿ ਅੱਗੇ ਤੋਂ ਅਧਿਆਪਕਾਂ ਦੀ ਜੋ ਵੀ ਸਮੱਸਿਆ ਹੋਵੇਗੀ ਉਹ ਸਰਕਾਰ ਹੀ ਸਿੱਧਾ ਗੱਲਬਾਤ ਕਰੇਗੀ। ਅਧਿਆਪਕ ਆਗੂਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਹਾਂ ਪੱਖੀ ਸਾਬਤ ਹੋਈ ਹੈ, ਪਰ ਉਹ ਆਪਣਾ ਚੱਲ ਰਿਹਾ ਮਰਨ ਵਰਤ ਅਤੇ ਪੱਕਾ ਮੋਰਚਾ ਜਾਰੀ ਰੱਖਣਗੇ ਅਤੇ ਸਾਥੀਆਂ ਨਾਲ ਮੀਟਿੰਗ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨਾਲ 5 ਨਵੰਬਰ ਦੀ ਮੀਟਿੰਗ ‘ਚ ਤਨਖਾਹ ਵਾਲਾ ਮਸਲਾ ਹੱਲ ਨਾ ਹੋਇਆ ਤਾਂ ਉੁਹ ਅੱਗੇ ਆਪਣਾ ਤਿੱਖਾ ਫੈਸਲਾ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।