ਸਿਹਤ ਵਿਭਾਗ ਨੇ 1950 ਲੀਟਰ ‘ਨਕਲੀ’ ਦੇਸੀ ਘਿਓ ਕੀਤਾ ਜ਼ਬਤ
ਹਰਿਆਣਾ ਤੋਂ ਰਾਮਪੁਰਾ ਫੂਲ ਵਿਖੇ ਕੀਤਾ ਜਾ ਰਿਹਾ ਸੀ ਸਪਲਾਈ
ਸੁਖਜੀਤ ਮਾਨ, ਮਾਨਸਾ
ਹਰਿਆਣਾ ‘ਚੋਂ ਹੁੰਦੀ ਸ਼ਰਾਬ ਤਸਕਰੀ ਨੇ ਹੀ ਪੰਜਾਬ ਪੁਲਿਸ ਨੂੰ ਪੱਬਾਂ ਭਾਰ ਕੀਤਾ ਹੋਇਆ ਸੀ ਪਰ ਹੁਣ ਘਿਓ ਦੀ ਤਸਕਰੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਰੀਬ ਰੋਜ਼ਾਨਾ ਹੀ ਹਰਿਆਣਾ ਦੀ ‘ਸ਼ਹਿਨਾਈ’ ਆਦਿ ਮਾਅਰਕੇ ਦੀ ਸ਼ਰਾਬ ਤਾਂ ਪੁਲਿਸ ਫੜ੍ਹਦੀ ਹੀ ਸੀ ਪਰ ਬੀਤੀ ਰਾਤ ਮਾਨਸਾ ਦੇ ਸਿਹਤ ਵਿਭਾਗ ਨੇ ਹਰਿਆਣਾ ‘ਚੋਂ ਪੰਜਾਬ ‘ਚ ਸਪਲਾਈ ਕਰਨ ਲਈ ਲਿਆਂਦੇ ਜਾ ਰਹੇ 1950 ਲੀਟਰ ਘਿਓ ਦੀ ਖੇਪ ਫੜ੍ਹੀ ਹੈ, ਜਿਸਦੇ ਨਕਲੀ ਹੋਣ ਦਾ ਹਾਲੇ ਦਾਅਵਾ ਕੀਤਾ ਜਾ ਰਿਹਾ ਹੈ ਕਿਉਂਕਿ ਘਿਓ ਦੇ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਭੇਜਿਆ ਗਿਆ ਹੈ
ਸਿਹਤ ਵਿਭਾਗ ਨੇ ਇਸ ਘਿਓ ਦੀ ਖੇਪ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਸਟਾਫ ਵੱਲੋਂ ਮਾਨਸਾ-ਸਰਸਾ ਰੋਡ ਉੱਤੇ ਝੁਨੀਰ ਵਿਖੇ ਲਾਏ ਨਾਕੇ ਦੌਰਾਨ ਦੇਰ ਰਾਤ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਸ੍ਰੀ ਸੋਢੀ ਨੇ ਦੱਸਿਆ ਕਿ ਹਰਿਆਣਾ ਵੱਲੋਂ ਆ ਰਹੀ ਮੈਕਸ ਪਿਕਅੱਪ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਤਿੰਨ ਵੱਖੋ-ਵੱਖ ਮਾਅਰਕਿਆਂ ਰੌਇਲ ਅਨਮੋਲ ਲਾਈਟ ਦਾ 1152 ਲੀਟਰ, ਸ੍ਰੀ ਮਧੂ ਧਾਰਾ ਦਾ 510 ਲੀਟਰ ਅਤੇ ਕੇਦਾਰ ਬਲੈਂਡਿਡ ਮਾਅਰਕੇ ਦਾ 288 ਲੀਟਰ ਨਕਲੀ ਦੇਸੀ ਘਿਓ ਮਿਲਿਆ
ਉਨ੍ਹਾਂ ਖ਼ਾਸ ਤੌਰ ‘ਤੇ ਦੱਸਿਆ ਕਿ ਇਨ੍ਹਾਂ ਮਾਅਰਕਿਆਂ ਉਪਰ ਲੱਗੇ ਲੇਬਲ ਵੀ ਗੁੰਮਰਾਹ ਕਰਨ ਵਾਲੇ ਪਾਏ ਗਏ ਕਿਉਂ ਜੋ ਲੇਬਲ ਦੇ ਇੱਕ ਪਾਸੇ ਲਾਈਟ ਤੇ ਦੂਜੇ ਪਾਸੇ ਵਨਸਪਤੀ ਲਿਖਿਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਮੌਜੂਦ ਇਸ ਖੇਪ ਦੇ ਮਾਲਕ ਅਜੇ ਕੁਮਾਰ ਵਾਸੀ ਰਾਮਪੁਰਾ ਫੂਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸਮੱਗਰੀ ਹਰਿਆਣਾ ਦੇ ਫਤਿਹਾਬਾਦ ਤੋਂ ਰਾਮ ਕੁਮਾਰ ਪਵਨ ਕੁਮਾਰ ਟ੍ਰੇਡਿੰਗ ਕੰਪਨੀ ਅਤੇ ਗੌਰਵ ਟ੍ਰੇਡਿੰਗ ਕੰਪਨੀ ਤੋਂ ਲਿਆਂਦੀ ਜਾ ਰਹੀ ਸੀ
ਸ੍ਰੀ ਸੋਢੀ ਨੇ ਦੱਸਿਆ ਕਿ ਘਿਓ ਦੇ ਨਮੂਨੇ ਲੈ ਕੇ ਅਗਲੇਰੀ ਜਾਂਚ ਲਈ ਖਰੜ ਸਥਿਤ ਸਟੇਟ ਫੂਡ ਤੇ ਕੈਮੀਕਲ ਲੈਬਾਰਟਰੀ ਵਿਖੇ ਭੇਜੇ ਗਏ ਹਨ ਅਤੇ ਘਿਓ ਦਾ ਸਟਾਕ ਜ਼ਬਤ ਕਰ ਲਿਆ ਗਿਆ ਉਨ੍ਹਾਂ ਦੱਸਿਆ ਕਿ ਨਮੂਨਿਆਂ ਦੇ ਨਤੀਜਿਆਂ ਮੁਤਾਬਕ ਖੇਪ ਦੇ ਮਾਲਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਸ੍ਰੀ ਸੋਢੀ ਨੇ ਦੱਸਿਆ ਕਿ ਅਜਿਹਾ ਘਿਓ ਦੋ ਜਾਂ ਤਿੰਨ ਤਰ੍ਹਾਂ ਦੇ ਖਾਣ ਵਾਲੇ ਤੇਲਾਂ ਦੀ ਮਿਲਾਵਟ ਕਰਕੇ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਦੇਸੀ ਘਿਓ ਕਹਿ ਕੇ ਵੇਚਿਆ ਜਾਂਦਾ ਹੈ, ਜੋ ਗਾਹਕ ਨਾਲ ਸਿੱਧਾ ਧੋਖਾ ਹੈ
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ : ਏਡੀਸੀ
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ ਵੱਲੋਂ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਨਿਰਵਿਘਨ ਜਾਰੀ ਰਹਿਣੀ ਚਾਹੀਦੀ ਹੈ, ਤਾਂ ਜੋ ਕੋਈ ਵੀ ਦੁਕਾਨਦਾਰ ਨਕਲੀ ਖੋਏ ਜਾਂ ਸਿੰਥੈਟਿਕ ਦੁੱਧ ਤੋਂ ਬਣੀਆਂ ਵਸਤਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ। ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਉਹ ਬਾਹਰਲੇ ਰਾਜਾਂ ਜਾਂ ਜ਼ਿਲ੍ਹਿਆਂ ਤੋਂ ਆਉਣ ਵਾਲੇ ਨਕਲੀ ਖੋਏ ‘ਤੇ ਸ਼ਿੰਕਜਾ ਕੱਸਣ ਲਈ ਨਾਕੇ ਲਗਾਉਣ ਅਤੇ ਅਜਿਹੇ ਲੋਕਾਂ ਨੂੰ ਫੜ੍ਹ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।