ਦੁਸਹਿਰਾ ਕਮੇਟੀ ਨੇ ਪੁਲਿਸ ਨੂੰ ਲਿਖਿਆ ਸੀ ਪੱਤਰ, ਕੀਤੀ ਸੀ ਸੁਰੱਖਿਆ ਦੀ ਮੰਗ
ਸੱਚ ਕਹੂੰ ਨਿਊਜ਼, ਅੰਮ੍ਰਿਤਸਰ
ਅੰਮ੍ਰਿਤਸਰ ਰੇਲ ਹਾਦਸੇ ਦੀ ਜਿੰਮੇਵਾਰੀ ਜਿੱਥੇ ਹੁਣ ਤੱਕ ਕੋਈ ਵੀ ਲੈਣ ਨੂੰ ਤਿਆਰ ਨਹੀਂ ਉੱਥੇ ਬੀਤੀ ਰਾਤ ਹੋਏ ਦੁਸਹਿਰਾ ਪ੍ਰੋਗਰਾਮ ਦੀ ਮਨਜ਼ੂਰੀ ਸਬੰਧੀ ਦੋ ਪੱਤਰ ਮਿਲੇ ਹਨ ਇੱਕ ਪੱਤਰ ‘ਚ ਦੁਸਹਿਰਾ ਕਮੇਟੀ ਨੇ ਪੁਲਿਸ ਨੂੰ ਲਿਖ ਕੇ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਤੇ ਸੁਰੱਖਿਆ ਵਿਵਸਥਾ ਦੀ ਮੰਗ ਕੀਤੀ ਹੈ, ਜਦੋਂ ਕਿ ਦੂਜੇ ਪੱਤਰ ‘ਚ ਪੁਲਿਸ ਨੇ ਜਵਾਬ ਦਿੱਤਾ ਹੈ ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਇਸ ਪ੍ਰੋਗਰਾਮ ਨੂੰ ਲੈ ਕੇ ਕੋਈ ਇਤਰਾਜ ਨਹੀਂ ਹੈ
ਇਸ ਹਾਦਸੇ ਤੋਂ ਰੇਲਵੇ ਤੇ ਸਥਾਨਕ ਪ੍ਰਸ਼ਾਸਨ ਬੇਸ਼ੱਕ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਹੋਣ ਪਰ ਹਕੀਕਤ ਇਹ ਹੈ ਕਿ ਦੁਸਹਿਰਾ ਕਮੇਟੀ ਨੇ ਬਕਾਇਦਾ ਪੱਤਰ ਲਿਖ ਕੇ ਪੁਲਿਸ ਤੋਂ ਸੁਰੱਖਿਆ ਵਿਵਸਥਾ ਦੀ ਮੰਗ ਕੀਤੀ ਸੀ ਨਾਲ ਹੀ ਪੁਲਿਸ ਨੇ ਦੁਸਹਿਰਾ ਪ੍ਰੋਗਰਾਮ ਕਰਵਾਉਣ ਦੀ ਮੰਨਜੂਰੀ ਵੀ ਦਿੱਤੀ ਸੀ ਅਸਿਸਟੈਂਟ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੁਸਹਿਰਾ ਕਮੇਟੀ ਨੂੰ ਦਿੱਤੇ ਜਵਾਬ ‘ਚ ਕਿਹਾ ਸੀ ਕਿ ਪੁਲਿਸ ਨੂੰ ਦੁਸਹਿਰਾ ਪ੍ਰੋਗਰਾਮ ਕਰਵਾਉਣ ਨੂੰ ਲੈ ਕੇ ਕੋਈ ਇਤਰਾਜ ਨਹੀਂ ਹੈ ਇਹਨਾਂ ਦੋਵਾਂ ਪੱਤਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਦੁਸਹਿਰਾ ਕਮੇਟੀ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਸੀ ਤੇ ਸੁਰੱਖਿਆ ਵਿਵਸਥਾ ਦੀ ਮੰਗ ਕੀਤੀ ਗਈ ਸੀ
ਦੂਜੇ ਪਾਸੇ ਇਸ ਮਾਮਲੇ ‘ਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਇਸ ਸਬੰਧੀ ਪੁਲਿਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਧੋਬੀ ਘਾਟ, ਗੋਲਡਨ ਐਵੀਨਿਊ, ਅੰਮ੍ਰਿਤਸਰ ਵਿੱਚ ਦੁਸਹਿਰਾ ਮਨਾਉਣ ਲਈ ਮਨਜ਼ੂਰੀ ਦਿੱਤੀ ਸੀ ਉਨ੍ਹਾਂ ਦੱਸਿਆ ਕਿ ਦੁਸਹਿਰੇ ਦਾ ਪ੍ਰੋਗਰਾਮ ਮਿੱਠੂ ਮਦਾਨ ਫੈਮਿਲੀ ਵੱਲੋਂ ਕੀਤਾ ਗਿਆ ਸੀ, ਜਿਸ ਦੀ ਮਾਂ ਵਿਜੈ ਮਦਾਨ ਇਸ ਇਲਾਕੇ ਦੀ ਕੌਂਸਲਰ ਹੈ
ਇੱਕੋ ਸਮੇਂ ਬਲੀਆਂ 36 ਚਿਤਾਵਾਂ
ਸ਼ਹਿਰ ਦੇ ਜੌੜਾ ਫਾਟਕ ਨੇੜੇ ਬੀਤੀ ਰਾਤ ਵਾਪਰੇ ਭਿਆਨਕ ਹਾਦਸੇ ‘ਚ ਜਿੱਥੇ 59 ਵਿਅਤਕੀ ਮੌਤ ਦੇ ਮੂੰਹ ਜਾ ਪਏ, ਉੱਥੇ ਅੱਜ ਦੁਪਹਿਰ ਵੇਲੇ ਇਸ ਹਾਦਸੇ ‘ਚ ਮਾਰੇ ਗਏ 36 ਵਿਅਕਤੀਆਂ ਦੀਆਂ ਚਿਤਾਵਾਂ ਇਕੱਠੀਆਂ ਬਲੀਆਂ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਹਿਰਦਾ ਵਲੂੰਦਰਿਆ ਗਿਆ ਇਸ ਸਮੇਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਵਿਰਲਾਪ ਨੇ ਪੂਰਾ ਆਸਮਾਨ ਗੂੰੰਜਣ ਲਾ ਦਿੱਤਾ ਇਸ ਹਾਦਸੇ ‘ਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਲਪੇਟ ‘ਚ ਆਏ ਸਨ, ਜਿਨ੍ਹਾਂ ‘ਚੋਂ ਚਾਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਉੱਤਰ ਪ੍ਰਦੇਸ਼ ਰਵਾਨਾ ਕਰ ਦਿੱਤਾ ਗਿਆ ਹੈ
ਅੰਮ੍ਰਿਤਸਰ ‘ਚ ਵੱਖ-ਵੱਖ ਥਾਈਂ ਸਮੂਹਕ ਸਸਕਾਰ ਕੀਤੇ ਗਏ ਹਨ ਸ਼ਹਿਰ ਦੇ ਦੁਰਗਿਆਨਾ ਮੰਦਰ ‘ਚ 29 ਜਣਿਆਂ ਦੀ ਚਿਖ਼ਾ ਨੂੰ ਅਗਨੀ ਦਿਖਾਈ ਗਈ, ਪੰਜ ਲਾਸ਼ਾਂ ਦਾ ਸਸਕਾਰ ਮੋਹਕਮਪੁਰਾ ‘ਚ ਕੀਤਾ ਗਿਆ, ਜਦਕਿ ਦੋ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਬਾਬਾ ਸ਼ਹੀਦਾਂ ਦੇ ਸ਼ਮਸ਼ਾਨਘਾਟ ‘ਚ ਕੀਤੀਆਂ ਗਈਆਂ ਸ਼ਨੀਵਾਰ ਬਾਅਦ ਦੁਪਹਿਰ ਤੱਕ ਮ੍ਰਿਤਕਾਂ ਦੀ ਗਿਣਤੀ 59 ਤੱਕ ਪਹੁੰਚ ਗਈ ਸੀ ਅੱਧੇ ਨਾਲੋਂ ਵੱਧ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਕਰ ਦਿੱਤੀਆਂ ਗਈਆਂ ਹਨ ਜਦਕਿ ਬਾਕੀ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕੀਤਾ ਜਾਵੇਗਾ
ਰੇਲ ਹਾਦਸੇ ਕਾਰਨ 71 ਰੇਲਾਂ ਪ੍ਰਭਾਵਿਤ
ਅੰਮ੍ਰਿਤਸਰ ਦੇ ਜੌੜੇ ਫਾਟਕਾਂ ਕੋਲ ਸ਼ੁੱਕਰਵਾਰ ਦੇਰ ਸ਼ਾਮ ਜਲੰਧਰ ਤੋਂ ਆ ਰਹੀ ਡੀਐੱਮਯੂ ਦੀ ਲਪੇਟ ਵਿੱਚ ਆਉਣ ਕਾਰਨ 59 ਲੋਕਾਂ ਦੀ ਮੌਤ ਤੋਂ ਬਾਅਦ ਉਕਤ ਰੇਲ ਮਾਰਗ ਹਾਲੇ ਵੀ ਠੱਪ ਹੈ ਇਸ ਹਾਦਸੇ ਤੋਂ ਬਾਅਦ ਅੰਮ੍ਰਿਤਸਰ ਆਉਣ ਵਾਲੀਆਂ 71 ਰੇਲਾਂ ਪ੍ਰਭਾਵਿਤ ਹੋਈਆਂ ਹਨ ਹਾਦਸੇ ਵਾਲੀ ਥਾਂ ਵਾਲੇ ਫਾਟਕਾਂ ‘ਤੇ ਕੁਝ ਲੋਕਾਂ ਨੇ ਭੰਨ-ਤੋੜ ਵੀ ਕੀਤੀ ਸੀ, ਜਿਸ ਕਾਰਨ ਇਸ ਤਣਾਅਪੂਰਨ ਮਾਹੌਲ ਕਾਰਨ ਰੇਲ ਆਵਾਜਾਈ ਬੰਦ ਕੀਤੀ ਹੋਈ ਹੈ
ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਵਾਪਰੇ ਰੇਲ ਹਾਦਸੇ ਕਾਰਨ 37 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 16 ਦਾ ਰਾਹ ਬਦਲ ਦਿੱਤਾ ਹੈ ਇਸ ਸਬੰਧੀ ਉੱਤਰ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ 10 ਮੇਲ ਤੇ ਐਕਸਪ੍ਰੈਸ ਟ੍ਰੇਨਾਂ ਤੋਂ ਇਲਾਵਾ 27 ਪੈਸੰਜਰ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 16 ਹੋਰ ਟ੍ਰੇਨਾਂ ਨੂੰ ਹੋਰ ਰੂਟਾਂ ਰਾਹੀਂ ਚਲਾਇਆ ਜਾ ਰਿਹਾ ਹੈ ਜਦਕਿ 18 ਟ੍ਰੇਨਾਂ ਨੂੰ ਅੱਧਵਾਟੇ ਹੀ ਰੋਕ ਕੇ ਉਨ੍ਹਾਂ ਦੀ ਯਾਤਰਾ ਸਮਾਪਤ ਕਰ ਦਿੱਤੀ ਗਈ ਹੈ ਬੁਲਾਰੇ ਮੁਤਾਬਕ ਹਾਲਾਤ ਠੀਕ ਹੋਣ ਤੋਂ ਬਾਅਦ ਜਲਦ ਹੀ ਰੇਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ
ਪਟੜੀ ‘ਤੇ ਖੜ੍ਹੇ ਲੋਕਾਂ ਨੂੰ ਦਿੱਤੀ ਗਈ ਸੀ ਚਿਤਾਵਨੀ
ਦੁਸਹਿਰੇ ਮੌਕੇ ਸ਼ਹਿਰ ‘ਚ ਹੋਏ ਰੇਲ ਹਾਦਸੇ ਤੋਂ ਪਹਿਲਾਂ ਰੇਲ ਦੀ ਪਟੜੀ ‘ਤੇ ਖੜ੍ਹੇ ਲੋਕਾਂ ਨੂੰ ਸਟੇਜ ਤੋਂ ਆਖਰੀ ਚਿਤਾਵਨੀ ਦਿੱਤੀ ਗਈ ਸੀ ਇਹ ਚਿਤਾਵਨੀ ਸਟੇਜ ਤੋਂ ਇੱਕ ਵਿਅਕਤੀ ਵੱਲੋਂ ਰੇਲਵੇ ਦੀ ਪਟੜੀ ‘ਤੇ ਖੜ੍ਹੇ ਲੋਕਾਂ ਨੂੰ ਦਿੰਤੀ ਗਈ ਉਕਤ ਵਿਅਕਤੀ ਨੇ ਕਿਹਾ ਸੀ ਕਿ ਸਾਰਿਆਂ ਨੂੰ ਪਤਾ ਹੈ ਕਿ ਪਟੜੀ ਤੋਂ ਕਦੋਂ-ਕਦੋਂ ਟਰੇਨ ਨਿਕਲਣੀ ਹੈ ਪਰ ਜਦੋਂ ਟਰੇਨ ਨਿਕਲਣੀ ਹੈ ਤਾਂ ਉਹ ਇਹ ਨਹੀਂ ਦੇਖੇਗੀ ਕਿ ਉਸ ਸਾਹਮਣੇ ਕੌਣ ਖੜ੍ਹਾ ਹੈ, ਇਸ ਲਈ ਸਾਰਿਆਂ ਨੇ, ਜੋ ਰੇਲ ਪਟੜੀ ‘ਤੇ ਖੜ੍ਹੇ ਹਨ, ਆਪਣਾ ਧਿਆਨ ਰੱਖਣਾ ਹੈ ਪਰ ਮੰਦੇਭਾਗੀ ਪਟੜੀ ‘ਤੇ ਖੜ੍ਹੇ ਲੋਕਾਂ ਨੇ ਇਸ ਚਿਤਾਵਨੀ ਨੂੰ ਗੰਭੀਰ ਨਹੀਂ ਲਿਆ, ਜਿਸ ਦਾ ਸਿੱਟਾ ਉਨ੍ਹਾਂ ਨੂੰ ਜਾਨ ਦੇ ਰੂਪ ‘ਚ ਦੇਣਾ ਪਿਆ
… ਨਹੀਂ ਹੋ ਰਿਹੈ ਯਕੀਨ ਕਿ ਉਹਨਾਂ ਦੇ ਆਪਣੇ ਵਿੱਛੜ ਗਏ
ਸੱਚ ਕਹੂੰ ਨਿਊਜ਼, ਅੰਮ੍ਰਿਤਸਰ
ਪੰਜਾਬ ‘ਚ ਅੰਮ੍ਰਿਤਸਰ ਰੇਲ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦੇ ਆਪਣੇ ਹੁਣ ਇਸ ਦੁਨੀਆ ‘ਚ ਨਹੀਂ ਰਹੇ ਇੱਥੋਂ ਦੇ ਨਿਵਾਸੀ ਵਿਜੈ ਕੁਮਾਰ ਉਹ ਦ੍ਰਿਸ਼ ਯਾਦ ਕਰਕੇ ਹਾਲੇ ਵੀ ਕੁਰਲਾ ਉੱਠਦੇ ਹਨ ਜਦੋਂ ਉਨ੍ਹਾਂ ਨੇ ਆਪਣੇ 18 ਸਾਲਾ ਪੁੱਤਰ ਦੇ ਕੱਟੇ ਹੋਏ ਸਿਰ ਦੀਆਂ ਤਸਵੀਰਾਂ ਆਪਣੇ ਵਟਸਅੱਪ ‘ਤੇ ਸਵੇਰੇ ਤਿੰਨ ਵਜੇ ਵੇਖੀਆਂ ਵਿਜੈ ਦੇ ਦੋ ਪੁੱਤਰਾਂ ‘ਚੋਂ ਇੱਕ ਆਸ਼ੀਸ਼ ਵੀ ਘਟਨਾ ਸਥਾਨ ‘ਤੇ ਸੀ ਉਸ ਦੀ ਜਾਨ ਬਚ ਗਈ ਪਰ ਦੂਜਾ ਪੁੱਤਰ ਮਨੀਸ਼ ਓਨਾ ਖੁਸ਼ਕਿਸਮਤ ਨਹੀਂ ਨਿਕਲਿਆ
ਵਿਜੈ ਨੂੰ ਜਦੋਂ ਇਸ ਹਾਦਸੇ ਦਾ ਪਤਾ ਚੱਲਿਆ ਤਾਂ ਉਹ ਆਪਣੇ ਪੁੱਤਰ ਦੀ ਭਾਲ ‘ਚ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਭਟਕਦੇ ਰਹੇ ਪਰ ਕੁਝ ਪਤਾ ਨਾ ਚੱਲਿਆ ਫਿਰ ਅਚਾਨਕ ਉਨ੍ਹਾਂ ਦੇ ਫੋਨ ਦੇ ਵਟਸਅੱਪ ‘ਤੇ ਤਸਵੀਰ ਆਈ, ਜਿਸ ‘ਚ ਉਨ੍ਹਾਂ ਦੇ ਪੁੱਤਰ ਦਾ ਕੱਟਿਆ ਹੋਇਆ ਸਿਰ ਸੀ ਇਸ ਭਾਲ ‘ਚ ਉਨ੍ਹਾਂ ਨੂੰ ਇੱਕ ਹੱਥ ਤੇ ਇੱਕ ਪੈਰ ਮਿਲਿਆ ਪਰ ਉਹ ਉਨ੍ਹਾਂ ਦੇ ਪੁੱਤਰ ਦਾ ਨਹੀਂ ਸੀ ਭਰੇ ਮਨ ਨਾਲ ਵਿਜੈ ਦੱਸਦੇ ਹਨ, ਮਨੀਸ਼ ਨੀਲੀ ਜੀਨਜ ਪਹਿਨੇ ਹੋਇਆ ਸੀ, ਇਹ ਪੈਰ ਉਸ ਦਾ ਨਹੀਂ ਹੋ ਸਕਦਾ ਮੇਰੀ ਤਾਂ ਦੁਨੀਆ ਹੀ ਉੱਜੜ ਗਈ
ਇਸ ਦਿਲ ਕੰਬਾਊ ਘਟਨਾ ਸਮੇਂ ਉੱਥੇ ਮੌਜ਼ੂਦ ਸਪਨਾ ਦੇ ਸਿਰ ‘ਚ ਸੱਟ ਲੱਗੀ ਹੈ ਉਸ ਨੇ ਦੱਸਿਆ ਕਿ ਉਹ ਰਾਵਣ ਸਾੜਨ ਦਾ ਘਟਨਾਕ੍ਰਮ ਵਟਸਅੱਪ ਵੀਡੀਓ ਕਾਲ ਰਾਹੀਂ ਆਪਣੇ ਪਤੀ ਨੂੰ ਦਿਖਾ ਰਹੀ ਸੀ ਜਦੋਂ ਪੁਤਲੇ ‘ਚ ਅੱਗ ਲੱਗੀ ਤਾਂ ਲੋਕ ਪਿੱਛੇ ਹਟਣ ਲੱਗੇ ਤੇ ਪਟੜੀਆਂ ਦੇ ਕਰੀਬ ਆ ਗਏ ਜਦੋਂ ਰੇਲ ਕਰੀਬ ਪਹੁੰਚ ਰਹੀ ਸੀ ਤਾਂ ਲੋਕ ਪਟੜੀ ਖਾਲੀ ਕਰਨ ਲੱਗੇ ਤੇ ਦੂਜੀ ਪੱਟੜੀ ‘ਤੇ ਆ ਗਏ ਇੰਨੇ ‘ਚ ਇੱਕ ਹੋਰ ਟਰੇਨ ਤੇਜ਼ ਗਤੀ ਨਾਲ ਉੱਥੇ ਆ ਗਈ ਤੇ ਫਿਰ ਭਾਜੜ ਮੱਚ ਗਈ ਸਪਨਾ ਨੇ ਇਸ ਹਾਦਸੇ ‘ਚ ਆਪਣੇ ਰਿਸ਼ਤੇ ਦੀ ਭੈਣ ਤੇ ਇੱਕ ਸਾਲ ਦੀ ਭਤੀਜੀ ਨੂੰ ਗੁਆ ਦਿੱਤਾ
ਉਹ ਦੱਸਦੀ ਹੈ ਕਿ ਹਫੜਾ-ਦਫ਼ੜੀ ‘ਚ ਲੋਕ ਇੱਧਰ-ਓਧਰ ਭੱਜਣ ਲੱਗੇ ਤੇ ਬੱਚੀ ਪੱਥਰਾਂ ‘ਤੇ ਜਾ ਡਿੱਗੀ ਤੇ ਉਸ ਦੀ ਮਾਂ ਨੂੰ ਲੋਕਾਂ ਨੇ ਪੈਰਾਂ ਹੇਠਾਂ ਕੁਚਲ ਦਿੱਤਾ ਆਪਣਿਆਂ ਨੂੰ ਗੁਆਉਣ ਦੇ ਇਸ ਗ਼ਮ ‘ਚ ਬੇਸ਼ੱਕ ਪੂਰਾ ਦੇਸ਼ ਪੀੜਤਾਂ ਦੇ ਨਾਲ ਖੜ੍ਹਾ ਨਜ਼ਰ ਆਇਆ ਉੱਥੇ ਹੀ ਸਥਾਨਕ ਵਿਧਾਇਕ ਤੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਤੇ ਦੁਸਹਿਰਾ ਸਮਾਰੋਹ ਦੀ ਮੁੱਖ ਮਹਿਮਾਨ ਸਿੱਧੂ ਦੀ ਪਤਨੀ ਤੇ ਸਿੱਧੂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।