ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਾਂਝੇ ਮੋਰਚੇ ਦੀ ਸੂਬਾ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ
ਰਾਵਣ ਰੂਪੀ ਪੰਜਾਬ ਸਰਕਾਰ ਦੇ ਕੱਲ੍ਹ ਫੂਕੇ ਪੁਤਲੇ ਦੀਆਂ ਅਸਥੀਆਂ ਸੰਘਰਸ਼ ਦੌਰਾਨ ਪੰਡਾਲ ‘ਚ ਹੀ ਰੱਖਣ ਦਾ ਫੈਸਲਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਾਂਝਾ ਅਧਿਆਪਕ ਮੋਰਚਾ ਵੱਲੋਂ ਬੀਤੇ ਕੱਲ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਮੰਤਰੀਆਂ ਦੇ ਰਾਵਣ ਰੂਪੀ ਪੁਤਲਾ ਫੂਕਿਆ ਗਿਆ ਸੀ, ਦੀਆਂ ਅੱਜ ਅਧਿਆਪਕਾਂ ਵੱਲੋਂ ਅਸਥੀਆਂ ਚੁਗੀਆਂ ਗਈਆਂ। ਅਸਥੀਆਂ ਚੁਗਣ ਮੌਕੇ ਅਧਿਆਪਕਾਂ ਵੱਲੋਂ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦਿਆਂ ਰੋਸ ਜਤਾਇਆ ਕਿ ਕੈਪਟਨ ਸਰਕਾਰ ਦੀ ਅਧਿਆਪਕਾਂ ਪ੍ਰਤੀ ਮਾੜੀ ਸੋਚ ਕਾਰਨ ਅੱਜ ਅਧਿਆਪਕਾਂ ਨੂੰ ਦੁਸਹਿਰੇ ਦਾ ਤਿਉਹਾਰ ਮਨਾਉਣ ਤੋਂ ਵੀ ਵਿਰਵਾ ਕਰ ਦਿੱਤਾ ਹੈ।
ਅਧਿਆਪਕਾਂ ਵੱਲੋਂ ਅਰਥੀ ਦੀਆਂ ਅਸਥੀਆਂ ਨੂੰ ਇਕੱਠਾ ਕਰਕੇ ਧਰਨੇ ਵਾਲੀ ਜਗ੍ਹਾ ‘ਤੇ ਰੱਖ ਲਿਆ ਗਿਆ। ਇਨ੍ਹਾਂ ਅਧਿਆਪਕਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਧਰਨਾ ਚੱਲੇਗਾ ਉਸ ਸਮੇਂ ਤੱਕ ਇਨ੍ਹਾਂ ਅਸਥੀਆਂ ਨੂੰ ਧਰਨੇ ਵਾਲੇ ਸਥਾਨ ‘ਤੇ ਹੀ ਰੱਖਿਆ ਜਾਵੇਗਾ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਸ਼ਹਿਰ ‘ਚ ਚੱਲ ਰਿਹਾ ਪੱਕਾ ਮੋਰਚਾ ਤੇ ਮਰਨ ਵਰਤ ਅੱਜ ਤੇਹਰਵੇਂ ਦਿਨ ‘ਚ ਸ਼ਾਮਲ ਹੋ ਗਿਆ।
21 ਅਕਤੂਬਰ ਨੂੰ ਪਟਿਆਲਾ ‘ਚ ਹੋਣ ਜਾ ਰਹੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਾਂਝੇ ਮੋਰਚੇ ਦੀ ਸੂਬਾ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਬਲਕਾਰ ਵਲਟੋਹਾ, ਹਰਜੀਤ ਸਿੰਘ ਬਸੋਤਾ, ਕੋ ਕਨਵੀਨਰਾਂ ਹਰਦੀਪ ਸਿੰਘ ਟੋਡਰਪੁਰ, ਡਾ. ਅੰਮ੍ਰਿਤਪਾਲ ਸਿੱਧੂ, ਦੀਦਾਰ ਸਿੰਘ ਮੁੱਦਕੀ ਆਦਿ ਨੇ ਆਖਿਆ ਕਿ ਇੱਕ ਪਾਸੇ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਤਨਖਾਹ ਕਟੌਤੀ ਸਬੰਧੀ ਅਖੌਤੀ ਅੰਕੜਿਆਂ ਅਤੇ ਝੂਠੇ ਬਿਆਨਾਂ ਨੂੰ ਆਧਾਰ ਬਣਾ ਕੇ 8886 ਅਧਿਆਪਕਾਂ ਤੇ ਇਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
ਉੱਥੇ ਹੀ ਦੂਜੇ ਪਾਸੇ 5178 ਅਧਿਆਪਕਾਂ ਦੇ ਨਵੰਬਰ 2017 ‘ਚ ਤਿੰਨ ਸਾਲ ਪੂਰੇ ਹੋਣ ਦੇ ਬਾਵਜ਼ੂਦ, ਪਿਛਲੇ 10 ਮਹੀਨਿਆਂ ਤੋਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਮਰਨ ਵਰਤ ਦੇ ਤੇਹਰਵੇਂ ਦਿਨ ‘ਚ ਪੁੱਜਣ ‘ਤੇ ਇਸ ‘ਚ ਸ਼ਾਮਿਲ ਪੰਜ ਮਹਿਲਾ ਅਧਿਆਪਕਾਂ ਸਮੇਤ ਕੁੱਲ ਸੋਲ੍ਹਾਂ ਅਧਿਆਪਕਾਂ ਵਿੱਚੋਂ ਕਈ ਅਧਿਆਪਕਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ। ਉਨ੍ਹਾਂ ਦੱਸਿਆਂ ਕਿ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਮੁਲਾਜ਼ਮਾਂ ਦੀ ਕੰਨ ਪਾੜਵੀਂ ਆਵਾਜ਼ ਪਹੁੰਚਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 21 ਅਕਤੂਬਰ ਨੂੰ ਪੰਜਾਬ ਦੀਆਂ ਸਮੂਹ ਅਧਿਆਪਕ, ਮੁਲਾਜ਼ਮ, ਕਿਸਾਨ, ਮਜ਼ਦੂਰ, ਵਿਦਿਆਰਥੀ ਤੇ ਹੋਰ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਰੋਸ ਰੈਲੀ ਕਰਦਿਆਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੇ ਇਸ ਸੰਘਰਸ਼ ਦੌਰਾਨ ਪਟਿਆਲਾ ਸ਼ਹਿਰ ਦੇ ਵਾਸੀਆਂ, ਭਰਾਤਰੀ ਜੱਥੇਬੰਦੀਆਂ, ਕਿਸਾਨਾਂ, ਮਜ਼ਦੂਰਾ, ਮਾਪਿਆਂ ਤੇ ਹੋਰ ਜਮਹੂਰੀ ਜੱਥੇਬੰਦੀਆਂ ਦਾ ਹਰ ਪੱਖ ਤੋਂ ਮਿਲ ਰਿਹਾ ਸਹਿਯੋਗ ਵੀ ਲਾ-ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਦੀ ਮਾੜੀ ਕਾਰਗੁਜਾਰੀ ਕਾਰਨ ਅਧਿਆਪਕ ਆਪਣੇ ਹੱਕਾਂ ਲਈ ਦੁਸਹਿਰੇ ਵਰਗੇ ਤਿਉਹਾਰ ਦੇ ਬਾਵਜੂਦ ਘਰਾਂ ਤੋਂ ਦੂਰ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਅਧਿਆਪਕਾਂ ਨੂੰ ਜਲੀਲ ਹੀ ਕਰ ਦਿੱਤਾ ਹੈ ਤਾਂ ਅਧਿਆਪਕ ਵੀ ਸਰਕਾਰ ਖਿਲਾਫ਼ ਆਪਣੀ ਜੰਗ ਜਾਰੀ ਰੱਖਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।