ਹਰਿਆਣਾ ਦੇ ਮੁਕਾਬਲੇ ਪੰਜਾਬ ‘ਚ ਪੈਟਰੋਲ, ਡੀਜ਼ਲ ਤੇ ਬਿਜਲੀ ਮਹਿੰਗੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਕਾਂਗਰਸ ਸਰਕਾਰ ਨੂੰ ਆਮ ਆਦਮੀ ਵਾਸਤੇ ਸਭ ਤੋਂ ਮਾੜਾ ਸਮਾਂ ਕਰਾਰ ਦਿੰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਟੈਂਪ ਡਿਊਟੀ ਵਧਾਉਣ ਦਾ ਫੈਸਲਾ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦੇਵੇਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ‘ਚ ਪ੍ਰਾਪਰਟੀ ਸਮੇਤ ਹਰ ਬਿਜਨੈਸ ਦਾ ਮਾੜਾ ਹਾਲ ਹੈ ਤੇ ਫੈਸਲਾ ਲੋਕ ਮਾਰੂ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੋਟਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਤੇ17 ਚੀਜ਼ਾਂ ‘ਤੇ ਸਟੈਂਪ ਡਿਊਟੀ ‘ਚ ਕੀਤਾ ਗਿਆ ਵਾਧਾ ਪਹਿਲਾਂ ਤੋਂ ਟੈਕਸਾਂ ਦੇ ਰੂਪ ‘ਚ ਭਾਰੀ ਰਕਮ ਅਦਾ ਕਰ ਰਹੇ ਆਮ ਆਦਮੀ ਦਾ ਕਚੂੰਮਰ ਕੱਢ ਕੇ ਰੱਖ ਦੇਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਸਾਡੇ ਗੁਆਂਢੀ ਰਾਜ ਹਰਿਆਣਾ ਦੇ ਮੁਕਾਬਲੇ ਪੰਜਾਬ ‘ਚ ਪੈਟਰੋਲ, ਡੀਜ਼ਲ ਤੇ ਬਿਜਲੀ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਵੱਧ ਟੈਕਸ ਲਾਉਣ ਬਾਰੇ ਮੁੱਖ ਮੰਤਰੀ ਦੀ ਘਸੀ ਪਿਟੀ ‘ਆਮਦਨ ਵਧਾਉਣ’ ਦੀ ਦਲੀਲ ਸਮਾਜ ਦੇ ਸਾਰੇ ਵਰਗਾਂ ਦਾ ਗਲਾ ਘੁੱਟ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਵਧਾ ਕੇ ਵੀ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਅੰਦਰ ਬਿਜਲਈ ਪਲਾਂਟ ਲਾ ਕੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਗਿਆ ਸੀ। ਉਨ੍ਹਾਂ ਨੇ ਕੈਬਨਿਟ ਦੇ ਫੈਸਲੇ ਨੂੰ ਗਰੀਬ-ਵਿਰੋਧੀ, ਸੂਝ ਤੋਂ ਕੋਰਾ ਤੇ ਤਰਕਹੀਣ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਟੈਂਪ ਡਿਊਟੀ ਵਿਚ ਪਿਛਲੀ ਵਾਰ ਸੋਧ 2009 ‘ਚ ਕੀਤੀ ਗਈ ਸੀ, ਕਿਉਂਕਿ ਅਕਾਲੀ ਦਲ ਹਮੇਸ਼ਾ ਗਰੀਬ ਤੇ ਆਮ ਆਦਮੀ ਨਾਲ ਡਟ ਕੇ ਖੜ੍ਹਦਾ ਹੈ।
ਇਸ ਮੌਕੇ ਚਰਨਜੀਤ ਸਿੰਘ ਰੱਖੜਾ ਸੀਨੀਅਰ ਅਕਾਲੀ ਨੇਤਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੁੱਬੂ, ਪਰਮਜੀਤ ਸਿੰਘ ਪੰਮਾ, ਮਾਲਵਿੰਦਰ ਸਿੰਘ ਝਿੱਲ, ਰਜਿਦੰਰ ਸਿੰਘ ਵਿਰਕ, ਜਥੇਦਾਰ ਭੁਪਿੰਦਰ ਸਿੰਘ ਡਕਾਲਾ ਤੇ ਹੋਰ ਵੀ ਨੇਤਾ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।