ਸਿੱਧੂ ਦਾ ਵਿਵਾਦਿਤ ਬਿਆਨ, ਕਿਹਾ, ਦੱਖਣੀ ਭਾਰਤ ਤੋਂ ਬਿਹਤਰ ਹੈ ਪਾਕਿਸਤਾਨ
ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਿੱਧੂ ਨੂੰ ਲਿਆ ਕਰੜੇ ਹੱਥੀਂ
ਏਜੰਸੀ, ਕਸੌਲੀ (ਹਿਮਾਚਲ ਪ੍ਰਦੇਸ਼)
ਪਾਕਿਸਤਾਨ ਫੌਜ ਮੁਖੀ ਨੂੰ ਗਲੇ ਲਾਉਣ ਸਬੰਧੀ ਵਿਵਾਦ ‘ਚ ਆਏ ਸਾਬਕਾ ਕ੍ਰਿਕਟਰ ਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਗੁਆਂਢੀ ਦੇਸ਼ ਪਾਕਿਸਤਾਨ ਦਾ ਮੋਹ ਨਹੀਂ ਛੁੱਟ ਰਿਹਾ ਹੈ। ਖੁਸ਼ਵੰਤ ਸਿੰਘ ਲਿਟਫੇਸਟ ਲਈ ਅੱਜ ਕਸੌਲੀ ਪਹੁੰਚੇ ਸਿੱਧੂ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਲਿਟਫੇਸਟ ਦੇ ਪਹਿਲੇ ਸੈਸ਼ਨ ‘ਚ ਚਰਚਾ ਦੌਰਾਨ ਉਨ੍ਹਾਂ ਪਾਕਿਸਤਾਨ ਦੀ ਯਾਤਰਾ ਨੂੰ ਕਈ ਮਾਇਨਿਆਂ ਵਿਚ ਦੱਖਣੀ ਭਾਰਤ ਤੋਂ ਬਿਹਤਰ ਕਰਾਰ ਦਿੱਤਾ।
ਸਿੱਧੂ ਨੇ ਕਿਹਾ ਕਿ ਤੁਸੀਂ ਪਾਕਿਸਤਾਨ ਵਿਚ ਕਿਤੇ ਵੀ ਯਾਤਰਾ ਕਰ ਲਵੋ, ਉੱਥੇ ਨਾ ਤਾਂ ਭਾਸ਼ਾ ਬਦਲਦੀ ਹੈ, ਨਾ ਹੀ ਖਾਣਾ ਬਦਲਦਾ ਹੈ ਅਤੇ ਨਾ ਹੀ ਲੋਕ ਬਦਲਦੇ ਹਨ, ਜਦਕਿ ਦੱਖਣੀ ਭਾਰਤ ਵਿਚ ਜਾਣ ‘ਤੇ ਭਾਸ਼ਾ ਤੋਂ ਲੈ ਕੇ ਖਾਣ-ਪੀਣ ਤਕ ਸਭ ਕੁਝ ਬਦਲ ਜਾਂਦਾ ਹੈ ਇੱਥੋਂ ਤਕ ਕਿ ਦੱਖਣੀ ਭਾਰਤ ਵਿਚ ਰਹਿਣ ਲਈ ਅੰਗਰੇਜ਼ੀ ਜਾਂ ਤੇਲਗੂ ਭਾਸ਼ਾ ਸਿਖਣੀ ਪੈਂਦੀ ਹੈ ਪਰ ਪਾਕਿਸਤਾਨ ਵਿਚ ਅਜਿਹਾ ਨਹੀਂ ਹੈ।
ਸਿੱਧੂ ਨੇ ਪਾਕਿਸਤਾਨ ‘ਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਪਾਕਿ ਫੌਜ ਮੁਖੀ ਗਲੇ ਲਾਉਣ ਦਾ ਰਾਜ ਵੀ ਆਪਦੇ ਅੰਦਾਜ਼ ‘ਚ ਖੋਲ੍ਹਿਆ। ਉਨ੍ਹਾਂ ਕਿਹਾ ਕਿ ਇਹ ਜੱਫੀ ਰਾਫੇਲ ਡੀਲ ਦੀ ਤਰ੍ਹਾਂ ਨਿਯੋਜਤ ਨਹੀਂ ਸੀ। ਇਹ ਸਭ ਕੁਝ ਅਚਾਨਕ ਹੀ ਹੋਇਆ ਗੱਲਬਾਤ ਦੌਰਾਨ ਪਾਕਿਸਤਾਨ ਫੌਜ ਫਿਰ ਜਾਗਿਆ।
ਮੁਖੀ ਨੇ ਸਿੱਖਾਂ ਦੇ ਤੀਰਥ ਸਥਾਨ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਦੀ ਗੱਲ ਕਹੀ ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਤੇ ਉਨ੍ਹਾਂ ਗਲੇ ਲਾ ਲਿਆ। ਸਿੱਖਾਂ ਦੇ ਲਈ ਇੱਕ ਕਾਰੀਡੋਰ ਖੁੱਲ੍ਹਣਾ ਇੱਕ ਸਫ਼ਨਾ ਹੈ ਜਦੋਂ ਕਰਾਚੀ ਤੇ ਮੁੰਬਈ ਦਰਮਿਆਨ ਵਪਾਰ ਸੰਧੀ ਹੋ ਸਕਦੀ ਹੈ ਤਾਂ ਅੰਮ੍ਰਿਤਸਰ ਤੇ ਲਾਹੌਰ ਦਰਮਿਆਨ ਇਹ ਦੂਰੀਆਂ ਵੀ ਮਿਟ ਜਾਣੀਆਂ ਚਾਹਦੀਆਂ ਹਨ। ਸਿੱਧੂ ਨੇ ਲਿਟਫੇਸਟ ਦੀ ਸ਼ੁਰੂਆਤ ਸ਼ਾਇਰਾਨਾ ਅੰਦਾਜ਼ ‘ਚ ‘ਸਰਕਾਰਾਂ ਸਾਰੀ ਉਮਰ ਇਹ ਭੁੱਲ ਕਰਦੀਆਂ ਰਹੀਆਂ, ਧੂੜ ਚਿਹਰੇ ‘ਤੇ ਸੀ ਤੇ ਆਇਨਾ ਸਾਫ਼ ਕਰਦੀ ਰਹੀ’ ਨਾਲ ਕੀਤੀ।
ਸਿੱਧੂ ਭਾਰਤ ‘ਚ ਪਾਕਿ ਦੀ ਖੁਫੀਆ ਏਜੰਸੀ ਆਈਐਸਆਈ ਦਾ ਏਜੰਟ : ਅਕਾਲੀ ਦਲ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਸੌਲੀ ਵਿਖੇ ਲਿਟਰੇਰੀ ਫੈਸਟ ਦੌਰਾਨ ਕੀਤੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਸਰਦਾਰ ਮਹੇਸ਼ਇੰਦਰ ਨੇ ਕਿਹਾ ਕਿ ਸਿੱਧੂ ਭਾਰਤ ‘ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਏਜੰਟ ਹੈ।
ਉਹਨਾਂ ਕਿਹਾ ਕਿ ਸਿੱਧੂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਵੈ-ਘੋਸ਼ਿਤ ਬੁਲਾਰਾ ਅਤੇ ਨੁੰਮਾਇਦਾ ਬਣ ਚੁੱਕਿਆ ਹੈ ਜੋ ਕਿ ਲਗਾਤਾਰ ਇਮਰਾਨ ਅਤੇ ਪਾਕਿਸਤਾਨ ਦੀ ਤਾਰੀਫ ਕਰਦਾ ਆ ਰਿਹਾ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸਿੱਧੂ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਉਸ ਦੀ ਛੁੱਟੀ ਕਰਕੇ ਵਿਖਾ ਦੇਣ ਕਿ ਉਹ ਇੱਕ ਦੇਸ਼ਭਗਤ ਸਿਪਾਹੀ ਹਨ।
ਮੰਤਰੀ ਨਵਜੋਤ ਸਿੱਧੂ ਨੂੰ ਪਾਕਿਸਤਾਨ ਨੂੰ ਲੈ ਕੇ ਦਿੱਤੇ ਬਿਆਨ ‘ਤੇ ਪਲਟਵਾਰ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਹਰਸਿਮਰਤ ਨੇ ਕਿਹਾ ਕਿ ਜੇਕਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਨਾਲ ਇੰਨਾ ਹੀ ਪਿਆਰ ਹੈ ਤਾਂ ਉਹ ਸਭ ਤੋਂ ਪਹਿਲਾਂ ਸਰਹੱਦ ਤੋਂ ਹੋ ਰਹੀ ਨਸ਼ੇ ਦੀ ਸਮਗਲਿੰਗ ਨੂੰ ਬੰਦ ਕਰਨ। ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।