ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਕਟਾਈ ‘ਚ ਵਿਘਨ ਪੈਦਾ ਕਰਨ ਲਈ ਕਿਹਾ ਤਾਂ ਕਿ ਨਮੀ ਹੋ ਸਕੇ ਘੱਟ
ਮੀਂਹ ਕਾਰਨ ਨਮੀ ਦੀ ਮਾਤਰਾ ਆਈ ਸੀ ਝੋਨੇ ਵਿੱਚ ਜ਼ਿਆਦਾ
ਚੰਡੀਗੜ
ਪੰਜਾਬ ਵਿੱਚ ਝੋਨੇ ਦੀ ਕਟਾਈ ਵਿੱਚ ਕਿਸਾਨਾਂ ਦਾ ਸਾਥ ਦੇਣ ਦੀ ਥਾਂ ‘ਤੇ ਡਿਪਟੀ ਕਮਿਸ਼ਨਰ ਉਸ ਵਿੱਚ ਵਿਘਨ ਪਾਉਣ ਦੀ ਕੋਸ਼ਸ਼ ਕਰਨਗੇ, ਕਿਉਂਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਆਦੇਸ਼ ਚੰਡੀਗੜ੍ਹ ਤੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ਤਾਂ ਕਿ ਪੰਜਾਬ ਵਿੱਚ ਸਤੰਬਰ ਦੇ ਤੀਜੇ ਹਫ਼ਤੇ ਪਏ ਮੀਂਹ ਕਾਰਨ ਨਮੀ ਦੀ ਜ਼ਿਆਦਾ ਮਾਤਰਾ ਵਾਲਾ ਝੋਨਾ ਮੰਡੀਆਂ ਵਿੱਚ ਨਾ ਆ ਸਕੇ।ਇਸ ਸਬੰਧੀ ਖ਼ੁਦ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਦਬੀ ਜੁਬਾਨ ਵਿੱਚ ਪੁਸ਼ਟੀ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ ਝੋਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਅਗਲੇ 12-14 ਦਿਨਾਂ ਤੱਕ ਮੁਕੰਮਲ ਝੋਨੇ ਦੀ ਖਰੀਦ ਵੀ ਹੋ ਜਾਂਦੀ ਹੈ ਪਰ ਇਸ ਸਾਲ 10 ਅਕਤੂਬਰ ਤੱਕ ਝੋਨੇ ਦੀ ਖਰੀਦ ਨਾ ਮਾਤਰ ਹੀ ਹੋਈ ਹੈ, ਜਿਸ ਪਿੱਛੇ ਸਭ ਤੋਂ ਵੱਡਾ ਕਾਰਨ ਸਤੰਬਰ ਮਹੀਨੇ ਵਿੱਚ ਪਿਆ ਮੀਂਹ ਹੈ।
ਮੀਂਹ ਕਾਰਨ ਝੋਨੇ ਦਾ ਜ਼ਿਆਦਾ ਨੁਕਸਾਨ ਹੋ ਗਿਆ ਸੀ ਅਤੇ ਖੇਤਾਂ ਵਿੱਚ ਕਈ ਕਈ ਦਿਨ ਤੱਕ ਪਾਣੀ ਖੜ੍ਹਾ ਰਹਿਣ ਦੇ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ 30 ਫੀਸਦੀ ਨੂੰ ਪਾਰ ਕਰ ਗਈ ਸੀ। ਇਸ ਸਮੇਂ ਵੀ ਝੋਨੇ ਵਿੱਚ ਨਮੀ ਦੀ ਮਾਤਰਾ 23 ਤੋਂ 27 ਫੀਸਦੀ ਤੱਕ ਚੱਲ ਰਹੀ ਹੈ, ਜਦੋਂ ਕਿ ਸਰਕਾਰ ਨਿਯਮਾਂ ਅਨੁਸਾਰ 17 ਤੋਂ ਜਿਆਦਾ ਨਮੀ ਦੀ ਮਾਤਰਾ ਨਹੀਂ ਲਈ ਜਾ ਸਕਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਨਮੀ ਦੀ ਮਾਤਰਾ ਸਬੰਧੀ ਕੋਈ ਰਾਹਤ ਵੀ ਨਹੀਂ ਦਿੱਤੀ ਗਈ ਹੈ।
ਜ਼ਿਆਦਾ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਨਾ ਆ ਜਾਵੇ, ਇਸ ਲਈ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਹੀ ਆਦੇਸ਼ ਦਿੱਤੇ ਹਨ ਕਿ ਉਹ ਗੱਲਬਾਤ ਤੋਂ ਲੈ ਕੇ ਹਰ ਹੀਲਾ ਅਪਣਾਉਂਦੇ ਹੋਏ ਝੋਨੇ ਦੀ ਕਟਾਈ ਹੌਲੀ ਕਰਵਾਉਣ ਤਾਂ ਕਿ ਨਮੀ ਦੀ ਮਾਤਰਾ ਵਿੱਚ ਕਟੌਤੀ ਆ ਸਕੇ। ਜੇਕਰ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਆ ਗਿਆ ਤਾਂ ਸਰਕਾਰ ਨਮੀ ਜ਼ਿਆਦਾ ਹੋਣ ਕਾਰਨ ਖਰੀਦ ਨਹੀਂ ਪਾਵੇਗੀ, ਜਿਸ ਨਾਲ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਸਰਕਾਰ ਨੂੰ ਹੋਣਾ ਪਵੇਗਾ। ਇਸੇ ਕਾਰਨ ਡਿਪਟੀ ਕਮਿਸ਼ਨਰਾਂ ਨੂੰ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਝੋਨੇ ਵਿੱਚ ਨਮੀ ਦੀ ਮਾਤਰਾ ਜਿਆਦਾ ਹੈ, ਜਿਹਨੂੰ ਕਿ ਤੈਅ ਨਿਯਮਾਂ ਅਨੁਸਾਰ ਖਰੀਦ ਨਹੀਂ ਕੀਤਾ ਜਾ ਸਕਦਾ ਹੈ। ਮੰਡੀਆਂ ਵਿੱਚ ਝੋਨਾ ਲੈ ਕੇ ਬੈਠਣ ਦੀ ਥਾਂ ‘ਤੇ ਜੇਕਰ ਲੇਟ ਕਟਾਈ ਕਰਕੇ ਕਿਸਾਨ ਝੋਨੇ ਨੂੰ ਲੈ ਕੇ ਆਉਣਗੇ ਤਾਂ ਉਨ੍ਹਾਂ ਨੂੰ ਹੀ ਫਾਇਦਾ ਹੋਣਾ ਹੈ। ਇਸ ਵਿੱਚ ਡਿਪਟੀ ਕਮਿਸ਼ਨਰ ਨੂੰ ਵੀ ਆਪਣੇ ਆਪਣੇ ਤਰੀਕੇ ਨਾਲ ਸਮਝਾਉਣ ਅਤੇ ਰੋਕਣ ਲਈ ਕਿਹਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।