ਆਪਣੇ ਸੰਘਰਸ਼ ਦਾ ਸਿਆਸੀਕਰਨ ਨਹੀਂ ਕਰਨਾ ਚਾਹੁੰਦੇ : ਅਧਿਆਪਕ ਆਗੂ
ਅਧਿਆਪਕਾਂ ਦਾ ਮਰਨ ਵਰਤ ਤੇ ਪੱਕਾ ਮੋਰਚਾ ਦੂਜੇ ਦਿਨ ‘ਚ ਸ਼ਾਮਲ
ਖੁਸ਼ਵੀਰ ਸਿੰਘ ਤੂਰ, ਪਟਿਆਲ
ਪੰਜਾਬ ਕੈਬਨਿਟ ਵੱਲੋਂ ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ‘ਚ ਕਟੌਤੀਆਂ ਕਰਨ ਦੇ ਫੈਸਲੇ ਖਿਲਾਫ ਪੱਕਾ ਮੋਰਚਾ ਲਾ ਕੇ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਦੇ ਹੱਕ ਵਿੱਚ ਆਏ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸਰਬਜੀਤ ਕੌਰ ਮਾਣੂੰਕੇ ਨੂੰ ਅਧਿਆਪਕਾਂ ਵੱਲੋਂ ਆਪਣੀ ਸਟੇਜ ਤੋਂ ਬੋਲਣ ਨਾ ਦਿੱਤਾ ਗਿਆ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਉਹ ਆਪਣੇ ਮੋਰਚੇ ਦਾ ਸਿਆਸੀਕਰਨ ਨਹੀਂ ਕਰਵਾਉਣਾ ਚਾਹੁੰਦੇ। ਉਂਜ ਉਨ੍ਹਾਂ ਆਪਣੇ ਹੱਕ ਵਿੱਚ ਪੁੱਜੇ ਇਨ੍ਹਾਂ ਆਪ ਆਗੂਆਂ ਦਾ ਧੰਨਵਾਦ ਕੀਤਾ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਦੇ ਪੱਕੇ ਕਰਨ ਸਬੰਧੀ ਕੀਤੇ ਅਜੀਬੋ-ਗਰੀਬ ਫੈਸਲੇ ਖਿਲਾਫ਼ ਇਹ ਅਧਿਆਪਕ ਐਤਵਾਰ ਤੋਂ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਪੱਕਾ ਮੋਰਚਾ ਲਾਕੇ ਮਰਨ ਵਰਤ ਤੇ ਡੱਟ ਗਏ। ਅੱਜ ਇਨ੍ਹਾਂ ਅਧਿਆਪਕਾਂ ਦੇ ਮਰਨ ਵਰਤ ਦਾ ਦੂਜਾ ਦਿਨ ਸੀ। ਇਨ੍ਹਾਂ ਦੀ ਹਮਾਇਤ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਬੀਬੀ ਸਰਬਜੀਤ ਕੌਰ ਮਾਨੂੰਕੇ ਦੁਪਿਹਰ ਵੇਲੇ ਪੁੱਜੇ, ਪਰ ਇਨ੍ਹਾਂ ਅਧਿਆਪਕਾਂ ਨੇ ਆਪ ਆਗੂਆਂ ਨੂੰ ਆਪਣੀ ਸਟੇਜ ਦੇ ਨੇੜੇ ਨਾ ਲੱਗਣ ਦਿੱਤਾ।
ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਆਪਣੇ ਹੱਕ ਦੀ ਲੜਾਈ ਲੜ੍ਹ ਰਹੇ ਹਨ ਅਤੇ ਉਹ ਇੱਥੇ ਕਿਸੇ ਵੀ ਸਿਆਸੀ ਆਗੂ ਨੂੰ ਰਾਜਨੀਤੀ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਇੱਕ ਪਾਰਟੀ ਦੇ ਆਗੂ ਨੂੰ ਬੋਲਣ ਦੇ ਦਿੱਤਾ ਗਿਆ ਤਾਂ ਦੂਜੀਆਂ ਪਾਰਟੀਆਂ ਦੇ ਆਗੂ ਵੀ ਆਪਣੀ ਰਾਜਨੀਤੀ ਚਮਕਾਉਣ ਲਈ ਇੱਥੇ ਪੁੱਜ ਜਾਣਗੇ ਅਤੇ ਉਨ੍ਹਾਂ ਦੇ ਸੰਘਰਸ ਦਾ ਰਾਹ ਭਟਕ ਜਾਵੇਗਾ। ਆਗੂਆਂ ਨੇ ਕਿਹਾ ਕਿ ਉਹ ਆਪ ਦੇ ਆਗੂਆਂ ਦਾ ਉਨਾਂ ਦੇ ਹੱਕ ਵਿੱਚ ਆਉਣ ਲਈ ਧੰਨਵਾਦ ਕਰਦੇ ਹਨ। ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਆਧਿਆਪਕਾਂ ਦੀ ਗੱਲ ਸੁਣਨ ਤੋਂ ਬਾਅਦ ਉੱਥੋਂ ਚਲੇ ਗਏ।
ਇੱਧਰ ਗੁਰੂਦੁਆਰਾ ਦੁੱਖਨਿਵਾਰਨ ਸਾਹਿਬ ਸਾਹਮਣੇ ਚੱਲ ਰਹੇ ਪੱਕੇ ਮੋਰਚੇ ਵਿੱਚ ਇਕੱਤਰ ਗੁਰਦਾਸਪੁਰ, ਪਠਾਨਕੋਟ ਅਤੇ ਪਟਿਆਲਾ ਸਮੇਤ ਵੱਖ ਵੱਖ ਜਿਲਿਆਂ ਤੋਂ ਪਹੁੰਚੇ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਤੇ ਸੂਬਾ ਕੋ ਕਨਵੀਨਰਾਂ ਦੀਦਾਰ ਸਿੰਘ ਮੁੱਦਕੀ, ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 8886 ਐੱਸ.ਐੱਸ.ਏ, ਰਮਸਾ, ਆਦਰਸ, ਮਾਡਲ ਸਕੂਲ ਅਧਿਆਪਕਾਂ ਦੀਆਂ ਤਨਖਾਹਾਂ ਚ 65 ਫੀਸਦੀ ਤੋਂ 75 ਫੀਸਦੀ ਕਟੌਤੀ ਕਰਕੇ 15,000 ਕਰਨ ਦੇ ਮਾੜੇ ਫੈਸਲੇ ਨੂੰ ਲੋਕ ਕਚਿਹਰੀ ਵਿੱਚ ਰੱਖਦਿਆਂ ਰੱਜ ਕੇ ਭੰਡਿਆਂ। ਆਗੂਆਂ ਨੇ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਦੀ ਥਾਂ ਮਿਲਦੀ ਛੇ ਹਜ਼ਾਰ ਤਨਖਾਹ ਵੀ ਰੋਕਣ ਵਰਗੇ ਅਧਿਆਪਕ ਵਿਰੋਧੀ ਕਦਮਾਂ ਦਾ ਡੱਟ ਕੇ ਵਿਰੋਧ ਕੀਤਾ।
ਇਹ ਬੈਠੇ ਨੇ ਮਰਨ ਵਰਤ ਤੇ
ਮਰਨ ਵਰਤ ‘ਤੇ ਬੈਠੇ 11 ਅਧਿਆਪਕਾਂ ‘ਚ ਹਰਜੀਤ ਜੀਦਾ, ਰਾਮੇਸ਼ ਮੱਕੜ, ਰਤਨਜੋਤ ਸ਼ਰਮਾ, ਸਤਨਾਮ ਸਿੰਘ, ਦਲਜੀਤ ਸਿੰਘ ਖਾਲਸਾ, ਸ਼ਮਿੰਦਰ ਸਿੰਘ, ਜਸਵੰਤ ਸਿੰਘ, ਜਸਵਿੰਦਰ ਸਿੰਘ, ਪ੍ਰਭਦੀਪ ਸਿੰਘ, ਬਚਿੱਤਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰਦਿਆਂ ਅਧਿਆਪਕ ਮੰਗਾਂ ਦੇ ਹੱਕ ਵਿੱਚ ਸੰਘਰਸ਼ ਜਾਰੀ ਰੱਖਣ ਦਾ ਸੁਨੇਹਾ ਵੀ ਦਿੱਤਾ।
ਸਿੱਖਿਆ ਮੰਤਰੀ ਫਿਰ ਧਰਨਾਕਾਰੀ ਅਧਿਆਪਕਾਂ ‘ਤੇ ਭੜਕੇ
ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਅਧਿਆਪਕ ਸਕੂਲ ‘ਚ ਪੜ੍ਹਾਈ ਦੇ ਸਮੇਂ ਧਰਨਾ ਨਾ ਦੇਣ ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਸਿਆਸਤ ਕਰਨ ਦਾ ਸ਼ੌਂਕ ਹੈ ਤਾਂ ਅਸਤੀਫਾ ਦੇ ਦੇਣ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਧਿਆਪਕ ਧਰਨੇ ਤੋਂ ਵਾਪਸ ਨਾ ਆਏ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।