ਸ਼ੁਰੂਆਤੀ ਦੌਰ ‘ਚ ਹੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ ਸਰਕਾਰ ਦੀ ਅੱਗ ਨਾ ਲਾਉਣ ਦੀ ਮੁਹਿੰਮ
ਨਾਇਬ ਤਹਿਸੀਲਦਾਰ ਦੇ ਭਰੋਸੇ ਤੋਂ ਬਾਅਦ ਪਟਵਾਰੀ ਨੂੰ ਦਿੱਤਾ ਗਿਆ ਜਾਣ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਮੁਹਿੰਮ ਸ਼ੁਰੂਆਤੀ ਦੌਰ ਵਿੱਚ ਹੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਅੱਜ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੀ ਗਿਰਦਾਵਰੀ ਕਰਨ ਗਏ ਇੱਕ ਪਟਵਾਰੀ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ। ਆਲਮ ਇਹ ਰਿਹਾ ਕਿ ਪਟਵਾਰੀ ਕਿਸਾਨਾਂ ਅੱਗੇ ਬੇਵੱਸ ਹੋ ਕੇ ਰਹਿ ਗਿਆ ਤੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਪਰਾਲੀ ਦੇ ਮਾਮਲੇ ‘ਚ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਪਿੰਡ ਫਤਿਹਪੁਰ ਵਿਖੇ ਕੁਝ ਕਿਸਾਨਾਂ ਵੱਲੋਂ ਆਪਣਾ ਝੋਨਾ ਕੁਝ ਦਿਨ ਪਹਿਲਾਂ ਵੱਢਿਆ ਗਿਆ ਸੀ ਤੇ ਉਸ ਦੇ ਬਚਦੇ ਪਰਾਲੀ ਦੇ ਨਾੜ ਨੂੰ ਅੱਗ ਲਾਈ ਗਈ ਸੀ। ਸਰਕਾਰ ਵੱਲੋਂ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਨੂੰ ਲੈ ਕੇ ਸਖਤ ਕਾਰਵਾਈ ਕਰਨ ਦਾ ਆਦੇਸ਼ ਚਾੜ੍ਹਿਆ ਹੋਇਆ ਹੈ, ਜਿਸ ਕਾਰਨ ਅੱਜ ਸਬੰਧਿਤ ਹਲਕਾ ਪਟਵਾਰੀ ਅਮਰਿੰਦਰ ਸਿੰਘ ਅੱਗ ਲਾਉਣ ਵਾਲੇ ਕਿਸਾਨਾਂ ਦੀ ਗਿਰਦਵਾਰੀ ਕਰਨ ਗਿਆ ਸੀ ਕਿ ਕਿਸ-ਕਿਸ ਕਿਸਾਨ ਨੇ ਆਪਣੀ ਪਰਾਲੀ ਨੂੰ ਅੱਗ ਲਗਾਈ ਹੈ, ਤਾਂ ਜੋ ਅੱਗੇ ਰਿਪੋਰਟ ਭੇਜੀ ਜਾ ਸਕੇ।
ਇਸ ਬਾਰੇ ਜਦੋਂ ਕਿਸਾਨਾਂ ਨੂੰ ਭਿਣਕ ਪਈ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਕਾਰਕੁੰਨਾਂ ਨੇ ਪਟਵਾਰੀ ਅਮਰਿੰਦਰ ਸਿੰਘ ਨੂੰ ਪਿੰਡ ਦੀ ਸਾਂਝੀ ਥਾਂ ‘ਤੇ ਕੁਰਸੀ ‘ਤੇ ਬਿਠਾ ਲਿਆ ਤੇ ਉਸਦੇ ਆਲੇ-ਦੁਆਲੇ ਕਿਸਾਨ ਇਕੱਠੇ ਹੋ ਗਏ। ਪਟਵਾਰੀ ਦੇ ਬੰਧਕ ਦੀ ਖਬਰ ਤੋਂ ਬਾਅਦ ਪ੍ਰਸ਼ਾਸਨ ‘ਚ ਭਾਜੜਾਂ ਪੈ ਗਈਆਂ ਤੇ ਤਹਿਸੀਲਦਾਰ ਮੌਕੇ ‘ਤੇ ਪਿੰਡ ਪੁੱਜੇ। ਇਸ ਮੌਕੇ ਨਾਇਬ ਤਹਿਸੀਲਦਾਰ ਵੱਲੋਂ ਆਪਣਾ ਬਚਾਅ ਕਰਦਿਆਂ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਪਟਵਾਰੀ ਤਾਂ ਸਾਉਣੀ ਦੀ ਫਸਲ ਦੀ ਗਿਰਦਵਾਰੀ ਕਰਨ ਆਇਆ ਸੀ ਤੇ ਕਿਸਾਨਾਂ ਨੂੰ ਗਲਤ ਫਹਿਮੀ ਹੋ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦਾ ਕੋਈ ਆਦੇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਲੈਵਲ ਦਾ ਹੈ। ਨਾਇਬ ਤਹਿਸੀਲਦਾਰ ਦੇ ਭਰੋਸੇ ਤੋਂ ਬਾਅਦ ਹੀ ਪਟਵਾਰੀ ਨੂੰ ਕਿਸਾਨਾਂ ਵੱਲੋਂ ਜਾਣ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।