ਲੰਬੀ ਤੇ ਪਟਿਆਲਾ ‘ਚ ਕਾਂਗਰਸ ਤੇ ਅਕਾਲੀ ਦਲ ਨੇ ਇੱਕ-ਦੂਜੇ ‘ਤੇ ਕੀਤੀ ਦੂਸ਼ਣਬਾਜ਼ੀ
ਅਕਾਲੀ ਦਲ ਵੱਲੋਂ ਰੈਲੀ ‘ਚ ਡੇਢ ਲੱਖ ਲੋਕ ਪੁੱਜਣ ਦਾ ਦਾਅਵਾ, ਅਮਰਿੰਦਰ ਨੇ ਕਿਹਾ ਅਕਾਲੀਆਂ ਦੀਆਂ ਸਿਰਫ਼ 19 ਹਜ਼ਾਰ ਕੁਰਸੀਆਂ ਭਰੀਆਂ
ਗੁਰਧਾਮਾਂ ‘ਤੇ ਕਬਜ਼ਾ ਕਰਨ ਲਈ ਕਾਂਗਰਸ ਨੇ ਅਖੌਤੀ ਸਿੱਖ ਜਥੇਬੰਦੀਆਂ ਨਾਲ ਕੀਤਾ ਗੱਠਜੋੜ : ਬਾਦਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਕੁਝ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਦੇ ਬਾਵਜ਼ੂਦ ਸ੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ‘ਚ ਅੱਜ ਕੀਤੀ ਗਈ ਜ਼ਬਰ ਵਿਰੋਧੀ ਰੈਲੀ ਇਕੱਠ ਪੱਖੋਂ ਪੂਰੀ ਤਰ੍ਹਾਂ ਸਫਲ ਰਹੀ। ਇਸ ਰੈਲੀ ਦੌਰਾਨ ਅਕਾਲੀ ਦਲ ਦੇ ਨਿਸ਼ਾਨੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਰਹੇ।
ਰੈਲੀ ਦੇ ਇਕੱਠ ਰਾਹੀਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸਾਬਤ ਕਰ ਦਿੱਤਾ ਹੈ?ਕਿ ਲੋਕ ਸਭਾ ਚੋਣਾਂ ‘ਚ ਅਕਾਲੀ ਦਲ ਹੀ ਕਾਂਗਰਸ ਨੂੰ ਟੱਕਰ ਦੇਵੇਗਾ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੇ ਆਪ ਨੂੰ ਪੰਜਾਬੀਆਂ ਦੀ ਪੰਥਕ ਪਾਰਟੀ ਗਰਦਾਨਦਿਆਂ, ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਨ ਪਾਰਟੀ ਅਤੇ ਬਰਗਾੜੀ ਵਿੱਚ ਬੈਠੇ ਲੋਕਾਂ ਨੂੰ ਨਕਲੀ ਸਿੱਖ ਜਥੇਬੰਦੀਆਂ ਕਰਾਰ ਦਿੱਤਾ ਗਿਆ, ਜੋ ਕਿ ਬੇਅਦਬੀ ਦੇ ਨਾਂਅ ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਸਮੇਤ ਬਾਹਰੋਂ ਸਿਰਫ਼ ਪੈਸਾ ਇਕੱਠਾ ਕਰਨ ਲੱਗੀਆਂ ਹੋਈਆਂ ਹਨ।
ਅਕਾਲੀ ਆਗੂਆਂ ਨੇ ਇਸ ਰੈਲੀ ਨੂੰ ਰੈਲੀ ਨਾ ਕਹਿ ਕੇ ‘ਰੈਲਾ’ ਆਖਿਆ ਅਤੇ ਸਵੇਰ ਤੋਂ ਬੈਠੇ ਲੋਕ ਅੰਤ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਣ ਤੱਕ ਡਟੇ ਰਹੇ। ਇਸ ਰੈਲੀ ਵਿੱਚ ਮਾਝੇ ਦੇ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾ, ਰਤਨ ਸਿੰਘ ਅਜਨਾਲਾ ਅਤੇ ਮਾਲਵੇ ਦੇ ਆਗੂ ਸੁਖਦੇਵ ਸਿੰਘ ਢੀਡਸਾ ਗੈਰ-ਹਾਜਰ ਰਹੇ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਖਾਲਸਾ ਪੰਥ ਸਿੱਖ ਕੌਮ ਦੀ ਦੁਸ਼ਮਣ ਕਾਂਗਰਸ ਪਾਰਟੀ ਨੂੰ ਕਦੇ ਵੀ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਅਤੇ ਸਿੱਖ ਕੌਮ ਦੀ ਤਕਦੀਰ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।
ਬਾਦਲ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਬੇਅਦਬੀ ਦੇ ਮੁੱਦੇ ‘ਤੇ ਉਹਨਾਂ ਦੀ ਪਾਰਟੀ ਖ਼ਿਲਾਫ ਲਾਏ ਜਾ ਰਹੇ ਸਾਰੇ ਝੂਠੇ ਦੋਸ਼ ਕਾਂਗਰਸ ਪਾਰਟੀ ਦੀ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਲਈ ਰਚੀ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ ਜਿਸ ਤਹਿਤ ਕਾਂਗਰਸ ਦਾ ਅਸਲੀ ਮੰਤਵ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿਟ ਦੇਣਾ ਹੈ। ਉਹਨਾਂ ਕਿਹਾ ਕਿ ਹੁਣ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਦੀ ਆਪਣੀ ਨੀਅਤ ਬਾਰੇ ਜਨਤਕ ਤੌਰ ਤੇ ਐਲਾਨ ਕਰਕੇ ਬਿੱਲੀ ਨੂੰ ਥੈਲੇ ਵਿਚੋਂ ਬਾਹਰ ਕੱਢ ਦਿੱਤਾ ਹੈ। ਕੁਝ ਅਖੌਤੀ ਸਿੱਖ ਜਥੇਬੰਦੀਆਂ, ਜਿਹਨਾਂ ਨੇ ਹਮੇਸ਼ਾ ਹੀ ਅਕਾਲੀ ਦਲ ਦਾ ਵਿਰੋਧ ਕੀਤਾ ਹੈ ਸਿੱਖ-ਵਿਰੋਧੀ ਕਾਂਗਰਸ ਪਾਰਟੀ ਨਾਲ ਰਲੀਆਂ ਹੋਈਆਂ ਹਨ
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਕੇ ਪੰਜਾਬ ਦੇ ਲੋਕਾਂ ਸਭ ਤੋਂ ਵੱਡਾ ਵਿਸ਼ਵਾਸ਼ਘਾਤ ਕੀਤਾ ਹੈ। ਇਸ ਦੇ ਮੁੱਖ ਆਗੂਆਂ ਵਿਚੋਂ ਇੱਕ ਨਵਜੋਤ ਸਿੱਧੂ ਦੀ ਪਤਨੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਰਕਾਰੀ ਖਜ਼ਾਨੇ ਵਿਚ ਪੈਸਿਆਂ ਦੀ ਕਮੀ ਨਹੀਂ ਹੈ, ਪਰ ਇਹ ਪੈਸਾ ਮੰਤਰੀ ਲੁੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਮਾਲਵੇ ਵਿੱਚ ਰੈਲੀ ਕਰਨ ਤੋਂ ਬਾਅਦ ਹੁਣ ਮਾਝੇ ਅਤੇ ਦੁਆਬੇ ਵਿੱਚ ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗਾ। ਸਟੇਜ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ ਹੁਣ ਇਸ ਰੈਲੀ ਦੀ ਤਰ੍ਹਾਂ ਮਾਝੇ ਅਤੇ ਦਆਬੇ ਵਿੱਚ ਵੀ ਉੱਥੋਂ ਦੇ ਅਗੂਆਂ ਨਾਲ ਤਾਲਮੇਲ ਰੈਲੀ ਕਰਨ ਤਾ ਜੋਂ ਉੱਧਰ ਦੇ ਲੋਕਾਂ ਨੂੰ ਅਮਰਿੰਦਰ ਸਰਕਾਰ ਦੀ ਅਸਲੀਅਤ ਜਾਣੂ ਕਰਵਾਈ ਜਾਵੇ।
ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਵਿਰੁੱਧ ਕੀਤੀ ਇਸ ਜਬਰ ਵਿਰੋਧੀ ਰੈਲੀ ਵਿਚ ਡੇਢ ਲੱਖ ਦੇ ਕਰੀਬ ਲੋਕਾਂ ਦੇ ਪੁੱਜੇ ਹੋਣ ਦਾ ਦਾਅਵਾ ਕੀਤਾ ਗਿਆ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸਲੀ ਦੈਂਤ ਉਹ ਸਨ, ਜਿਹਨਾਂ ਨੇ ਬਰਗਾੜੀ ਵਿਖੇ ਬੇਅਦਬੀ ਕੀਤੀ ਸੀ ਇਹ ਸਭ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਲਾਬੂੰ ਲਾਉਣ ਲਈ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਘਟਨਾ ਨੇ ਸਭ ਤੋਂ ਵੱਧ ਦੁੱਖ ਅਕਾਲੀ ਦਲ ਨੂੰ ਪਹੁੰਚਾਇਆ ਸੀ। ਕਾਂਗਰਸ ਨੇ ਇਸ ਘਟਨਾ ਦਾ ਇਸਤੇਮਾਲ ਸਾਨੂੰ ਬਦਨਾਮ ਕਰਨ ਲਈ ਕੀਤਾ ਸੀ ਅਤੇ ਅਜੇ ਇਸ ਨੇ ਉਹਨਾਂ ਲੋਕਾਂ ਨਾਲ ਜੁੰਡਲੀ ਬਣਾਈ ਹੋਈ ਹੈ, ਜਿਹੜੇ ਧਰਮ ਦੇ ਨਾਂ ਉੱਤੇ ਪੈਸੇ ਇਕੱਠੇ ਕਰਨ ਲਈ ਪੰਥ ਦਾ ਇਸਤੇਮਾਲ ਕਰ ਰਹੇ ਹਨ
ਉਨ੍ਹਾਂ ਕਿਹਾ ਅੱਜ ਦੇ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਕੌਣ ਸਹੀ ਹੈ ਅਤੇ ਕੌਣ ਗਲਤ। ਸੁਖਬੀਰ ਬਾਦਲ ਨੇ ਕਿਹਾ ਕਿ ਜਿੱਥੇ ਤਕ ਆਪ ਆਗੂ ਸੁਖਪਾਲ ਖਹਿਰਾ ਦਾ ਸੰਬੰਧ ਹੈ, ਉਸ ਦੇ ਮਨ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਲਈ ਕੋਈ ਸਤਿਕਾਰ ਨਹੀਂ ਹੈ, ਉਹ ਸਿਰਫ ਪੈਸੇ ਕਮਾਉਣ ਦੇ ਲਾਲਚ ਵਿਚ ਅੱਜ ਬਰਗਾੜੀ ਗਿਆ ਸੀ,
ਲੰਬੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੇੜੀ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਡੇਢ ਸਾਲ ਮਗਰੋਂ ਕੈਪਟਨ ਨੂੰ ਲੰਬੀ ਆਉਣ ਦਾ ਸਮਾਂ ਮਿਲ ਗਿਆ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਲੋਕ ਸਭਾ ਸੀਟ ਜਿੱਤਣ ਮਗਰੋਂ ਉਹ ਕਦੇ ਵੀ ਅੰਮ੍ਰਿਤਸਰ ਨਹੀਂ ਸੀ ਗਿਆ। ਉਹਨਾਂ ਕਿਹਾ ਕਿ 2017 ਵਿਚ ਇਸ ਸ਼ਹਿਰ ਤੋਂ ਜਿੱਤਣ ਮਗਰੋਂ ਉਸ ਨੇ ਕਦੇ ਪਟਿਆਲਾ ਵਿਚ ਚੱਕਰ ਨਹੀਂ ਮਾਰਿਆ।
ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕਿਸ ਤਰ੍ਹਾਂ ਬੀਬੀ ਨਵਜੋਤ ਕੌਰ ਸਿੱਧੂ ਸਮੇਤ ਕਾਂਗਰਸੀ ਆਗੂ ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਰੋਣਾ ਰੋ ਰਹੇ ਹਨ ਉਹਨਾਂ ਕਾਂਗਰਸ ਸਰਕਾਰ ਨੂੰ ਪੁੱਛਿਆ ਕਿ ਲੋਕਾਂ ਨੂੰ 32 ਲੱਖ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਹੋਇਆ?
ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਤੋਤਾ ਸਿੰਘ, ਸਾਬਕਾ ਮੰਤਰੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਡਾਕਟਰ ਦਲਜੀਤ ਸਿੰਘ ਚੀਮਾ, ਪਰਮਿੰਦਰ ਸਿੰਘ ਢੀਂਡਸਾ ਅਤੇ ਹਰਿੰਦਰਪਾਲ ਚੰਦੂਮਾਜਰਾ ਨੇ ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਵਤੀਰੇ ਦਾ ਪੋਲ ਖੋਲ੍ਹੀ
ਝਲਕੀਆਂ
ਅਕਾਲੀ ਦਲ ਦੀ ਰੈਲੀ ‘ਚ ਨਹੀਂ ਪੁੱਜੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ
ਭਾਜਪਾ ਪ੍ਰਧਾਨ ਸਮੇਤ ਸਾਰੇ ਬੁਲਾਰਿਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਿਆ ਸਿਰਮੌਰ ਆਗੂ
ਅਕਾਲੀ ਆਗੂਆਂ ਦੇ ਨਿਸ਼ਾਨੇ ‘ਤੇ ਰਹੇ ਅਮਰਿੰਦਰ, ਸੁਖਪਾਲ ਖਹਿਰਾ, ਸੁਨੀਲ ਜਾਖੜ
ਸੁਖਬੀਰ ਬਾਦਲ ਦੀ ਜੁਬਾਨ ਫਿਰ ਥਿੜਕੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਪਿਤਾ ਸਮਾਨ
ਬਰਗਾੜੀ ਮਾਮਲੇ ‘ਚ ਸਿੱਟ ਦੀ ਜਾਂਚ ਮੁਤਾਬਿਕ ਹੀ ਬਾਦਲਾਂ ਖਿਲਾਫ਼ ਹੋਵੇਗੀ ਕਾਰਵਾਈ :ਅਮਰਿੰਦਰ
ਮੇਵਾ ਸਿੰਘ/ਸੁਖਜੀਤ ਮਾਨ, ਕਿੱਲਿਆਂਵਾਲੀ (ਲੰਬੀ)
ਪੰਜਾਬ ਕਾਂਗਰਸ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ‘ਚ ਪੈਂਦੇ ਪਿੰਡ ਕਿੱਲਿਆਂਵਾਲੀ ‘ਚ ਕੀਤੀ ਗਈ ਰੈਲੀ ‘ਚ ਮੁੱਦਿਆਂ ਦੀਆਂ ਭੰਡੀ ਪ੍ਰਚਾਰ ਹੀ ਭਾਰੂ ਰਿਹਾ ਰੈਲੀ ਲਈ ਬਣਾਇਆ ਹੋਇਆ ਪੰਡਾਲ ਖਚਾਖਚ ਭਰਿਆ ਹੋਇਆ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਰੀਬ ਸਾਰੇ ਹੀ ਬੁਲਾਰਿਆਂ ਦੇ ਨਿਸ਼ਾਨੇ ‘ਤੇ ਬਾਦਲ ਪਰਿਵਾਰ ਰਿਹਾ ਭਾਵੇਂ ਇਹ ਰੈਲੀ ਬਰਗਾੜੀ ਕਾਂਡ ਦੇ ਪਿਛੋਕੜ ‘ਚ ਅਕਾਲੀ ਦਲ ਦੀ ਭੰਡੀ ਲਈ ਕੀਤੀ ਗਈ ਸੀ ਪਰ ਇਹ ਗੱਲ ਕੋਈ ਬੁਲਾਰਾ ਨਹੀਂ ਭੁੱਲਿਆ, ਜਿਸਨੇ ਸਾਲ 2019 ‘ਚ ਕਾਂਗਰਸ ਨੂੰ ਲੋਕ ਸਭਾ ਚੋਣਾਂ ‘ਚ ਪੰਜਾਬ ‘ਚੋਂ ਸਾਰੀਆਂ ਸੀਟਾਂ ਜਿਤਾਉਣ ਦਾ ਵਾਸਤਾ ਨਾ ਪਾਇਆ ਹੋਵੇ
ਰੈਲੀ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਤੋਂ ਪੱਤਰਕਾਰ ਪੁੱਛਦੇ ਨੇ ਕਿ ਤੁਸੀਂ ਰੈਲੀਆਂ ਕਿਉਂ ਕਰਦੇ ਹੋ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਹਮੋ-ਸਾਹਮਣੇ ਮਿਲਣ ਲਈ ਰੈਲੀ ਕੀਤੀ ਹੈ ਕੈਪਟਨ ਦੇ ਇਹ ਕਹਿੰਦਿਆਂ ਹੀ ਮੀਡੀਆ ਗੈਲਰੀ ‘ਚ ਬੈਠੇ ਪੱਤਰਕਾਰਾਂ ‘ਚ ਘੁਸਰ-ਮੁਸਰ ਸ਼ੁਰੂ ਹੋ ਗਈ ਕਿ ਲੋਕਾਂ ਨੂੰ ਆਹਮੋ-ਸਾਹਮਣੇ ਮਿਲਣ ਦੀ ਗੱਲ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਜਨਤਕ ਪ੍ਰੋਗਰਾਮਾਂ ‘ਚ ਬਹੁਤ ਹੀ ਘੱਟ ਵਿਚਰਦੇ ਹਨ
ਕੈਪਟਨ ਨੇ ਇਸ ਰੈਲੀ ਦੌਰਾਨ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਮਿਸ਼ਨ-13 ਦਾ ਆਗਾਜ਼ ਕਰਦਿਆਂ ਕਿਹਾ ਕਿ ਬਠਿੰਡਾ ਅਤੇ ਲੰਬੀ ਹਲਕਿਆਂ ਸਮੇਤ ਸੂਬੇ ਵਿੱਚ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ‘ਤੇ ਕਾਂਗਰਸ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਸੰਸਦੀ ਚੋਣਾਂ ਦੀ ਮੁਹਿੰਮ ਵਿੱਢਣ ਲਈ ਪੰਜਾਬ ਕਾਂਗਰਸ ਦਾ ਮਿਸ਼ਨ-13 ਪੋਸਟਰ ਵੀ ਜਾਰੀ ਕੀਤਾ। ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਰਾਜ ਦੌਰਾਨ ਨਸ਼ਿਆਂ ਦੀ ਰੋਕਥਾਮ ਲਈ ਕੋਈ ਕਦਮ ਨਹੀਂ ਚੁੱਕੇ ਜਦੋਂ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਐਸਆਈਟੀ ਦਾ ਗਠਨ ਕਰਕੇ ਨਸ਼ਿਆਂ ਨੂੰ ਠੱਲ ਪਾਈ ਗਈ
ਇਸ ਮੌਕੇ ਮੁੱਖ ਮੰਤਰੀ ਨੇ ਨਸ਼ਿਆਂ ਦੇ ਖ਼ਤਰੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਠਿੰਡਾ ਪੁਲੀਸ ਦੀ ਪੋਸਟਰ ਤੇ ਬੈਨਰ ਮੁਹਿੰਮ ਦਾ ਵੀ ਰਸਮੀ ਆਗਾਜ਼ ਕੀਤਾ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 10.25 ਲੱਖ ਕਿਸਾਨਾਂ ਦਾ ਦੋ-ਦੋ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ ਕਰਨ ਲਈ ਕਰਜ਼ਾ ਰਾਹਤ ਸਕੀਮ ਸ਼ੁਰੂ ਕੀਤੀ ਅਤੇ ਹੁਣ ਤੱਕ 337214 ਕਿਸਾਨਾਂ ਨੂੰ 2179 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਸਾਲ ਦੇ ਅੰਤ ਤੱਕ ਸਮੁੱਚੇ 10.5 ਲੱਖ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਕੀਮ ਦਾ ਲਾਭ ਦੇ ਦਿੱਤਾ ਜਾਵੇਗਾ।
ਸਰਕਾਰ ਵੱਲੋਂ ਨੌਕਰੀਆਂ ਦਿੱਤੇ ਜਾਣ ਦੇ ਵਾਅਦੇ ਦਾ ਜਿਕਰ ਕਰਦਿਆਂ ਕੈਪਟਨ ਨੇ ਆਖਿਆ ਕਿ ਹੁਣ ਤੱਕ 3 ਲੱਖ 93 ਹਜ਼ਾਰ 320 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਜਿਸਦੀ ਔਸਤ ਇੱਕ ਦਿਨ 800 ਜਣੇ ਨੂੰ ਨੌਕਰੀ ਦੇਣਾ ਬਣਦੀ ਹੈ ਉਨ੍ਹਾਂ ਬੇਅਦਬੀ ਮਾਮਲਿਆਂ, ਨਸ਼ਿਆਂ ਅਤੇ ਖੇਤੀ ਕਰਜ਼ਿਆਂ ਦੇ ਮਾਮਲਿਆਂ ‘ਤੇ ਬਾਦਲਾਂ ਨੂੰ ਦੋਸ਼ੀ ਠਹਿਰਾਉਂਦਿਆਂ ਆਖਿਆ ਕਿ ਭਾਵੇਂ ਉਹ ਬਾਦਲਾਂ ਜਾਂ ਕਿਸੇ ਹੋਰ ਖ਼ਿਲਾਫ ਸਿਆਸੀ ਬਦਲਾਖੋਰੀ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਨ੍ਹਾਂ ਨੇ ਐਲਾਨ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿੱਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ ਅਤੇ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਵੀਡੀਓ ਵੀ ਸਕਰੀਨਾਂ ‘ਤੇ ਵਿਖਾਈ ਗਈ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ
ਇਸ ਰੈਲੀ ਨੂੰ ਜੰਗਲਾਤ ਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਗਿੱਦੜਬਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਨੇ ਵੀ ਸੰਬੋਧਨ ਕੀਤਾ ਸਟੇਜ ਦੀ ਕਾਰਵਾਈ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਚਲਾਈ ਮੁੱਖ ਮੰਤਰੀ, ਹੋਰ ਆਗੂਆਂ ਤੇ ਰੈਲੀ ‘ਚ ਆਏ ਲੋਕਾਂ ਦਾ ਸਵਾਗਤ ਕਾਂਗਰਸ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਨ੍ਹਾਂ ਨੇ ਲੰਬੀ ਹਲਕੇ ਦੀਆਂ ਮੰਗਾਂ ਵੀ ਮੁੱਖ ਮੰਤਰੀ ਅੱਗੇ ਰੱਖੀਆਂ
ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਰੰਧਾਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਹੋਰਨਾਂ ਸਮੇਤ ਵੱਡੀ ਗਿਣਤੀ ‘ਚ ਕਾਂਗਰਸ ਵਿਧਾਇਕ ਹਾਜ਼ਰ ਸਨ।
ਝਲਕੀਆਂ
ਕਾਂਗਰਸ ਨੇ ਲੋਕ ਸਭਾ ਚੋਣਾਂ 2019 ਦਾ ਪੋਸਟਰ ਕੀਤਾ ਜਾਰੀ
ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਰਹੇ ਗੈਰ ਹਾਜ਼ਰ
ਮੈਂ ਸਾਰੇ ਧਰਮਾਂ ਦੇ ਗੁਰੂਆਂ ਦਾ ਸਤਿਕਾਰ ਕਰਦਾ ਹਾਂ : ਰਾਜਾ ਵੜਿੰਗ
ਕਾਂਗਰਸੀ ਬੁਲਾਰਿਆਂ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ‘ਤੇ ਲਿਆ
ਮੁੱਖ ਮੰਤਰੀ ਨੇ 23 ਮਿੰਟ ਦਿੱਤਾ ਭਾਸ਼ਣ
ਭੰਡੀ ਪ੍ਰਚਾਰ ‘ਚ ਰੁਲ ਗਈਆਂ ਲੰਬੀ ਹਲਕੇ ਦੀਆਂ ਸਮੱਸਿਆਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।