ਅਧਿਆਪਕ ਨਾਲ ਹੋਈ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਤਨਖ਼ਾਹਾਂ ਦੀ ਨਹੀਂ ਐ ਕੋਈ ਦਿੱਕਤ, ਜੇਕਰ ਖ਼ੁਦ ਖਾਣਾ ਬੰਦ ਕਰ ਦੇਣ : ਮੈਡਮ ਸਿੱਧੂ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਦਾ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ, ਇਨ੍ਹਾਂ ਨੇ ਜਿਹੜਾ ਕੁਝ ਵੀ ਕਰਨਾ ਐ, ਇਨ੍ਹਾਂ ਨੇ ਕਰ ਦੇਣਾ ਚਾਹੀਦਾ ਹੈ। ਪਰਮਾਤਮਾ ਸਭ ਕੁਝ ਦੇਖ ਰਿਹਾ ਹੈ ਅਤੇ ਪਰਮਾਤਮਾ ਹਰ ਕਿਸੇ ਨੂੰ ਜ਼ਰੂਰ ਮੌਕਾ ਦੇਵੇਗਾ। ਇਸ ਸਰਕਾਰ ਵਿੱਚ ਵੀ ਭ੍ਰਿਸ਼ਟਾਚਾਰ ਜ਼ੋਰਾਂ ‘ਤੇ ਹੈ ਅਤੇ ਮੰਤਰੀ ਖ਼ੁਦ ਹੀ ਆਪਣੀਆਂ ਜੇਬਾਂ ਭਰਨ ਵਿੱਚ ਲਗੇ ਹੋਏ ਹਨ। ਇਹ ਦੋਸ਼ ਕੋਈ ਵਿਰੋਧੀ ਧਿਰ ਨਹੀਂ ਸਗੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਖ਼ੁਦ ਲਾ ਰਹੀ ਹੈ। ਨਵਜੋਤ ਕੌਰ ਸਿੱਧੂ ਖ਼ੁਦ ਇਸ ਸਮੇਂ ਕਾਂਗਰਸ ਪਾਰਟੀ ਦੀ ਇੱਕ ਵਰਕਰ ਹੈ ਅਤੇ ਉਸ ਦਾ ਪਤੀ ਇਸ ਸਰਕਾਰ ਵਿੱਚ ਮੰਤਰੀ ਹੈ
ਬੀਤੇ ਦਿਨੀਂ ਪੰਜਾਬ ਕੈਬਨਿਟ ਵੱਲੋਂ ਰਮਸਾ ਦੇ ਅਧਿਆਪਕਾਂ ਨੂੰ ਪੱਕਾ ਕਰਦੇ ਹੋਏ 15 ਹਜ਼ਾਰ ਰੁਪਏ ਪ੍ਰਤੀ ਮਹੀਨਾ 3 ਸਾਲ ਲਈ ਤਨਖ਼ਾਹ ਦੇਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਧਿਆਪਕ ਕਾਫ਼ੀ ਜਿਆਦਾ ਭੜਕ ਪਏ ਅਤੇ ਉਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੋਰ ਅਧਿਆਪਕ ਇਸ ਸਮੇਂ 42 ਹਜ਼ਾਰ ਦੇ ਲਗਭਗ ਤਨਖ਼ਾਹ ਲੈ ਰਹੇ ਹਨ। ਇਸ ਸਬੰਧੀ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਅਧਿਆਪਕ ਨੇ ਆਪਣੀ ਫਰਿਆਦ ਸਰਕਾਰ ਤੱਕ ਪਹੁੰਚਾਉਣ ਲਈ ਨਵਜੋਤ ਕੌਰ ਨੂੰ ਫੋਨ ਲਗਾਇਆ ਸੀ।
ਫੋਨ ‘ਤੇ ਗਲ ਕਰਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਤੁਸੀਂ ਥੋੜਾ ਜਿਹਾ ਸਮਾਂ ਸਬਰ ਕਰੋਂ। ਇਨ੍ਹਾਂ (ਅਮਰਿੰਦਰ ਸਿੰਘ ਦੀ ਸਰਕਾਰ) ਦਾ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਹੈ, ਇਨ੍ਹਾਂ ਨੂੰ ਜਿਹੜਾ ਕਰਨਾ ਐ ਕਰਨ ਦਿਓ, ਪਰਮਾਤਮਾ ਜਰੂਰ ਮੌਕਾ ਦੇਵੇਗਾ।
ਇਥੇ ਜਦੋਂ ਅਧਿਆਪਕ ਨੇ ਨਵਜੋਤ ਸਿੱਧੂ ਦੇ ਵੀ ਕੈਬਨਿਟ ਸਬ ਕਮੇਟੀ ਦਾ ਮੈਂਬਰ ਹੋਣ ਦੀ ਗੱਲ ਕਹੀ ਤਾਂ ਮੈਡਮ ਸਿੱਧੂ ਨੇ ਕਿਹਾ ਕਿ ਉਨਾਂ ਨੂੰ ਕੋਈ ਨਹੀਂ ਸੁਣਦਾ ਹੈ, ਉਨਾਂ ਨੂੰ ਤਾਂ ਸਿਰਫ਼ ਕਮੇਟੀ ਵਿੱਚ ਪਾ ਦਿੱਤਾ ਜਾਂਦਾ ਹੈ। ਨਵਜੋਤ ਸਿੱਧੂ ਨੇ ਤਾਂ ਸਰਕਾਰ ਨੂੰ ਦੱਸ ਦਿੱਤਾ ਸੀ ਕਿ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਪਰ ਨਵਜੋਤ ਸਿੱਧੂ ਨੂੰ ਸੁਣਿਆ ਹੀ ਨਹੀਂ ਜਾ ਰਿਹਾ ਹੈ।
ਤਨਖਾਹ ਘੱਟ ਹੋਣ ‘ਤੇ ਮੈਡਮ ਸਿੱਧੂ ਨੇ ਕਿਹਾ ਕਿ ਤਨਖਾਹ ਦੀ ਤਾਂ ਕੋਈ ਦਿੱਕਤ ਹੀ ਨਹੀਂ ਹੈ, ਜੇਕਰ ਇਹ ਖ਼ੁਦ ਪੈਸਾ ਖਾਣਾ ਬੰਦ ਕਰ ਦੇਣ। ਉਨਾਂ ਕਿਹਾ ਕਿ ਪੰਜਾਬ ਕੋਲ ਪੈਸਾ ਹੀ ਪੈਸਾ ਹੈ ਪਰ ਖ਼ੁਦ ਮੰਤਰੀ ਹੀ ਪੈਸਾ ਖਾਣ ਵਿੱਚ ਲੱਗੇ ਹੋਏ ਹਨ। ਫੋਨ ‘ਤੇ ਗੱਲਬਾਤ ਹੋਣ ਤੋਂ ਬਾਅਦ ਇਹ ਰਿਕਾਰਡਿੰਗ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਵਜੋਤ ਕੌਰ ਨੇ ਪੰਜਾਬ ਦੀ ਸਰਕਾਰ ‘ਤੇ ਉਂਗਲੀ ਚੁੱਕਦੇ ਹੋਏ 10 ਵਿੱਚੋਂ ਸਿਰਫ਼ 4 ਨੰਬਰ ਹੀ ਦਿੱਤੇ ਸਨ।ਇਸ ਸਬੰਧੀ ਗੱਲਬਾਤ ਕਰਨ ਲਈ ਨਵਜੋਤ ਕੌਰ ਦਾ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਤਾਂ ਉਨਾਂ ਦਾ ਫੋਨ ਬੰਦ ਸੀ ਅਤੇ ਖ਼ੁਦ ਨਵਜੋਤ ਸਿੱਧੂ ਨੇ ਫੋਨ ਚੁੱਕਿਆ ਹੀ ਨਹੀਂ।
ਪਹਿਲਾਂ ਆਪਣੇ ਘਰ ਵਾਲੇ ਤੋਂ ਪੁੱਛੇ ਨਵਜੋਤ, ਕਿੰਨੇ ਪੈਸੇ ਖਾਂਦਾ ਐ ਸਿੱਧੂ : ਧਰਮਸੋਤ
ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਉਹ ਨਵਜੋਤ ਕੌਰ ਦੇ ਦੋਸ਼ਾਂ ਦੀ ਨਿੰਦਾ ਕਰਦੇ ਹਨ, ਜਿਹੜੀ ਕਿ ਸਰਕਾਰ ਅਤੇ ਮੰਤਰੀਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀਆਂ ‘ਤੇ ਉਂਗਲ ਚੁੱਕਣ ਵਾਲੀ ਨਵਜੋਤ ਕੌਰ ਪਹਿਲਾਂ ਆਪਣੇ ਘਰ ਵਾਲੇ ਨਵਜੋਤ ਸਿੱਧੂ ਨੂੰ ਜਾ ਕੇ ਪੁੱਛੇ ਕਿ ਉਹ ਬਤੌਰ ਮੰਤਰੀ ਕਿੰਨੇ ਪੈਸੇ ਖਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਹ ਗੱਲਬਾਤ ਕਰਨਗੇ, ਕਿਉਂਕਿ ਇਹੋ ਜਿਹੇ ਕਿਸੇ ਵੀ ਕੈਬਨਿਟ ਮੰਤਰੀ ‘ਤੇ ਦੋਸ਼ ਲਗਾਉਣਾ ਗਲਤ ਗੱਲ ਹੈ।
ਨਹੀਂ ਪੈਂਦਾ ਸਿੱਧੂ ਦੇ ਦੋਸ਼ਾਂ ਨਾਲ ਫਰਕ, ਸਭ ਝੂਠ : ਓ.ਪੀ. ਸੋਨੀ
ਸਿੱਖਿਆ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਦੇ ਇਸ ਤਰ੍ਹਾਂ ਦੇ ਦੋਸ਼ਾਂ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਡਮ ਸਿੱਧੂ ਪਹਿਲਾਂ ਆਪਣੇ ਪਤੀ ਨਾਲ ਗੱਲਬਾਤ ਕਰ ਲੈਣ, ਕਿਉਂਕਿ ਅਧਿਆਪਕਾਂ ਬਾਰੇ ਜਿਹੜਾ ਫੈਸਲਾ ਲਿਆ ਗਿਆ ਸੀ, ਉਸੇ ਕੈਬਨਿਟ ਵਿੱਚ ਨਵਜੋਤ ਸਿੱਧੂ ਮੌਜੂਦ ਸਨ ਪਰ ਉਨ੍ਹਾਂ ਨੇ ਮੌਕੇ ‘ਤੇ ਨਾ ਹੀ ਕੋਈ ਇਤਰਾਜ਼ ਜ਼ਾਹਿਰ ਕੀਤਾ ਅਤੇ ਨਾ ਹੀ ਕੁਝ ਬੋਲੇ। ਉਨ੍ਹਾਂ ਕਿਹਾ ਕਿ ਮੈਡਮ ਸਿੱਧੂ ਦੇ ਦੋਸ਼ ਝੂਠੇ ਅਤੇ ਗਲਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।