ਢੀਂਡਸਾ ਚਾਹੁੰਦੇ ਨੇ ਹੁਣ ਪੰਜਾਬ ‘ਚ ਬਣੇ ਸੁਖਬੀਰ-ਪਰਮਿੰਦਰ ਦੀ ਜੋੜੀ : ਸੁਖਬੀਰ
ਗੁਰਪ੍ਰੀਤ ਸਿੰਘ, ਸੰਗਰੂਰ
ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਆਗੂਆਂ ‘ਚ ਸ਼ਾਮਲ ਤੇ ਪਾਰਟੀ ਦੇ ਲੰਮਾ ਸਮਾਂ ਸਕੱਤਰ ਜਨਰਲ ਰਹੇ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਦਾ ਭੇਦ ਹਾਲੇ ਵੀ ਬਰਕਰਾਰ ਹੈ ਅੱਜ ਸੁਖਬੀਰ ਬਾਦਲ ਵੱਲੋਂ ਸੰਗਰੂਰ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਕਰਨ ਲਈ ਪੁੱਜੇ ਹੋਏ ਸਨ ਉੱਥੇ ਜਿੰਨੇ ਵੀ ਅਕਾਲੀ ਆਗੂਆਂ ਨੇ ਸਟੇਜ ਤੋਂ ਸੰਬੋਧਨ ਕੀਤਾ ਸਿਰਫ਼ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਛੱਡ ਕੇ ਕਿਸੇ ਵੀ ਆਗੂ ਨੇ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਦਾ ਜ਼ਿਕਰ ਤੱਕ ਨਹੀਂ ਕੀਤਾ
ਸੁਖਬੀਰ ਬਾਦਲ ਨੇ ਢੀਂਡਸਾ ਨੂੰ ਆਪਣੇ ਪਿਤਾ ਸਮਾਨ ਦੱਸਦਿਆਂ ਕਿਹਾ ਕਿ ਢੀਂਡਸਾ ਚਾਹੁੰਦੇ ਹਨ ਕਿ ਹੁਣ ਸੁਖਬੀਰ-ਪਰਮਿੰਦਰ ਦੀ ਜੋੜੀ ਉਸੇ ਤਰ੍ਹਾਂ ਬਣੇ ਜਿਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਨ੍ਹਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਜੋੜੀ ਬਣੀ ਹੋਈ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪਿਤਾ ਸ: ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਸਬੰਧੀ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਉਨ੍ਹਾਂ ਸਿਰਫ਼ ਏਨਾ ਕਿਹਾ ਕਿ ਸਾਡਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹਾ ਹੈ ਉਨ੍ਹਾਂ ਕਿਹਾ ਕਿ ਪਟਿਆਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਇਤਿਹਾਸਕ ਹੋਵੇਗੀ ਅਤੇ ਜ਼ਿਲ੍ਹਾ ਸੰਗਰੂਰ ਤੋਂ ਵੱਡੀ ਗਿਣਤੀ ‘ਚ ਲੋਕ ਰੈਲੀ ‘ਚ ਸ਼ਾਮਲ ਹੋਣਗੇ
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸ: ਢੀਂਡਸਾ ਦੇ ਅਸਤੀਫ਼ੇ ਪ੍ਰਤੀ ਆਪਣੇ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਢੀਂਡਸਾ ਨੇ ਪੰਜਾਹ ਸਾਲ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਅਨੇਕਾਂ ਘਾਲਣਾਂ ਘਾਲੀਆਂ, ਸੰਘਰਸ਼ ਕੀਤੇ ਅਤੇ ਜ਼ੋਖਮ ਭਰੇ ਸਮੇਂ ਆਪਣੇ ਹੱਡੀ ਹੰਢਾਏ ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਸਾਂਭਣ ਤੋਂ ਅਸਮਰਥਤਾ ਪ੍ਰਗਟਾਈ ਹੈ
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਵੱਲੋਂ ਜਿਸ ਤਰ੍ਹਾਂ ਨਾਲ ਸੰਬੋਧਨ ਕੀਤਾ ਗਿਆ ਉਸ ਤੋਂ ਜਾਪ ਰਿਹਾ ਸੀ ਕਿ ਉਨ੍ਹਾਂ ਦੇ ਢੀਂਡਸਾ ਨੂੰ ਮਨਾਉਣ ਦੇ ਸਾਰੇ ਰਾਹ ਬੰਦ ਹੋ ਗਏ ਹਨ ਉਨ੍ਹਾਂ ਕਿਹਾ ਕਿ ਸ: ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਵੱਡੇ ਆਗੂ ਹਨ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰਥਤਾ ਜਤਾਈ ਹੈ ਉਨ੍ਹਾਂ ਇਹ ਵੀ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਚਾਹੁੰਦੇ ਹਨ ਕਿ ਹੁਣ ਸੁਖਬੀਰ-ਪਰਮਿੰਦਰ ਦੀ ਜੋੜੀ ਵੀ ਅਕਾਲੀ ਦਲ ਵਿੱਚ ਉਸੇ ਤਰ੍ਹਾਂ ਕੰਮ ਕਰੇ ਜਿਵੇਂ ਸ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੀ ਜੋੜੀ ਨੇ ਅਕਾਲੀ ਦਲ ਵਿੱਚ ਕੰਮ ਕੀਤਾ
ਸੁਖਬੀਰ ਵੱਲੋਂ ਸ: ਢੀਂਡਸਾ ਦੇ ਗ੍ਰਹਿ ਵਿਖੇ ਕੀਤੀ ਲੰਮੀ ਮੀਟਿੰਗ
ਮੀਟਿੰਗ ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਸ: ਸੁਖਦੇਵ ਸਿੰਘ ਢੀਂਡਸਾ ਦੇ ਗ੍ਰਹਿ ਵਿਖੇ ਲੰਮੀ ਮੀਟਿੰਗ ਕੀਤੀ ਇਸ ਦੌਰਾਨ ਉਨ੍ਹਾਂ ਢੀਂਡਸਾ ਪਰਿਵਾਰ ਨੂੰ ਖੁੱਲ੍ਹ ਕੇ ਸਮਾਂ ਦਿੱਤਾ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੁਖਬੀਰ ਵੱਲੋਂ ਸ: ਢੀਂਡਸਾ ਨੂੰ ਮਨਾਉਣ ਦਾ ਹਰ ਯਤਨ ਕੀਤਾ ਗਿਆ ਪਰਿਵਾਰਕ ਮੈਂਬਰ ਢੀਂਡਸਾ ਦੇ ਚੰਡੀਗੜ੍ਹ ਵਿੱਚ ਹੋਣ ਬਾਰੇ ਆਖ ਰਹੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।