18 ਦੇਸ਼ਾਂ ਦੇ ਸਰਵੇਖਣ ਤੋਂ ਬਾਅਦ ਹੋਇਆ ਖੁਲਾਸਾ
ਢਾਕਾ, ਏਜੰਸੀ।
ਏਸ਼ੀਆ ਵਿਚ ਦੂਰਸੰਚਾਰ ‘ਤੇ ਆਧਾਰਿਤ ਇੱਕ ਖੇਤਰੀ ਥਿੰਕ-ਟੈਂਕ ਦੀ ਰਿਪੋਰਟ ਅਨੁਸਾਰ ਬੰਗਲਾਦੇਸ਼ ਸਭ ਤੋਂ ਘੱਟ ਇੰਟਰਨੈਟ ਵਰਤਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਦੇਸ਼ ਦੀ ਆਬਾਦੀ ਦੇ ਸਿਰਫ 13 ਫੀਸਦੀ ਲੋਕ ਹੀ ਇੰਟਰਨੈਟ ਦੀ ਵਰਤੋਂ ਕਰਦੇ ਹਨ। ਐਲਆਈਆਰਐਨਈ ਏਸ਼ੀਆ ਨਾਮੀ ਕੋਲੰਬੋ ਆਧਾਰਿਤ ਇੱਕ ਥਿੰਕ-ਟੈਂਕ ਨੇ 18 ਦੇਸ਼ਾਂ ਦਾ ਸਰਵੇਖਣ ਕਰਨ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੰਗਲਾਦੇਸ਼ ਵਿੱਚ ਮੋਬਾਈਲ ਫੋਨ ਦੀ ਵਰਤੋਂ ਅਤੇ ਇੰਟਰਨੈਟ ਤੱਕ ਪਹੁੰਚ ਵਿੱਚ ਭਾਰੀ ਲਿੰਗ ਅਸਮਾਨਤਾ ਹੈ। ਥਿੰਕ-ਟੈਂਕ ਨੇ ਬੀਤੇ ਸਾਲ ਨਵੰਬਰ ਵਿੱਚ ਬੰਗਲਾਦੇਸ਼ ਦੇ ਕਰੀਬ ਦੋ ਹਜ਼ਾਰ ਲੋਕਾਂ ਦਾ ਇੰਟਰਵਿਊ ਲੈਣ ਤੋਂ ਬਾਅਦ ਦੇਖਿਆ ਕਿ ਦੇਸ਼ ਵਿੱਚ 18 ਫੀਸਦੀ ਪੁਰਸ਼ ਜਦਕਿ 7 ਫੀਸਦੀ ਔਰਤਾਂ ਇੰਟਰਨੈਟ ਦੀ ਵਰਤੋਂ ਕਰਦੀਆਂ ਹਨ।
ਥਿੰਕ-ਟੈਂਕ ਦੀ ਰਿਪੋਰਟ ਅਨੁਸਾਰ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਕਾਫੀ ਫਰਕ ਹੈ। ਬੰਗਲਾਦੇਸ਼ ਵਿੱਚ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ 27 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਮੋਬਾਇਲ ਫੋਨ ‘ਤੇ ਵਿੱਤੀ ਸੇਵਾਵਾਂ ਦੀ ਵਰਤੋਂ ਕਰਦੇ ਹਨ। ਬੰਗਲਾਦੇਸ਼ ਵਿੱਚ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਇੱਕ ਚੌਥਾਈ ਤੋਂ ਵੀ ਘੱਟ ਲੋਕਾਂ ਨੂੰ ਇੰਟਰਨੈਟ ਜ਼ਰੀਏ ਵਸਤੂਆਂ ਖਰੀਦਣ ਅਤੇ ਵੇਚਣ ਵਾਲੇ ਪਲੇਟਫਾਰਮਾਂ ਦੀ ਜਾਣਕਾਰੀ ਹੈ। ਇੰਟਰਨੈਟ ਜ਼ਰੀਏ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਕਰੀਬ ਨਾ ਦੇ ਬਰਾਬਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।