ਸਥਾਨਕ ਸਰਕਾਰਾਂ ਵਿਭਾਗ ਫੇਲ੍ਹ, ਨਹੀਂ ਹੋਇਆ ਕਿਤੇ ਦਵਾਈ ਦਾ ਛਿੜਕਾਅ

Local, Government, Departments, Failed, Spell, Medication

ਬਰਸਾਤੀ ਸੀਜ਼ਨ ‘ਚ ਡੇਂਗੂ ਨਾ ਫੈਲੇ, ਦਵਾਈ ਦਾ ਛਿੜਕਾਅ ਕਰਨਾ ਸਥਾਨਕ ਸਰਕਾਰਾਂ ਵਿਭਾਗ ਦਾ ਕੰਮ

ਸਿਹਤ ਵਿਭਾਗ ਲਗਾਤਾਰ ਆ ਰਹੇ ਮਰੀਜ਼ਾਂ ਤੋਂ ਪਰੇਸ਼ਾਨ, ਵਧ ਰਹੀ ਐ ਦਿਨੋਂ-ਦਿਨ ਗਿਣਤੀ

ਚੰਡੀਗੜ੍ਹ

ਪੰਜਾਬ ਵਿੱਚ ਬਰਸਾਤੀ ਸੀਜ਼ਨ ਤੋਂ ਪਹਿਲਾਂ ਦਵਾਈ ਦਾ ਛਿੜਕਾਅ ਕਰਵਾਉਂਦੇ ਹੋਏ ਡੇਂਗੂ ਤੇ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਸਥਾਨਕ ਸਰਕਾਰਾਂ ਵਿਭਾਗ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਪੰਜਾਬ ਭਰ ਵਿੱਚ ਇੱਕ-ਦੁੱਕਾ ਥਾਂਵਾਂ ਨੂੰ ਛੱਡ ਕੇ ਕਿਸੇ ਵੀ ਥਾਂ ‘ਤੇ ਨਾ ਹੀ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ ਤੇ ਨਾ ਹੀ ਬਿਮਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸਾਰਾ ਜਿੰਮਾ ਸਿਹਤ ਵਿਭਾਗ ‘ਤੇ ਹੀ ਛੱਡ ਦਿੱਤਾ ਗਿਆ ਹੈ, ਜਦੋਂ ਕਿ ਸਿਹਤ ਵਿਭਾਗ ਪੰਜਾਬ ‘ਚ ਫੈਲ ਰਹੇ ਡੇਂਗੂ ਨੂੰ ਲੈ ਕੇ ਸਾਰੀ ਨਲਾਇਕੀ ਸਥਾਨਕ ਸਰਕਾਰਾਂ ਵਿਭਾਗ ਦੀ ਹੀ ਦੱਸਦੇ ਹੋਏ ਆਪਣੀ ਜਿੰਮੇਵਾਰੀ ਹਸਪਤਾਲਾਂ ਦੇ ਅੰਦਰ ਦੀ ਦੱਸ ਰਿਹਾ ਹੈ। ਇਨ੍ਹਾਂ ਦੋਵਾਂ ਵਿਭਾਗਾਂ ਵਿਚਕਾਰ ਆਮ ਪੰਜਾਬੀ ਪਿਸ ਰਿਹਾ ਹੈ।
ਜਾਣਕਾਰੀ ਅਨੁਸਾਰ ਹਰ ਸਾਲ ਸਤੰਬਰ ਦੇ ਮਹੀਨੇ ਵਿੱਚ ਡੇਂਗੂ ਦਾ ਮੱਛਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ  ਡੇਂਗੂ ਦੀ ਰੋਕਥਾਮ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਰਾਹੀਂ ਆਪਣੇ ਆਪਣੇ ਇਲਾਕੇ ਵਿੱਚ ਦਵਾਈ ਦਾ ਛਿੜਕਾਅ ਕਰਵਾਉਣਾ ਹੁੰਦਾ ਹੈ ਤਾਂ ਕਿ ਮੱਛਰ ਪੈਦਾ ਨਾ ਹੋਵੇ
ਇਸ ਦੇ ਨਾਲ ਹੀ ਆਮ ਲੋਕਾਂ ਨੂੰ ਜਾਗਰੂਕ ਵੀ ਕਰਨਾ ਹੁੰਦਾ ਹੈ ਪਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸਰਕਾਰਾਂ ਵਿਭਾਗ ਨੇ ਆਪਣੀ ਜਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਨ ਦੀ ਬਜਾਇ ਇੱਕ ਦੁਕਾ ਥਾਂਵਾਂ ਨੂੰ ਛੱਡ ਕੇ ਕਿਸੇ ਵੀ ਥਾਂ ‘ਤੇ ਦਵਾਈ ਦਾ ਛਿੜਕਾਅ ਨਹੀਂ ਕਰਵਾਇਆ ਹੈ, ਜਿਸ ਕਾਰਨ ਪਟਿਆਲਾ, ਲੁਧਿਆਣਾ, ਜਲੰਧਰ, ਸੰਗਰੂਰ, ਬਰਨਾਲਾ ਤੇ ਕਈ ਹੋਰ ਜ਼ਿਲ੍ਹੇ ਬੂਰੀ ਤਰ੍ਹਾਂ ਡੇਂਗੂ ਦੀ ਚਪੇਟ ਵਿੱਚ ਆ ਗਏ ਹਨ।
ਸਿਹਤ ਵਿਭਾਗ ਇਸ ਸਬੰਧੀ ਆਪਣੀ ਜਿੰਮੇਵਾਰੀ ਸਿਰਫ਼ ਹਸਪਤਾਲ ਦੇ ਅੰਦਰ ਦੀ ਹੀ ਦੱਸ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਮਰੀਜ਼ ਦੇ ਆਉਣ ਤੋਂ ਬਾਅਦ ਉਸ ਦੀ ਜਾਨ ਬਚਾਉਣਾ ਹੈ, ਜਦੋਂ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਥਾਨਕ ਸਰਕਾਰਾਂ ਵਿਭਾਗ ਨੂੰ ਕੰਮ ਸੌਂਪਿਆ ਗਿਆ ਹੈ, ਜਿਹੜਾ ਕਿ ਉਹ ਕਰ ਹੀ ਨਹੀਂ ਰਿਹਾ ਹੈ। ਇਸ ਸਬੰਧੀ ਜਦੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।