ਅਕਾਲੀ ਦਲ ਦੇ ਹਮਾਇਤੀਆਂ ‘ਤੇ ਡਾਂਗਾਂ ਤੇ ਤਲਵਾਰਾਂ ਨਾਲ ਹਮਲਾ

Supporters, Akali Dal, Bandage, Swords, Attacked

3 ਵਰਕਰ ਬੁਰੀ ਤਰ੍ਹਾਂ ਜ਼ਖਮੀ

ਅਕਾਲੀ ਆਗੂਆਂ ਨੇ ਥਾਣੇ ਮੂਹਰੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, ਸੱਚ ਕਹੂੰ ਨਿਊਜ਼

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਅੱਜ ਬਲਾਕ ਦੇ 4 ਪਿੰਡਾਂ ‘ਚ ਬੂਥਾਂ ‘ਤੇ ਬੈਠੇ ਅਕਾਲੀ ਦਲ ਦੇ ਹਮਾਇਤੀਆਂ ‘ਤੇ ਡਾਂਗਾਂ ਤੇ ਤਲਵਾਰਾਂ ਨਾਲ ਲੈਸ ਕਈ ਕਾਰਾਂ ‘ਤੇ ਸਵਾਰ ਲੱਠਮਾਰਾਂ ਨੇ ਹਮਲਾ ਕਰਕੇ 3 ਵਰਕਰਾਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਅੱਜ ਸਵੇਰੇ ਬਲਾਕ ਦੇ ਪਿੰਡਾਂ ਵਿੱਚ ਸਾਰੇ ਬੂਥਾਂ ‘ਤੇ ਸ਼ਾਂਤੀਪੂਰਨ ਵੋਟਾਂ ਸ਼ੁਰੂ ਹੋ ਗਈਆਂ ਸਨ ਪਰ ਦੁਪਹਿਰ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਾਰਾਂ ‘ਚ ਆਏ ਲੱਠਮਾਰਾਂ ਨੇ ਸਭ ਤੋਂ ਪਹਿਲਾਂ ਪਿੰਡ ਪੰਨਵਾਂ ਵਿਖੇ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ।

ਉਸ ਤੋਂ ਬਾਅਦ ਉਹੀ ਲੱਠਮਾਰਾਂ ਨੇ ਪਿੰਡ ਮੁਨਸ਼ੀਵਾਲਾ ਵਿਖੇ ਚੋਣ ਬੂਥ ਦੇ ਬਾਹਰ ਪਾਰਟੀ ਬੂਥ ‘ਤੇ ਬੈਠੇ ਅਕਾਲੀ ਹਮਾਇਤੀਆਂ ‘ਤੇ ਹਮਲਾ ਬੋਲ ਦਿੱਤਾ ਇਸ ਹਮਲੇ ‘ਚ ਅਕਾਲੀ ਵਰਕਰ ਪਵਨ ਸਿੰਘ ਤੇ ਕਸ਼ਮੀਰ ਸਿੰਘ ਗੰਭੀਰ ਜ਼ਖਮੀ ਹੋ ਗਏ ਫਿਰ ਇਹਨਾਂ ਹਮਲਾਵਰਾਂ ਨੇ ਬਾਲਦ ਕੋਠੀ ਪਿੰਡ ਦੇ ਬੂਥ ‘ਤੇ ਅਕਾਲੀ ਵਰਕਰ ਅਵਤਾਰ ਸਿੰਘ ਬੱਬੀ ਦੀ ਕੁੱਟਮਾਰ ਕੀਤੀ ਤੇ ਬੂਥ ‘ਤੇ ਪਿਆ ਸਮਾਨ ਖਲਾਰ ਦਿੱਤਾ। ਹਮਲੇ ਜਾਰੀ ਰੱਖਦਿਆਂ ਇਨ੍ਹਾਂ ਲੱਠਮਾਰਾਂ ਨੇ ਪਿੰਡ ਗਹਿਲਾਂ ‘ਚ ਜਾ ਕੇ ਵੀ ਹੁਲੜਬਾਜ਼ੀ ਕੀਤੀ।

ਤਿੰਨੋਂ ਗੰਭੀਰ ਜਖਮੀਆਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਪਿੰਡ ਮੁਨਸ਼ੀਵਾਲਾ ਵਿਖੇ ਘਟਨਾ ਸਥਾਨ ‘ਤੇ ਪਹੁੰਚਕੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਗੁੰਡਾਗਰਦੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪਣੀ ਹਾਰ ਨੂੰ ਦੇਖਦਿਆਂ ਇਹ ਘਿਨੌਣੀ ਹਰਕਤ ਕੀਤੀ ਹੈ। ਇਸੇ ਦੌਰਾਨ ਹਸਪਤਾਲ ‘ਚ ਜ਼ੇਰੇ ਇਲਾਜ ਜਖਮੀ ਅਕਾਲੀ ਵਰਕਰਾਂ ਦਾ ਪਤਾ ਲੈਣ ਆਏ ਸਾਬਕਾ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਗੁੰਡਾਗਰਦੀ ਖਿਲਾਫ ਰੋਸ ਮੁਜਾਹਰਾ ਕਰਦਿਆਂ ਥਾਣੇ ਅੱਗੇ ਜਾ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।

ਇਸ ਮੌਕੇ ਸ੍ਰੀ ਗਰਗ ਨੇ ਬੋਲਦਿਆਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨਾਨਕ ਚੰਦ ਨਾਇਕ ਦੀ ਅਗਵਾਈ ਹੇਠ ਆਏ ਲੱਠਮਾਰਾਂ ਨੇ ਹੀ ਇਹ ਹਮਲੇ ਕੀਤੇ ਹਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਅਕਾਲੀ ਦਲ ਵੱਲੋਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਗੁਰਤੇਜ ਸਿੰਘ ਝਨੇੜੀ, ਦਵਿੰਦਰ ਸਿੰਘ ਆਲੋਅਰਖ, ਰੁਪਿੰਦਰ ਸਿੰਘ ਰੰਧਾਵਾ, ਰਵਜਿੰਦਰ ਸਿੰਘ ਕਾਕੜਾ, ਗੁਰਧਿਆਨ ਸਿੰਘ ਖੱਟੜਾ, ਬਲਜਿੰਦਰ ਸਿੰਘ ਗੋਗੀ, ਰਾਜਿੰਦਰ ਸਿੰਘ ਮੁਨਸ਼ੀਵਾਲਾ, ਭੋਲਾ ਬਾਲਦ ਕੋਠੀ, ਭਰਪੂਰ ਸਿੰਘ ਫੱਗੂਵਾਲਾ, ਬੱਬੀ ਵੜੈਚ, ਜੋਗਾ ਸਿੰਘ ਫੱਗੂਵਾਲਾ, ਗਮਦੂਰ ਸਿੰਘ ਫੱਗੂਵਾਲਾ, ਜਸਪਾਲ ਸਿੰਘ ਪਾਲੀ, ਕਰਮਜੀਤ ਸਿੰਘ ਐੱਮਸੀ ਵੀ ਹਾਜ਼ਰ ਸਨ। ਦੂਜੇ ਪਾਸੇ ਕਾਂਗਰਸੀ ਆਗੂ ਸ਼੍ਰੀ ਨਾਨਕ ਚੰਦ ਨਾਇਕ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਕਾਰਵਾਈਆਂ ਨਾਲ ਕੋਈ ਵੀ ਸਬੰਧ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।