ਅਦਾਲਤੀ ਫ਼ੈਸਲੇ ਮਗਰੋਂ ਸ਼ਾਂਤੀਪੂਰਵਕ ਨੇਪਰੇ ਚੜ੍ਹੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ
ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਰਹੇ ਖਾਸ ਨਿਸ਼ਾਨੇ ‘ਤੇ
ਫਰੀਦਕੋਟ, ਸੁਖਜੀਤ ਮਾਨ/ਲਛਮਣ ਗੁਪਤਾ/ਸੱਚ ਕਹੂੰ ਨਿਊਜ
ਅਦਾਲਤੀ ਫੈਸਲੇ ਮਗਰੋਂ ਫਰੀਦਕੋਟ ‘ਚ ਹੋਈ ਸ੍ਰੋਮਣੀ ਅਕਾਲੀ ਦਲ (ਬ) ਦੀ ਰੈਲੀ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈ ਅਦਾਲਤੀ ਫੈਸਲੇ ਨੂੰ ਵੇਖਦਿਆਂ ਪੁਲਿਸ ਨੇ ਵੀ ਰੈਲੀ ਸਥਾਨ ‘ਤੇ ਕਰੜੇ ਪ੍ਰਬੰਧ ਕੀਤੇ ਹੋਏ ਸਨ। ਪਹਿਲਾਂ ਇਸ ਰੈਲੀ ਨੂੰ ਪੋਲ ਖੋਲ੍ਹ ਰੈਲੀ ਦਾ ਨਾਂਅ ਦਿੱਤਾ ਹੋਇਆ ਸੀ ਪਰ ਰੈਲੀ ‘ਚ ਪੈਦਾ ਹੋਏ ਅੜਿੱਕਿਆਂ ਮਗਰੋਂ ਇਸ ਨੂੰ ‘ਜ਼ਬਰ ਵਿਰੋਧੀ ਰੈਲੀ’ ਦਾ ਨਾਂਅ ਦਿੱਤਾ ਗਿਆ। ਸ਼ਹਿਰ ‘ਚ ਕੁਝ ਵਿਅਕਤੀਆਂ ਵੱਲੋਂ ਵੱਖ-ਵੱਖ ਥਾਈਂ ਅਕਾਲੀ ਦਲ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਕੁਝ ਫਲੈਕਸਾਂ ਵੀ ਪਾੜੀਆਂ।
ਇਨ੍ਹਾਂ ਕੁਝ ਕੁ ਘਟਨਾਵਾਂ ਦੇ ਬਾਵਜੂਦ ਮਹੌਲ ਪੂਰਨ ਤੌਰ ‘ਤੇ ਸ਼ਾਂਤ ਰਿਹਾ। ਰੈਲੀ ‘ਚ ਹੋਏ ਇਕੱਠ ਨੂੰ ਵੇਖਕੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬਾਗੋ-ਬਾਗ ਵਿਖਾਈ ਦਿੱਤੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਹੀ ਬੁਲਾਰਿਆਂ ਨੇ ਇਕੱਠ ਪੱਖੋਂ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਇਕੱਠ ਨੇ ਹੀ ਕਾਂਗਰਸ ਸਰਕਾਰ ਨੂੰ ਉਸ ਦਾ ਚਿਹਰਾ ਵਿਖਾ ਦਿੱਤਾ ਹੈ ਕਿ ਲੋਕ ਉਨ੍ਹਾਂ ਤੋਂ ਕਿੰਨੇ ਦੁਖੀ ਹਨ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਨੂੰ ਨਤਮਸਤਕ ਹੁੰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਾਣਯੋਗ ਅਦਾਲਤ ਨੇ ਪੰਜਾਬ ‘ਚ ਲੋਕਰਾਜ ਨੂੰ ਬਚਾ ਲਿਆ। ਉਨ੍ਹਾਂ ਕਿਹਾ ਕਿ ਇਸ ਫੈਸਲੇ ਸਦਕਾ ਹੁਣ ਸਰਕਾਰ ਕਿਸੇ ਵੀ ਰੈਲੀ ‘ਤੇ ਰੋਕ ਨਹੀਂ ਲਾ ਸਕਦੀ।
ਰੈਲੀ ਤੋਂ ਇੱਕ ਦਿਨ ਪਹਿਲਾਂ ਸਰਕਾਰ ਵੱਲੋਂ ਪੈਦਾ ਕੀਤੇ ਸ਼ੰਕਿਆਂ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਜਬਰ-ਜੁਲਮ ਖਿਲਾਫ ਲੜਨ ਵਾਲੇ ਹਾਂ ਤੇ ਕਿਸੇ ਨੂੰ ਡਰਾਉਂਦੇ ਨਹੀਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀਆਂ ਅਤੇ ਕੁਝ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਕਾਂਗਰਸ ਪਾਰਟੀ ਤੋਂ ਅਹੁਦੇ ਲੈ ਕੇ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਜੋ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਵਾਇਆ ਸੀ ਅਤੇ 84 ‘ਚ ਦੰਗੇ ਕਰਵਾਏ ਸੀ ਉਹ ਠੀਕ ਸਨ।
ਉਨ੍ਹਾਂ ਕਿਹਾ ਕਿ ਅੱਗ ਲਾਉਣ ਵਾਲੇ ਭਾਂਬੜ ਮਚਾ ਕੇ ਦੂਰ ਹੋ ਜਾਂਦੇ ਹਨ ਪਰ ਪੰਜਾਬ ‘ਚ ਅਮਨ ਸ਼ਾਂਤੀ ਨਾ ਰਹੀ ਤਾਂ ਸੂਬਾ ਤਬਾਹ ਹੋ ਜਾਵੇਗਾ। ਪੰਜਾਬੀ ਸੂਬੇ ਦਾ ਜਿਕਰ ਕਰਦਿਆਂ ਸ੍ਰ. ਬਾਦਲ ਨੇ ਆਖਿਆ ਕਿ ਜਦੋਂ ਬੋਲੀ ਦੇ ਅਧਾਰ ‘ਤੇ ਸੂਬੇ ਬਣੇ ਤਾਂ ਪੰਡਤ ਜਵਾਹਰ ਲਾਲ ਨਹਿਰੂ ਕੋਲ ਪੰਜਾਬੀ ਭਾਸ਼ਾ ਦੇ ਅਧਾਰ ‘ਤੇ ਸੂਬੇ ਦੀ ਗੱਲ ਕੀਤੀ ਤਾਂ ਉਨ੍ਹਾਂ ਆਖ ਦਿੱਤਾ ਸੀ ਕਿ ਪੰਜਾਬੀ ਸੂਬਾ ਮੇਰੀ ਲਾਸ਼ ‘ਤੇ ਬਣੇਗਾ ਪਰ ਕੁਰਬਾਨੀਆਂ ਦੇ ਕੇ ਆਪਣਾ ਹੱਕ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਹਾਲੇ ਵੀ ਪੰਜਾਬ ਅਧੂਰਾ ਹੈ ਕਿਉਂਕਿ ਇਸ ਤੋਂ ਰਾਜਧਾਨੀ ਖੋਹ ਲਈ, ਪੰਜਾਬੀ ਬੋਲਦੇ ਇਲਾਕੇ ਵੀ ਖੋਹ ਲਏ ਤੇ ਪਾਣੀ ਵੀ ਖੋਹ ਲਿਆ ਜਦੋਂ ਕਿ ਸੂਬੇ ਦੇ ਪਾਣੀਆਂ ‘ਤੇ ਹੱਕ ਸੂਬਿਆਂ ਦਾ ਹੀ ਹੁੰਦਾ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਵਾਉਣ ਲਈ ਇਹ ਸਭ ਕੁੱਝ ਕੀਤਾ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਅਬੋਹਰ ਦੀ ਰੈਲੀ ਵੇਖਕੇ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਸੀ। ਇਸ ਕਰਕੇ ਫਰੀਦਕੋਟ ਦੀ ਰੈਲੀ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਅਗਲੀ ਰੈਲੀ ਰੋਕਣ ਦੀ ਹੁਣ ਕੋਸ਼ਿਸ਼ ਨਾ ਕਰਿਓ ਸੁਖਬੀਰ ਨੇ ਆਖਿਆ ਕਿ ਹਾਈਕੋਰਟ ਨੇ ਅਫਸਰਾਂ ਨੂੰ ਇਸ ਮਾਮਲੇ ‘ਚ ਬਹੁਤ ਝਾੜ ਪਾਈ ਹੈ, ਜਿੰਨਾਂ ਨੂੰ ਹੁਣ ਅਸਤੀਫੇ ਦੇ ਦੇਣੇ ਚਾਹੀਦੇ ਹਨ। ਉਨ੍ਹਾਂ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਕੀਤੇ ਗਏ ਪ੍ਰਚਾਰ ਦਾ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਤੇ ਟੋਪੀ ਵਾਲਿਆਂ ਨੇ ਰਲਕੇ ਝੂਠ ਬੋਲਿਆ, ਜਿਸ ਨਾਲ ਲੋਕ ਗੁੰਮਰਾਹ ਹੋ ਗਏ ਪਰ ਹੁਣ ਕੈਪਟਨ ਦੱਸਣ ਕਿ ਕਿਹੜਾ ਅਕਾਲੀ ਨਸ਼ਾ ਵੇਚਦਾ ਹੈ।
ਇਸ ਰੈਲੀ ਦੌਰਾਨ ਬੁਲਾਰਿਆਂ ਦੇ ਨਿਸ਼ਾਨੇ ‘ਤੇ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਖਾਸ ਤੌਰ ‘ਤੇ ਰਹੇ। ਸੁਖਬੀਰ ਬਾਦਲ ਨੇ ਆਖਿਆ ਕਿ ਜਿਹੜਾ ਜਾਖੜ ਹੁਣ ਬੋਲਦਾ ਫਿਰਦਾ ਹੈ ਜਦੋਂ ਉਨ੍ਹਾਂ ਦੀ ਸਰਕਾਰ ਦੌਰਾਨ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਵਿਧਾਨ ਸਭਾ ‘ਚ ਤੁਰੀ ਸੀ ਤਾਂ ਸਭ ਤੋਂ ਪਹਿਲਾਂ ਇਸ ਦਾ ਵਿਰੋਧ ਸੁਨੀਲ ਜਾਖੜ ਨੇ ਹੀ ਕੀਤਾ ਸੀ। ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਪਾਰਟੀ ਨੇ ਜਾਖੜ ਦੇ ਖੇਤਰ ‘ਚ ਰੈਲੀ ਕੀਤੀ ਸੀ ਤਾਂ ਉਦੋਂ ਉਹ ਪਤਾ ਨਹੀਂ ਕਿਸ ਮੰਜੇ ਹੇਠ ਲੁਕ ਗਏ ਸਨ। ਨਵਜੋਤ ਸਿੱਧੂ ਬਾਰੇ ਮਜੀਠੀਆ ਨੇ ਕਿਹਾ ਕਿ ਇਹਦਾ ਕੰਮ ਤਾਂ ‘ਗੰਗਾ ਗਿਆ ਤਾਂ ਗੰਗਾ ਰਾਮ, ਜਮਨਾ ਗਿਆ ਤਾਂ ਜਮਨਾ ਦਾਸ’ ਵਾਲਾ ਹੈ ਕਿਉਂਕਿ ਇਹ ਪਹਿਲਾਂ ਸੋਨੀਆ ਗਾਂਧੀ ਦੇ ਰਾਹੁਲ ਗਾਂਧੀ ਨੂੰ ਨਿੰਦਦਾ ਹੁੰਦਾ ਸੀ।
ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ, ਜਥੇ. ਤੋਤਾ ਸਿੰਘ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ ਅਤੇ ਮਨਤਾਰ ਸਿੰਘ ਬਰਾੜ ਆਦਿ ਨੇ ਵੀ ਸੰਬੋਧਨ ਕੀਤਾ।
ਸਭ ਤੋਂ ਵੱਡੀ ਬੇਅਦਬੀ ਕੈਪਟਨ ਨੇ ਕੀਤੀ : ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਆਖਿਆ ਕਿ ਸਭ ਤੋਂ ਵੱਡੀ ਬੇਅਦਬੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ, ਜਿਸਨੇ ਪਵਿੱਤਰ ਗੁਟਕਾ ਸਾਹਿਬ ‘ਤੇ ਹੱਥ ਰੱਖਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਸਹੁੰ ਖਾਧੀ ਸੀ ਪਰ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗਰੀਬਾਂ ਦੀਆਂ ਧੀਆਂ ਨੂੰ ਮਿਲਦਾ ਸ਼ਗਨ ਬੰਦ ਕਰ ਦਿੱਤਾ, ਪੈਨਸ਼ਨ ਬੰਦ ਕਰ ਦਿੱਤੀ ਤੇ ਆਟਾ-ਦਾਲ ਵੀ ਬੰਦ ਹੈ ਜਦੋਂਕਿ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕਿਹਾ ਉਹ ਹਮੇਸ਼ਾ ਕਰਕੇ ਵਿਖਾਇਆ ਹੈ।
ਮੈਂ ਤੇ ਸੁਖਬੀਰ ਸ਼ਹਾਦਤ ਲਈ ਤਿਆਰ : ਬਾਦਲ
ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਪੁਲਿਸ ਵਾਲਿਆਂ ਨੇ ਅੱਜ ਇੱਥੇ ਇੱਕ ਜਣੇ ਨੂੰ ਪਿਸੌਤਲ ਲਈ ਫਿਰਦੇ ਨੂੰ ਫੜਿਆ ਹੈ ਪਰ ਉਹ ਦੱਸਣਾ ਚਾਹੁੰਦੇ ਨੇ ਜੇਕਰ ਉਨ੍ਹਾਂ ਸਮੇਤ ਸੁਖਬੀਰ ਬਾਦਲ ਦੀ ਸ਼ਹਾਦਤ ਨਾਲ ਪੰਜਾਬ ‘ਚ ਅਮਨ ਸ਼ਾਂਤੀ ਹੁੰਦੀ ਹੈ ਤਾਂ ਉਹ ਇਸ ਸ਼ਹਾਦਤ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਨਾ ਕਿਸੇ ਨੂੰ ਡਰਾਉਂਦੇ ਨੇ ਤਾਂ ਨਾ ਹੀ ਕਿਸੇ ਤੋਂ ਡਰਦੇ ਹਨ ਪਰ ਪੰਜਾਬ ‘ਚ ਹਰ ਹਾਲ ‘ਚ ਅਮਨ ਸ਼ਾਂਤੀ ਬਹਾਲ ਕਰਵਾਉਣਗੇ। ਰੈਲੀ ਸਥਾਨ ‘ਤੇ ਮੌਜ਼ੂਦ ਕਈ ਪੁਲਿਸ ਅਧਿਕਾਰੀਆਂ ਤੋਂ ਇਸ ਪਿਸਤੌਲ ਵਾਲੀ ਘਟਨਾ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ।
ਇਨ੍ਹਾਂ ਨੂੰ ਸੋਨ ਤਗਮਾ ਦੇਣਾ ਚਾਹੀਦੈ : ਬਾਦਲ
ਰੈਲੀ ‘ਚ ਹੋਏ ਭਾਰੀ ਇਕੱਠ ਨੂੰ ਵੇਖਕੇ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਉਨ੍ਹਾਂ ਨੇ ਵੱਡੀ ਗਿਣਤੀ ਸੂਬਿਆਂ ‘ਚ ਕਾਨਫਰੰਸਾਂ ‘ਚ ਜਾਣ ਤੋਂ ਇਲਾਵਾ ਆਲ ਇੰਡੀਆ ਕਾਨਫਰੰਸਾਂ ‘ਚ ਵੀ ਸ਼ਿਰਕਤ ਕੀਤੀ ਹੈ ਪਰ ਅੱਜ ਦੇ ਇਕੱਠ ਨੂੰ ਵੇਖਕੇ ਸੁਖਬੀਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਸੋਨ ਤਗਮਾ ਦਿੱਤਾ ਜਾਵੇ। ਉਨ੍ਹਾਂ ਰੈਲੀ ‘ਚ ਪਹੁੰਚੇ ਲੋਕਾਂ ਨੂੰ ਆਖਿਆ ਕਿ ਇਹ ਇਕੱਠ ਵੇਖਕੇ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਆਪਣੇ ਕਿੰਨੇ ਕੁ ਵਾਅਦੇ ਪੂਰੇ ਕੀਤੇ ਹਨ ਤੇ ਲੋਕ ਉਨ੍ਹਾਂ ਤੋਂ ਕਿੰਨੇ ਤੰਗ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।