30 ਕਰੋੜ ਡਾਲਰ ਗਬਨ ਦਾ ਦੋਸ਼ੀ ਪਾਇਆ
ਸਾਨ ਸਾਲਵਾਡੋਰ, ਏਜੰਸੀ।
ਅਲ ਸਾਲਵਾਡੋਰ ਟ੍ਰਿਬਿਊਨਲ ਨੇ ਬੁੱਧਵਾਰ ਨੂੰ ਸਾਬਕਾ ਰਾਸ਼ਟਰਪਤੀ ਐਂਟੋਨਿਓ ਸਾਕਾ ਨੂੰ ਗਬਨ ਅਤੇ ਧਨਸ਼ੋਧਨ ਦੇ ਦੋਸ਼ ‘ਚ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਟ੍ਰਿਬਿਊਨਲ ਨੇ ਸਾਬਕਾ ਰਾਸ਼ਟਰਪਤੀ ਨੂੰ ਜਨਤਾ ਦੀ 30 ਕਰੋੜ ਡਾਲਰ ਧਨਰਾਸ਼ੀ ਦੇ ਧਨਸ਼ੋਧਨ ਅਤੇ ਗਬਨ ਦਾ ਦੋਸ਼ੀ ਪਾਇਆ। ਸਾਬਕਾ ਰਾਸ਼ਟਰਪਤੀ ਦੇ ਵਕੀਲ ਨੇ ਕਿਹਾ ਕਿ ਸ੍ਰੀ ਸਾਕਾ ਇਸੇ ਸਾਲ ਆਪਣੀ ਸਜ਼ਾ ਨੂੰ ਘੱਟ ਕਰਵਾਉਣ ਲਈ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਸੁਣਵਾਈ ਦੌਰਾਨ ਮੁਦੱਈ ਪੱਖ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਆਪਣੇ ਅਤੇ ਦੂਜਿਆਂ ਲਈ ਜਨਤਾ ਦੇ ਪੈਸੇ ਦਾ ਗਬਨ ਕੀਤਾ।
ਆਪਣੀ ਪਹਿਲਾਂ ਦੀ ਪਾਰਟੀ ਲਈ ਉਹਨਾਂ 70 ਲੱਖ ਡਾਲਰ ਦੀ ਰਾਸ਼ੀ ਲਈ। ਆਦੇਸ਼ ਅਨੁਸਾਰ ਸਾਬਕਾ ਰਾਸ਼ਟਰਪਤੀ ਨੂੰ ਗਬਨ ਦੇ ਪੰਜ ਅਤੇ ਧਨ ਸ਼ੋਧਨ ਲਈ ਹੋਰ ਪੰਜ ਸਾਲਾਂ ਦੀ ਸਜ਼ਾ ਦਿੱਤੀ ਗਈ। ਉਹਨਾਂ ਨੂੰ ਰਾਜ ਨੂੰ 26 ਕਰੋੜ ਡਾਲਰ ਵਾਪਸ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਸਾਕਾ ਸਰਕਾਰ ਦੇ ਛੇ ਸਾਬਕਾ ਅਧਿਕਾਰੀਆਂ ਨੂੰ ਵੀ ਭ੍ਰਿਸ਼ਟਾਚਾਰ ਦੇ ਨੈਟਵਰਕ ‘ਚ ਹਿੱਸੇਦਾਰ ਬਣਨ ਦੇ ਦੋਸ਼ ‘ਚ ਤਿੰਨ ਤੋਂ ਲੈ ਕੇ 16 ਸਾਲ ਦੀ ਸਜ਼ਾ ਸੁਣਾਈ ਹੈ। ਸ੍ਰੀ ਸਾਕਾ ਸਾਲ 2004-2009 ਤੱਕ ਸੱਤਾ ‘ਚ ਰਹੇ ਸਨ। ਅਕਤੂਬਰ 2016 ‘ਚ ਉਹਨਾਂ ਨੂੰ ਉਹਨਾਂ ਦੇ ਬੇਟੇ ਦੇ ਸ਼ਾਦੀ ਸਮਾਰੋਹ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।