ਹਰਪ੍ਰੀਤ ਸਿੱਧੂ ਨੂੰ ਨਹੀਂ ਮਿਲੇਗਾ ਸ਼ਕਤੀਸ਼ਾਲੀ ਵਿਭਾਗ, ਨਸ਼ੇ ਦੀ ਰੋਕਥਾਮ ਨਾਲ ਹੀ ਰਹਿਣਗੇ ਜੁੜੇ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਕੋਈ ਵੀ ਸ਼ਕਤੀਸ਼ਾਲੀ ਵਿਭਾਗ ਨਹੀਂ ਮਿਲ ਰਿਹਾ। ਹਰਪ੍ਰੀਤ ਸਿੱਧੂ ਪਹਿਲਾਂ ਵਾਂਗ ਹੀ ਨਸ਼ੇ ਦੀ ਰੋਕਥਾਮ ਦੇ ਮਾਮਲੇ ਨਾਲ ਜੁੜੇ ਰਹਿਣਗੇ ਤੇ ਉਨ੍ਹਾਂ ਕੋਲ ਸਿਰਫ਼ ਨਸ਼ਾ ਖੋਰੀ ਰੋਕਥਾਮ ਅਫ਼ਸਰ (ਡੈਪੋ) ਦਾ ਕੰਮਕਾਜ ਹੀ ਰਹੇਗਾ ਜਾਂ ਫਿਰ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਬਾਰੇ ਮੁੱਖ ਮੰਤਰੀ ਕੋਲ ਸਹਾਇਕ ਦੇ ਤੌਰ ‘ਤੇ ਕੰਮ ਕਰਨਗੇ।ਇਹ ਹਰਪ੍ਰੀਤ ਸਿੱਧੂ ਲਈ ਵੱਡਾ ਝਟਕਾ ਹੋਵੇਗਾ, ਕਿਉਂਕਿ ਹੁਣ ਤੱਕ ਦੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਇਹ ਨਾ ਸਿਰਫ਼ ਪੂਰੀ ਉਲਟ ਹੋਵੇਗਾ, ਸਗੋਂ ਇਸ ਦਫ਼ਤਰ ਨੂੰ ਸੰਭਾਲਣ ਲਈ ਤਿਆਰ ਵੀ ਹੋਣਗੇ ਜਾਂ ਫਿਰ ਨਹੀਂ, ਇਸ ‘ਤੇ ਵੀ ਸੁਆਲੀਆ ਨਿਸ਼ਾਨ ਲੱਗ ਰਿਹਾ ਹੈ, ਜਿਸ ਕਾਰਨ ਹੁਣ ਤੱਕ ਉਨ੍ਹਾਂ ਦੀ ਤੈਨਾਤੀ ਦੇ ਆਦੇਸ਼ ਤੱਕ ਜਾਰੀ ਨਹੀਂ ਹੋ ਪਾਏ ਹਨ।

ਜਾਣਕਾਰੀ ਅਨੁਸਾਰ ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਸ਼ੇ ਨੂੰ ਪੰਜਾਬ ‘ਚੋਂ ਖਤਮ ਕਰਨ ਦੀ ਜਿੰਮੇਵਾਰੀ ਦਿੱਤੀ ਸੀ ਤੇ ਨਸ਼ੇ ਖ਼ਿਲਾਫ਼ ਬਣਾਈ ਗਈ ਐੱਸਟੀਐੱਫ ਦਾ ਮੁਖੀ ਲਗਾਇਆ ਗਿਆ ਸੀ ਪਰ ਬੀਤੇ ਦਿਨੀਂ ਉਨ੍ਹਾਂ ਦੇ ਹੱਥੋਂ ਇਹ ਜਿੰਮੇਵਾਰੀ ਵਾਪਸ ਲੈ ਲਈ ਗਈ ਹੈ। ਇਸ ਗੱਲ ਦੀ ਚਰਚਾ ਹੈ ਕਿ ਮੁੱਖ ਮੰਤਰੀ ਉਨ੍ਹਾਂ ਦੇ ਨਸ਼ਾ ਵਿਰੋਧੀ ਕੰਮ ਤੋਂ ਖੁਸ਼ ਨਹੀਂ  ਮੁਹੰਮਦ ਮੁਸਤਫ਼ਾ ਨੂੰ ਐੱਸਟੀਐੱਫ਼ ਮੁਖੀ ਲਗਾਉਣ ਤੋਂ ਬਾਅਦ ਹਰਪ੍ਰੀਤ ਸਿੱਧੂ ਪਿਛਲੇ 4 ਦਿਨਾਂ ਤੋਂ ਨਵੀਂ ਤੈਨਾਤੀ ਦਾ ਇੰਤਜ਼ਾਰ ਕਰ ਰਹੇ ਹਨ। ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦਫ਼ਤਰ ‘ਚ ਬਿਠਾਇਆ ਜਾ ਰਿਹਾ ਹੈ, ਜਿੱਥੇ ਕਿ ਉਹ ਸਪੈਸ਼ਲ ਪ੍ਰਿੰਸੀਪਲ ਸਕੱਤਰ ਤੈਨਾਤ ਹੋਣਗੇ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸਹਾਇਕ ਦੇ ਤੌਰ ‘ਤੇ ਕੰਮ ਕਰਨਗੇ।

ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦਫ਼ਤਰ ਵਿਖੇ ਲਗਾਉਣ ਮੌਕੇ ਇਹ ਗੱਲ ਨਿਕਲ ਕੇ ਬਾਹਰ ਆ ਰਹੀ ਸੀ ਕਿ ਉਨ੍ਹਾਂ ਨੂੰ ਗ੍ਰਹਿ ਵਿਭਾਗ ਤੇ ਪੰਜਾਬ ਪੁਲਿਸ ਦਾ ਕੰਮ ਸੌਂਪਿਆ ਜਾਏਗਾ, ਜਿਹੜਾ ਕਿ ਉਨ੍ਹਾਂ ਲਈ ਕਾਫ਼ੀ ਜਿਆਦਾ ਵੱਡਾ ਕੰਮ ਹੋ ਸਕਦਾ ਹੈ, ਜਿਸ ਨਾਲ ਉਹ ਜਿਆਦਾ ਸ਼ਕਤੀਸ਼ਾਲੀ ਹੋਣ ਦੇ ਨਾਲ ਹੀ ਪੰਜਾਬ ‘ਚ ਗ੍ਰਹਿ ਵਿਭਾਗ ਦੇ ਹਰ ਫੈਸਲੇ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਪਹੁੰਚਣ ਤੋਂ ਪਹਿਲਾਂ ਨਾ ਸਿਰਫ਼ ਚੈਕ ਕਰਨਗੇ, ਸਗੋਂ ਉਨ੍ਹਾਂ ‘ਚ ਫੇਰਬਦਲ ਵੀ ਕਰ ਸਕਣਗੇ।

ਇਹ ਚਰਚਾ 2 ਦਿਨ ਰਹਿਣ ਤੋਂ ਬਾਅਦ ਹੁਣ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ। ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦਫ਼ਤਰ ਵਿਖੇ ਤੈਨਾਤ ਤਾਂ ਕੀਤਾ ਜਾਏਗਾ ਪਰ ਗ੍ਰਹਿ ਵਿਭਾਗ ਦੇ ਨਾਲ ਪੁਲਿਸ ਵਿਭਾਗ ਦਾ ਕੰਮ ਉਨ੍ਹਾਂ ਨੂੰ ਨਹੀਂ ਦਿੱਤਾ ਜਾਏਗਾ। ਹਰਪ੍ਰੀਤ ਸਿੱਧੂ ਨੂੰ ਸਿਰਫ਼ ਨਸ਼ੇ ਦੇ ਮਾਮਲੇ ਨਾਲ ਜੁੜੇ ਮੁੱਦੇ ਹੀ ਦਿੱਤੇ ਜਾਣਗੇ, ਜਿਸ ‘ਚ ਨਸ਼ਾ ਖੋਰੀ ਰੋਕਥਾਮ ਅਫ਼ਸਰ (ਡੈਪੋ) ਮੁੱਖ ਹੋਵੇਗੀ। ਇਸ ਦੇ ਨਾਲ ਹੀ ਉਹ ਮੁੱਖ ਮੰਤਰੀ ਦਫ਼ਤਰ ਵੱਲੋਂ ਨਸ਼ੇ ਦੇ ਮਾਮਲੇ ‘ਤੇ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਵੀ ਕੰਮ ਨਹੀਂ ਹੋਵੇਗਾ।

ਇਸ ਸਮੇਂ ਗ੍ਰਹਿ ਵਿਭਾਗ ਤੇ ਪੁਲਿਸ ਵਿਭਾਗ ਦਾ ਸਾਰਾ ਕੰਮ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇਖ ਰਹੇ ਹਨ ਤੇ ਭਵਿੱਖ ਵਿੱਚ ਵੀ ਇਹ ਦੋਵਾਂ ਵਿਭਾਗ ਦਾ ਕੰਮ ਉਹ ਹੀ ਦੇਣਗੇ। ਇੱਥੇ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦਫ਼ਤਰ 2 ਫਲੌਰ ‘ਤੇ ਕੋਈ ਦਫ਼ਤਰ ਵੀ ਨਹੀਂ ਦਿੱਤਾ ਜਾਏਗਾ। ਉਨ੍ਹਾਂ ਕੋਲ ਤੀਜੀ ਮੰਜ਼ਿਲ ‘ਤੇ ਕਮਰਾ ਨੰਬਰ 28 ਹੈ ਤੇ ਉਸੇ ਦਫ਼ਤਰ ‘ਚ ਹੀ ਉਨ੍ਹਾਂ ਨੂੰ ਬੈਠਣਾ ਪਵੇਗਾ।