ਸਾਦਿਕ, ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼
ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਪਛੜ ਚੁੱਕੀ ਹੈ ਅਤੇ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸਹੂਲਤ ਦੇਣ ਲਈ ਬਣਾਏ ਗਏ ਸਰਕਾਰੀ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਤੇ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨਾ ਵੱਡੀ ਸਿਰਦਰਦੀ ਬਣ ਚੁੱਕੀ ਹੈ, ਜਿਸ ਨਾਲ ਲੋਕ ਸਰਕਾਰੀ ਹਸਪਤਾਲਾਂ ਵਿਚੋਂ ਚੰਗੀਆਂ ਸਿਹਤ ਸੇਵਾਵਾਂ ਲੈਣ ਤੋਂ ਵਾਂਝੇ ਹੋ ਰਹੇ ਹਨ।
ਸਾਦਿਕ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸੀ.ਐਸ.ਸੀ. ਸਾਦਿਕ ਡਾਕਟਰਾਂ ਤੇ ਦੂਸਰੇ ਸਟਾਫ਼ ਦੀ ਘਾਟ ਕਾਰਨ ਖੰਡਰ ਬਣਦਾ ਜਾ ਰਿਹਾ ਹੈ, ਜਿਸ ਵੱਲੋਂ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਸਾਦਿਕ ‘ਚ ਬਣਿਆ ਸੀ.ਐਚ.ਸੀ. ‘ਚ ਆਉਣ ਵਾਲੇ ਮਰੀਜਾਂ ਨੂੰ ਐਮਰਜੈਂਸੀ ਸੇਵਾਵਾਂ ਅਤੇ ਰਾਤ ਵੇਲੇ ਸਿਹਤ ਸੇਵਾਵਾਂ ਦੇਣ ਤੋਂ ਇਹ ਹਸਪਤਾਲ ਅਸਮਰੱਥ ਹੈ ਸੀਨੀਅਰ ਅਧਿਕਾਰੀ ਵੱਲੋਂ ਲਿਖਤੀ ਤੌਰ ‘ਤੇ ਸੇਵਾਂਵਾਂ ਦੇਣ ਤੋਂ ਅਸਮਰਥਾ ਪ੍ਰਗਟ ਕੀਤੀ ਗਈ ਹੈ।
ਪੰਜਾਬ ਵਿੱਚ ਸੱਤਾ ਤਬਦੀਲੀ ਹੋਈ ਤਾਂ ਇਸ ਹਸਪਤਾਲ ਦੇ ਵੀ ਮਾੜੇ ਦਿਨ ਸ਼ੁਰੂ ਹੋ ਗਏ ਅਤੇ ਸਰਕਾਰ ਨੇ ਇੱਕ ਇੱਕ ਕਰਕੇ ਇੱਥੋਂ ਕਰੀਬ ਸਾਰੇ ਹੀ ਮਾਹਰ ਡਾਕਟਰਾਂ ਨੂੰ ਹੋਰ ਥਾਵਾਂ ‘ਤੇ ਬਦਲ ਦਿੱਤਾ ਅਤੇ ਹੁਣ ਆਲਮ ਇਹ ਹੈ ਕਿ ਇੱਥੇ ਮੌਜ਼ੂਦ 7 ਓ.ਪੀ.ਡੀ. ‘ਚੋਂ ਛੇ ਨੂੰ ਤਾਲੇ ਲੱਗੇ ਹੋਏ ਨਜ਼ਰ ਆਉਂਦੇ ਹਨ।
ਇਹੀ ਨਹੀਂ ਇੱਥੇ ਨਾ ਤਾਂ ਐਕਸਰੇ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਅਲਟਰਾ ਸਾਊਂਡ ਦਾ ਹਸਪਤਾਲ ਦੇ ਕਰੀਬ 90 ਪ੍ਰਤੀਸ਼ਤ ਬਲਾਕ ਬੰਦ ਹਨ ਅਤੇ ਸਿਰਫ ਇਕ ਡਾਕਟਰ ਨਾਲ ਹੀ ਕੰਮ ਚਲਾਇਆ ਜਾ ਰਿਹਾ ਹਸਪਤਾਲ ਅੰਦਰ ਸਿਹਤ ਸਹੂਲਤਾਂ ਤੋਂ ਇਲਾਵਾ ਸਾਫ਼-ਸਫਾਈ ਅਤੇ ਹਸਪਤਾਲ ਦੇ ਰੱਖ ਰਖਾਵ ਦੇ ਪ੍ਰਬੰਧ ਵੀ ਚੰਗੇ ਨਹੀਂ ਹਨ
ਹਸਪਤਾਲ ਦੇ ਉਪਰਲੀ ਮੰਜ਼ਿਲ ਦੀ ਹਲਾਤ ਵੇਖ ਕੇ ਇਹ ਲੱਗਦਾ ਹੀ ਨਹੀਂ ਕਿ ਇਹ ਹਸਪਤਾਲ ਚਾਲੂ ਹਾਲਤ ‘ਚ ਹੈ ਡਾਕਟਰਾਂ ਦਾ ਡਿਊਟੀ ਰੂਮ ਤਾਂ ਇੰਝ ਲਗਦਾ ਹੈ ਕਿ ਕਾਫੀ ਸਮੇਂ ਤੋਂ ਖੋਲ੍ਹਿਆ ਹੀ ਨਾ ਗਿਆ ਹੋਵੇ ਇਹ ਵੀ ਪਤਾ ਲੱਗਾ ਹੈ ਕਿ ਇਸ ਹਸਪਤਾਲ ਅੰਦਰ ਸਫਾਈ ਕਰਮਚਾਰੀ ਵੀ ਸਿਰਫ ਇੱਕ ਹੀ ਤੈਨਾਤ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਵੱਡੀ ਬਿਲਡਿੰਗ ਦੀ ਕਿਸ ਤਰਾਂ ਦੀ ਸਾਫ ਸਫਾਈ ਕਰਦਾ ਹੋਵੇਗਾ ਹੁਣ ਵੇਖਣਾ ਇਹ ਹੈ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਆ ਰਹੀਆਂ ਸਮੱਸਿਆਵਾਂ ਤੋਂ ਕਦੋਂ ਨਿਜ਼ਾਤ ਮਿਲਦੀ ਹੈ ਅਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਕੁਭਕਰਨੀਂ ਨੀਂਦ ਕਦੋਂ ਖੁਲਦੀ ਹੈ।
ਨਵੇਂ ਡਾਕਟਰ ਤਾਇਨਾਤ ਕਰਨ ਲਈ ਲਿਖ ਕੇ ਭੇਜਿਆ ਹੈ: ਸਿਵਲ ਸਰਜਨ
ਇਸ ਮਾਮਲੇ ਸਬੰਧੀ ਜਦ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਾਕਟਰਾਂ ਦੀ ਘਾਟ ਕਾਰਨ ਹੀ ਇਥੇ ਸਮੱਸਿਆ ਆ ਰਹੀ ਹੈ ਡਾਕਟਰਾਂ ਦੀ ਘਾਟ ਪੂਰੀ ਕਰਨ ਤੇ ਨਵੇਂ ਡਾਕਟਰ ਤੈਨਾਤ ਕਰਨ ਲਈ ਅਸੀਂ ਵਿਭਾਗ ਅਤੇ ਸਰਕਾਰ ਨੂੰ ਲਿਖ ਕੇ ਭੇਜਿਆ ਹੈ ਅਤੇ ਜਲਦ ਹੀ ਇਥੇ ਡਾਕਟਰ ਆ ਜਾਣਗੇ ਤੇ ਲੋਕਾਂ ਨੂੰ ਪੂਰੀਆਂ ਸਿਹਤ ਸਹੂਲਤਾਂ ਮਹੱਈਆ ਕਰਵਾਈਆਂ ਜਾਣਗੀਆਂ।
ਸਿਹਤ ਸੇਵਾਵਾਂ ਹੋਈਆਂ ਬਿਲਕੁਲ ਠੱਪ: ਪਿੰਡ ਵਾਸੀ
ਇਸ ਸਬੰਧੀ ਗਲਬਾਤ ਕਰਦਿਆਂ ਨਵੀਨ ਅਰੋੜਾ ਨੇ ਕਿਹਾ ਕਿ ਇਸ ਹਸਪਤਾਲ ਨੂੰ ਬਹੁਤ ਸਾਰੇ ਪਿੰਡਾਂ ਦੇ ਮਰੀਜ਼ਾਂ ਨੂੰ ਬਹੁਤ ਆਸਰਾ ਮਿਲਦਾ ਸੀ ਤੇ ਹੁਣ ਹਸਪਤਾਲ ਅੰਦਰ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਠੱਪ ਹਨ ਇਥੇ 9 ਡਾਕਟਰਾਂ ਵਿੱਚੋਂ ਸਿਰਫ ਇਕ ਹੀ ਡਾਕਟਰ ਤੈਨਾਤ ਹੈ ਅਤੇ ਐਮਰਜੈਂਸੀ ਸੇਵਾਵਾਂ ਅਤੇ ਰਾਤ ਵੇਲੇ ਸਿਹਤ ਸੇਵਾਵਾਂ ਠੱਪ ਪਈਆਂ ਹਨ ਤੇ ਦੇਰ ਰਾਤ ਬਿਮਾਰੀ ਹੋਣ ‘ਤੇ ਮਰੀਜ਼ ਨੂੰ ਪ੍ਰਾਈਵੇਟ ਮਹਿੰਗੇ ਹਸਪਤਾਲਾਂ ਵਿਚ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਹਨਾਂ ਮੰਗ ਕੀਤੀ ਇਥੇ ਹਸਪਤਾਲ ਅੰਦਰ ਡਾਕਟਰ ਪੂਰੇ ਕੀਤੇ ਜਾਣ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਬਲਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਹਸਪਤਾਲ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਉਹ ਪਿੰਡ ਦੇ ਸਰਪੰਚ ਸਨ ਉਸ ਸਮੇਂ ਉਹਨਾਂ ਪਿੰਡ ਦੀ ਵਪਾਰਕ ਜਗਾ ਜੋ ਬੇਸਕੀਮਤੀ ਸੀ ਮਤਾ ਪਾ ਕੇ ਹਸਪਤਾਲ ਬਣਾਉਣ ਲਈ ਸਰਕਾਰ ਨੂੰ ਦਿੱਤੀ ਸੀ ਅਤੇ ਏਥੇ ਸਰਕਾਰ ਵੱਲੋ ਕਰੀਬ 6 ਕਰੋੜ ਰੁਪਏ ਲਾ ਕੇ ਅਤੀ ਆਧੁਨਿਕ ਬਿਲਡਿੰਗ ਬਣਾ ਕੇ ਹਸਪਤਾਲ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ 9 ਡਾਕਟਰਾਂ 7ਦੀਆਂ ਅਸਾਮੀਆਂ ਮਨਜ਼ੂਰ ਹਨ ਅਤੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਇਹ ਹਸਪਤਾਲ ਬਹੁਤ ਵਧੀਆ ਚੱਲਦਾ ਰਿਹਾ ਪਰ ਹੁਣ ਸਿਰਫ ਇਕ ਹੀ ਡਾਕਟਰ ਰਹਿ ਗਿਆ ਹੈ ਅਤੇ ਸਰਕਾਰ ਨੇ ਇੱਥੇ ਕੋਈ ਡਾਕਟਰ ਨਹੀਂ ਭੇਜਿਆ ਹੈ।
ਇਸ ਸਬੰਧੀ ਸਮਾਜ ਸੇਵੀ ਸੁਰਿੰਦਰ ਛਿੰਦਾ ਨੇ ਕਿਹਾ ਕਿ ਹਸਪਤਾਲ ਵਿਚ ਸਿਹਤ ਸਹੂਲਤਾਂ ਬਿਲਕੁਲ ਨਹੀਂ ਮਿਲ ਰਹੀਆਂ ਨਾ ਤਾਂ ਇੱਥੇ ਕੋਈ ਦਵਾਈ ਮੁਫਤ ਮਿਲਦੀ ਹੈ ਅਤੇ ਨਾ ਹੀ ਕੋਈ ਡਾਕਟਰ ਹੈ। ਇਸ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਆ ਰਹੀ ਸਮੱਸਿਆ ਤੋਂ ਜਲਦ ਨਿਜਾਤ ਦੁਆਈ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।