ਹਜ਼ਾਰਾਂ ਮੁਲਾਜ਼ਮਾਂ ਨੇ ਦੋ ਪਹੀਆ ਵਾਹਨਾਂ ਤੇ ਕੱਢਿਆ ਮੁਲਾਜ਼ਮ ਚੇਤਨਾ ਮਾਰਚ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੁਲਾਜ਼ਮ ਇੰਨੇ ਨਰਾਜ਼ ਹਨ ਕਿ ਉਨ੍ਹਾਂ ਵੱਲੋਂ ਹੁਣ ਸੜਕਾਂ ‘ਤੇ ਉੱਤਰਦੇ ਹੋਏ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਪਹਿਲੀ ਵਾਰ ਚੰਡੀਗੜ੍ਹ ਦੇ ਇਤਿਹਾਸ ਵਿੱਚ ਇੰਨਾ ਜ਼ਿਆਦਾ ਪ੍ਰਦਰਸ਼ਨ ਸਰਕਾਰ ਖ਼ਿਲਾਫ਼ ਹੋਇਆ ਹੈ, ਜਿਸ ਵਿੱਚ ਸੈਂਕੜੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਮੁਲਾਜ਼ਮਾਂ ਨੇ ਰਾਜਧਾਨੀ ਚੰਡੀਗੜ੍ਹ ਦੀ ਹਰ ਮੁੱਖ ਸੜਕ ‘ਤੇ ਰੈਲੀ ਕੱਢਦੇ ਹੋਏ ਸਰਕਾਰ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਪੰਜਾਬ ਅਤੇ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਸਾਂਝੇ ਮੁਲਾਜ਼ਮ ਮੰਚ ਦੀ ਅਗਵਾਈ ਹੇਠ ਪੰਜਾਬ ਸਿਵਲ ਸਕੱਤਰੇਤ ਤੋਂ ਆਰੰਭ ਹੋ ਕੇ ਇਹ ਚੇਤਨਾ ਮਾਰਚ ਵੱਖ-ਵੱਖ ਵਿਭਾਗਾਂ ਦੇ ਮੁੱਖ ਦਫ਼ਤਰਾਂ ਵਿਖੇ ਗਿਆ।
ਹਰ ਦਫ਼ਤਰ ਬਾਹਰ ਮੁਲਾਜ਼ਮ ਆਪਣੇ ਵਾਹਨਾਂ ਨਾਲ ਇਸ ਮਾਰਚ ਨਾਲ ਜੁੜਦੇ ਰਹੇ, ਜਿਸਦੇ ਦੌਰਾਨ ਇਹ ਮਾਰਚ ਇੰਨਾ ਵਿਸ਼ਾਲ ਹੋ ਗਿਆ ਅਤੇ ਮੁਲਾਜ਼ਮਾਂ ਵੱਲੋਂ ਸੜਕਾਂ ‘ਤੇ ਸਰਕਾਰ ਵਿਸ਼ੇਸ਼ ਤੌਰ ‘ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਇੰਨੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕਿ ਇਸ ਰੋਹ ਭਰੇ ਨਜ਼ਾਰੇ ਨੂੰ ਦੇਖ ਕੇ ਚੰਡੀਗੜ੍ਹ ਵਾਸੀ ਵੀ ਦੰਗ ਰਹਿ ਗਏ।
ਸਾਰੇ ਮਾਰਚ ਦੌਰਾਨ ਸਮੂਹ ਮੁਲਾਜ਼ਮਾਂ ਨੂੰ ਆਗਾਮੀ 12 ਸਤੰਬਰ ਨੂੰ ਚੰਡੀਗੜ ਦੇ ਸੈਕਟਰ17 ਵਿਖੇ ਹੋਣ ਵਾਲੀ ਮਹਾਂ ਰੈਲੀ ਲਈ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ ਮੰਚ ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ, ਸੀਨੀਅਰ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ, ਜਲ ਸਰੋਤ ਵਿਭਾਗ ਤੋਂ ਸੁਖਵਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਮਹਿੰਗਾਈ ਭੱਤੇ ਦੇ ਬਕਾਇਆਂ ਦੀ ਅਦਾਇਗੀ (ਜੀ.ਪੀ.ਐਫ, ਬਿੱਲਾਂ ਦੀ ਅਦਾਇਗੀ ਸਮੇਤ), ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਦੇਣਾ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾਂ ਅਤੇ ਪਹਿਲੇ ਕਮਿਸ਼ਨਾਂ ਦੀਆਂ ਤਰੁੱਟੀਆਂ ਦੂਰ ਕਰਨਾਂ, 2004 ਤੋਂ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ,
ਨਵੇਂ ਪੱਕੀ ਭਰਤੀ ਦੇ ਪ੍ਰੋਬੇਸ਼ਨ ਪੀਰੀਅਡ (ਪਰਖ ਕਾਲ ਸਮਾਂ) ਦੌਰਾਨ ਦਿੱਤੀ ਜਾ ਰਹੀ ਮੁੱਢਲੀ ਤਨਖਾਹ ਦੀ ਬਜਾਇ ਪੂਰੀ ਤਨਖਾਹ ਦੇਣੀ, ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਲਾਗੂ ਕਰਨਾ, ਕੱਚੇ ਅਡਹਾਕ, ਵਰਕ-ਚਾਰਜ, ਠੇਕੇ ਵਾਲੇ, ਆਊਟ ਸ਼ੋਰਸ ਤੇ ਲੱਗੇ ਸਮੂਹ ਵਿਭਾਗਾਂ, ਬੋਰਡ ਅਤੇ ਕਾਰਪੋਰੇਸ਼ਨਾਂ ਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ, ਸਮੂਹ ਵਿਭਾਗਾਂ ਵਿਚ ਖਾਲੀ ਸਾਰੀਆਂ ਅਸਾਮੀਆਂ ਦੀ ਰੈਗੂਲਰ ਭਰਤੀ ਕਰਨੀ, 200 ਰੁਪਏ ਪ੍ਰਤੀ ਮਹੀਨਾ ਜਜ਼ੀਆ ਟੈਕਸ ਨੂੰ ਵਾਪਿਸ ਲੈਣਾ, ਡੋਪ ਟੈਂਸਟ ਬੰਦ ਕਰਨਾ, ਯੂ.ਟੀ. ਵਿਚ ਪੰਜਾਬ ਪੈਂਟਰਨ ਤੇ ਸਰਕਾਰੀ ਕਰਮਚਾਰੀ ਦੀ ਮੌਤ ਹੋ ਜਾਣ ਤੇ ਤਰਸ ਦੇ ਆਧਾਰ ਤੇ ਨੌਕਰੀ, ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਸਟਾਫ਼ ਦੀਆਂ ਬੀਤੇ ਅਗਸਤ ਮਹੀਨੇ ਦੌਰਾਨ ਕੀਤੀਆਂ ਜਬਰੀ ਬਦਲੀਆਂ ਤੁਰੰਤ ਰੱਦ ਕਰਨ ਅਤੇ ਇਸ ਸਟਾਫ਼ ਤੇ ਜਲੰਧਰ ਵਿਖੇ ਦਰਜ ਕੀਤੀ ਐਫ.ਆਈ.ਆਰ. 139 ਰੱਦ ਕਰਨ ਪੂਰੇ ਜੋਸ਼-ਓ-ਖਰੋਸ਼ ਨਾਲ ਉਠਾਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।