ਦੋਦਾ, ਰਵੀਪਾਲ
ਕੈਪਟਨ ਆਈਐੱਸਆਈ ਦੇ ਨਾਂਅ ‘ਤੇ ਸੂਬੇ ‘ਚ ਉਹ ਅੱਗ ਲਾ ਰਿਹਾ ਹੈ, ਜੋ ਬਾਅਦ ‘ਚ ਇਹ ਬੁਝਾ ਨਹੀਂ ਸਕੇਗਾ। ਉਹ ਦਾਦੂਵਾਲ ਤੇ ਧਿਆਨ ਸਿੰਘ ਮੰਡ ਜਿਹੇ ਆਈਐੱਸਆਈ ਏਜੰਟ ਨੂੰ ਅੱਗੇ ਕਰ ਰਿਹਾ ਹੈ। ਜੋ ਸੂਬੇ ਦਾ ਮਾਹੌਲ ਖਰਾਬ ਕਰਨ ‘ਤੇ ਲੱਗੇ ਹੋਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਲਈ ਪਿੰਡ ਭੁੱਲਰ ਵਿਖੇ ਸੀਨੀਅਰ ਅਕਾਲੀ ਆਗੂ ਗੁਰਲਾਲ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਰੱਖੀ ਭਰਵੀ ਮੀਟਿੰਗ ਦੌਰਾਨ ਕੀਤਾ।
ਅੱਜ ਉਨ੍ਹਾਂ ਜ਼ੋਨ ਕਾਉਣੀ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਜਨਰਲ ਸੀਟ ‘ਤੇ ਜਗਵੀਰ ਸਿੰਘ ਭੁੱਲਰ ਨੂੰ ਉਮੀਦਵਾਰ ਦਾ ਐਲਾਨ ਕਰਨ ਲਈ ਰੱਖੀ ਮੀਟਿੰਗ ਲਈ ਸ਼ਿਰਕਤ ਕੀਤੀ। ਇਸ ਰੈਲੀ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦਾਦੂਵਾਲ ਤੇ ਮੰਡ ‘ਤੇ ਵਰ੍ਹਦੇ ਹੋਏ ਕਿਹਾ ਕਿ ਇਹ ਵਿਅਕਤੀ ਭਗਵੇਂ ਚੋਲੇ ਪਾ ਕੇ ਦੇਸ਼ ਦੇ ਨਾਲ ਧ੍ਰੋਹ ਕਰ ਰਹੇ ਹਨ, ਜਿਨ੍ਹਾਂ ਨੂੰ ਜਨਤਾ ਜਵਾਬ ਦੇਵੇਗੀ। ਉਕਤ ਵਿਅਕਤੀ 70 ਸਾਲਾਂ ਤੱਕ ਪਾਕ ਰਾਜਨੀਤੀ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ‘ਤੇ ਬੇਅਦਬੀ ਦਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਤਾਂ ਅੱਜ ਤੱਕ ਕੀੜੀ ਤੱਕ ਨੂੰ ਨਹੀਂ ਮਾਰਿਆ। ਜਾਖ਼ੜ ‘ਤੇ ਨਿਸ਼ਾਨਾ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਦੋ ਕੌੜੀ ਦਾ ਜਾਖ਼ੜ ਜੋ ਮੈਨੂੰ ਕਹਿਦਾ ਹੈ ਕਿ ਤੁਸੀਂ ਮੇਰੇ ਹਲਕੇ ‘ਚ ਆ ਕੇ ਦਿਖਾਓ। ਮੈਂ ਹੁਣ ਉਸ ਦੇ ਇਲਾਕੇ ਵਿੱਚ ਹੀ ਰੈਲੀ ਰੱਖੀ ਹੋਈ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਕਾਂਗਰਸ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ, ਪੂਰੇ ਰਾਜ ਦੇ ਲੋਕ ਇਨ੍ਹਾਂ ਤੋਂ ਦੁਖੀ ਹਨ, ਜਿਸ ਦਾ ਜਵਾਬ ਲੋਕ ਇਸ ਚੋਣਾਂ ਦੌਰਾਨ ਕਾਂਗਰਸ ਨੂੰ ਕਰਾਰੀ ਹਾਰ ਦੇ ਕੇ ਜ਼ਿਲ੍ਹਾ ਪ੍ਰੀਸ਼ਦ ਦੀਆਂ 13 ਸੀਟਾਂ ‘ਤੇ ਅਕਾਲੀ ਦਲ ਨੂੰ ਜਿਤਾਉਣਗੇ। ਹੁਣ ਤੁਹਾਡੇ ਹੱਥ ‘ਚ ਤਾਕਤ ਹੈ, ਇਸ ਵਿੱਚ ਸਾਬਿਤ ਕਰ ਦਿਓ ਕਿ ਤੁਸੀਂ ਕੀ ਕਰ ਸਕਦੇ ਹੋ। ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਤੁਹਾਡੇ ਹਰ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਐੱਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਪਾਸ਼ਾ, ਮਨਜਿੰਦਰ ਸਿੰਘ ਬਿੱਟੂ, ਨਵਤੇਜ ਸਿੰਘ ਕਾਉਣੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਹਲਕੇ ਦੇ ਪੰਚ, ਸਰਪੰਚ, ਯੂਥ ਤੇ ਟਕਸਾਲੀ ਆਗੂ ਤੇ ਸਮੇਤ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।