ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤਾ ਵਿਸ਼ਵਾਸ, ਖ਼ੁਦ ਸਮਝਾਉਣਗੇ ਸੁਨੀਲ ਜਾਖੜ ਨੂੰ
ਮੁੱਖ ਮੰਤਰੀ ਦੇ ਓਐੱਸਡੀ ਐੱਮ. ਪੀ. ਸਿੰਘ ਨੇ ਕਰਵਾਈ ਫੋਨ ਰਾਹੀਂ ਨੱਥੂ ਰਾਮ ਦੀ ਗੱਲ
ਨੱਥੂ ਰਾਮ ਅਨੁਸਾਰ ਹੋਣਗੇ ਤਬਾਦਲੇ, ਅਧਿਕਾਰੀ ਵੀ ਕਰਨਗੇ ਕੰਮ
ਚੰਡੀਗੜ੍ਹ, ਅਸ਼ਵਨੀ ਚਾਵਲਾ
ਆਖ਼ਰਕਾਰ ਹੋ ਹੀ ਗਈ ਬੱਲੂਆਣਾ ਤੋਂ ਵਿਧਾਇਕ ਨੱਥੂ ਰਾਮ ਦੀ ਸੁਣਵਾਈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰੇ ਮਾਮਲੇ ‘ਚ ਦਖਲ ਦਿੰਦੇ ਹੋਏ ਨੱਥੂ ਰਾਮ ਨੂੰ ਵਿਸ਼ਵਾਸ ਦੇ ਦਿੱਤਾ ਹੈ ਕਿ ਹੁਣ ਤੋਂ ਬਾਅਦ ਸੁਨੀਲ ਜਾਖੜ ਜਾਂ ਫਿਰ ਉਨ੍ਹਾਂ ਦੇ ਹਮਾਇਤੀ ਬੱਲੂਆਣਾ ਹਲਕੇ ਦੇ ਮਾਮਲੇ ‘ਚ ਦਖਲ ਅੰਦਾਜ਼ੀ ਨਹੀਂ ਕਰਨਗੇ ਤੇ ਇਸ ਸਬੰਧੀ ਉਹ ਖ਼ੁਦ ਸੁਨੀਲ ਜਾਖੜ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮਿਲੇ ਵਿਸ਼ਵਾਸ ਤੋਂ ਬਾਅਦ ਨੱਥੂ ਰਾਮ ਨੇ ਵੀ ਵਾਪਸ ਆਪਣੇ ਹਲਕੇ ‘ਚ ਪਹਿਲਾਂ ਵਾਂਗ ਕੰਮ ਕਰਨ ਲਈ ਹਾਮੀ ਭਰ ਦਿੱਤੀ ਹੈ।
ਜਿਸ ਕਾਰਨ ਇਸ ਮਾਮਲੇ ‘ਚ ਵਿਧਾਇਕ ਨੱਥੂ ਰਾਮ ਦੀ ਜਿੱਤ ਹੋਈ ਹੈ। ਜਾਣਕਾਰੀ ਅਨੁਸਾਰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਹਲਕੇ ਅਬੋਹਰ ‘ਚ ਹੀ ਬੱਲੂਆਣਾ ਦੇ ਹਲਕੇ ਦੇ ਸਾਰੇ ਅਧਿਕਾਰੀ ਬੈਠ ਕੇ ਕੰਮ ਕਰਦੇ ਹਨ। ਸਦਰ ਥਾਣੇਦਾਰ ਤੋਂ ਲੈ ਕੇ ਡੀਐੱਸਪੀ ਤੇ ਬੀਡੀਪੀਓ ਤੋਂ ਲੈ ਕੇ ਤਹਿਸੀਲਦਾਰ ਤੱਕ ਬੱਲੂਆਣਾ ਵਿਖੇ ਬੈਠਣ ਦੀ ਥਾਂ ‘ਤੇ ਅਬੋਹਰ ਵਿਖੇ ਹੀ ਬੈਠਦੇ ਹਨ, ਜਿਸ ਕਾਰਨ ਬੱਲੂਆਣਾ ਹਲਕੇ ਦੇ ਅਧਿਕਾਰੀ ਨੱਥੂ ਰਾਮ ਦੀ ਥਾਂ ‘ਤੇ ਜਿਆਦਾ ਸੁਣਵਾਈ ਸੁਨੀਲ ਜਾਖੜ ਤੇ ਉਨ੍ਹਾਂ ਦੇ ਹਮਾਇਤੀਆਂ ਦੀ ਹੀ ਕਰਦੇ ਹਨ।
ਕਿਸੇ ਵੀ ਅਧਿਕਾਰੀ ਦਾ ਤਬਾਦਲਾ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਆਮ ਲੋਕਾਂ ਦਾ ਕੰਮ ਹੋਵੇ। ਬੱਲੂਆਣਾ ਦੇ ਵਿਧਾਇਕ ਦੀ ਸੁਣਵਾਈ ਘੱਟ ਅਤੇ ਸੁਨੀਲ ਜਾਖੜ ਦੇ ਹਮਾਇਤੀ ਲੀਡਰਾਂ ਦੀ ਜ਼ਿਆਦਾ ਹੁੰਦੀ ਸੀ। ਇਸ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਕਾਰਨ ਪਿਛਲੇ ਦਿਨੀਂ ਨੱਥੂ ਰਾਮ ਨੇ ਇੱਕ ਪੱਤਰ ਜਾਰੀ ਕਰਦਿਆਂ ਬੱਲੂਆਣਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਇੱਕ ਐਸ.ਸੀ. ਵਿਧਾਇਕ ਹੋਣ ਕਾਰਨ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਨੱਥੂ ਰਾਮ ਨਾਲ ਕੈਪਟਨ ਸੰਦੀਪ ਸੰਧੂ ਨੇ ਗੱਲਬਾਤ ਕਰਦੇ ਹੋਏ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਮੁੱਖ ਮੰਤਰੀ ਦਫ਼ਤਰ ਦੇ ਮੁੱਖ ਅਧਿਕਾਰੀ ਸੁਰੇਸ਼ ਕੁਮਾਰ ਨੇ ਅਧਿਕਾਰੀਆਂ ਦੇ ਤਬਾਦਲੇ ਤੋਂ ਲੈ ਕੇ ਉਨ੍ਹਾਂ ਅਨੁਸਾਰ ਹੀ ਕੰਮ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਸੀ।
ਇੱਥੇ ਹੀ ਬੀਤੇ ਦਿਨੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਦਾ ਸਮਾਂ ਵੀ ਤੈਅ ਹੋ ਗਿਆ ਸੀ ਪਰ ਮੁੱਖ ਮੰਤਰੀ ਦਿੱਲੀ ਤੋਂ ਵਾਪਸ ਨਾ ਆਉਣ ਕਾਰਨ ਓਐੱਸਡੀ ਐੱਮ. ਸੀ. ਸਿੰਘ ਨੇ ਨੱਥੂ ਰਾਮ ਦੀ ਗੱਲਬਾਤ ਫੋਨ ਰਾਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕਰਵਾਈ ਸੀ, ਜਿੱਥੇ ਕਿ ਅਮਰਿੰਦਰ ਸਿੰਘ ਵੱਲੋਂ ਨੱਥੂ ਰਾਮ ਨੂੰ ਵਿਸ਼ਵਾਸ ਦੇ ਦਿੱਤਾ ਗਿਆ ਹੈ ਕਿ ਬੱਲੂਆਣਾ ਹਲਕੇ ਵਿੱਚ ਉਨ੍ਹਾਂ ਅਨੁਸਾਰ ਹੀ ਸਾਰਾ ਕੰਮਕਾਜ ਹੋਵੇਗਾ ਤੇ ਇਸ ਸਬੰਧੀ ਸੁਨੀਲ ਜਾਖੜ ਜਾਂ ਫਿਰ ਉਨ੍ਹਾਂ ਦੇ ਹਮਾਇਤੀਆਂ ਦੀ ਦਖਲ ਅੰਦਾਜੀ ਨਹੀਂ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।