ਲਖਨਊ, ਏਜੰਸੀ
ਚੋਣਾਂ ਦੌਰਾਨ ਅਕਸਰ ਅਯੁੱਧਿਆ ‘ਚ ਰਾਮ ਮੰਦਿਰ ਨਿਰਮਾਣ ਦੀ ਵਕਾਲਤ ਕਰਨ ਵਾਲੀ ਭਾਜਪਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਜਨ ਭਾਵਨਾਵਾਂ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਤੋਂ ਦੂਰੀ ਬਣਾ ਸਕਦੀ ਹੈ। ਪਾਰਟੀ ਸੂਤਰਾਂ ਨੇ ਅੱਜ ਦੱਸਿਆ ਕਿ ਰਾਮ ਜਨਮ ਭੂਮੀ ਮਸਲਾ ਸੁਪਰੀਮ ਕੋਰਟ ‘ਚ ਹੋਣ ਦੇ ਚੱਲਦਿਆ ਭਾਜਪਾ ਆਲਾਕਮਾਨ ਚੋਣ ਪ੍ਰਚਾਰ ‘ਚ ਇਸ ਮਾਮਲੇ ਤੋਂ ਪਰਹੇਜ਼ ਕਰੇਗੀ। ਪਾਰਟੀ ਨੂੰ ਉਮੀਦ ਹੈ ਕਿ ਅਦਾਲਤ ਦਾ ਫੈਸਲਾ ਮੰਦਰ ਦੇ ਪੱਖ ‘ਚ ਹੋਵੇਗਾ।
ਮੁੱਖ ਮੰਤਰੀ ਆਦਿੱਤਿਆਨਾਥ ਨੇ ਗੋਰਖਪੁਰ ‘ਚ ਅੱਜ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਰਾਮ ਮੰਦਿਰ ਨਿਰਮਾਣ ਪ੍ਰਭੂ ਰਾਮ ਦੀ ਇੱਛਾ ‘ਤੇ ਨਿਰਭਰ ਕਰਦਾ ਸੀ। ਇਸ ਦੌਰਾਨ ਉਨ੍ਹਾਂ ਇਸ਼ਾਰਾ ਕੀਤਾ ਸੀ ਕਿ ਮੰਦਿਰ ਮੁੱਦੇ ‘ਤੇ ਉਨ੍ਹਾਂ ਦੀ ਦਬਾਅ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਦੂਜੇ ਪਾਸੇ ਪ੍ਰਦੇਸ਼ ਦੇ ਸਿੰਚਾਈ ਮੰਤਰੀ ਧਰਮਪਾਲ ਸੈਣੀ ਰਾਮ ਮੰਦਿਰ ਭਾਜਪਾ ਦੇ ਏਜੰਡੇ ‘ਚ ਹੋਣ ਦੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਰੱਦ ਕਰ ਚੁੱਕੇ ਹਨ। ਸੈਣੀ ਨੇ ਅੱਜ ਏਟਾ ‘ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਰਾਮ ਮੰਦਿਰ ਪਾਰਟੀ ਦਾ ਏਜੰਡਾ ਨਹੀਂ ਹੈ। ਹਰ ਵਾਰ ਪਾਰਟੀ ਆਪਣੇ ਏਜੰੇਡੇ ‘ਚ ਵਿਕਾਸ ਦੇ ਮੁੱਦੇ ਨੂੰ ਤਰਜ਼ੀਹ ਦਿੰਦੀ ਹੈ ਤੇ ਇਸ ਵਾਰ ਵੀ ਇਸ ਨੂੰ ਤਵੱਜ਼ੋ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।