ਸਰਧਾਂਜਲੀ ਸਮਾਗਮ ‘ਤੇ ਇਕੱਠੇ ਹੋਏ ਖਹਿਰਾ ਤੇ ‘ਦਿੱਲੀ ਵਾਲੇ’ | Sardhanjali Function
- ਪਾਰਟੀ ਦੇ ਕਲੇਸ ਸਬੰਧੀ ਅਰਵਿੰਦ ਕੇਜ਼ਰੀਵਾਲ ਬੋਲੇ: ‘ਪ੍ਰੀਵਾਰਕ ਮਸਲਾ ਹੈ ਬੈਠ ਕੇ ਨਬੇੜ ਲਵਾਂਗੇ’ | Sardhanjali Function
ਬਰਨਾਲਾ (ਜੀਵਨ ਰਾਮਗੜ)। ਆਮ ਆਦਮੀ ਪਾਰਟੀ ਦੇ ਹਲਕਾ ਮਹਿਲਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਨਮਿੱਤ ਰੱਖਿਆ ਸਰਧਾਂਜ਼ਲੀ ਸਮਾਗਮ ਬੇਸ਼ੱਕ ‘ਆਪ’ ਦੇ ਦੋ ਧੜਿਆਂ ਦੇ ਨੇਤਾਵਾਂ ਨੂੰ ਇੱਕ ਪੰਡਾਲ ‘ਚ ਇਕੱਠਾ ਕਰਨ ‘ਚ ਤਾਂ ਕਾਮਯਾਬ ਹੋ ਗਿਆ ਪੰ੍ਰਤੂ ਦੋਵੇਂ ਧੜਿਆਂ ਦੇ ਨੇਤਾਵਾਂ ਦੇ ਨਾ ਸਿਰ ਜੁੜੇ ਅਤੇ ਨਾ ਅੱਖ ਮਿਲੀ। ਬਿਕਰਮ ਮਜੀਠੀਏ ਤੋਂ ਮੁਆਫੀ ਮੰਗਣ ਪਿੱਛੋਂ ਅੱਜ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਬਿਨਾਂ ਵਿਰੋਧ ਸਰਧਾਂਜ਼ਲੀ ਸਮਾਗਮ ਦੇ ਜ਼ਰੀਏ ਪੰਜਾਬ ‘ਚ ਪੈਰ ਧਰਾਵਾ ਕਰਨ ‘ਚ ਸਫ਼ਲ ਹੋ ਗਏ। ਅਰਵਿੰਦ ਕੇਜ਼ਰੀਵਾਲ ਅਤੇ ਮੁਨੀਸ਼ ਸ਼ਿਸ਼ੋਦੀਆ ਰੇਲ ਰਾਹੀਂ ਸੰਗਰੂਰ ਪੁੱਜੇ ਜਿਥੋਂ ਉਨ੍ਹਾਂ ਸੜਕ ਰਾਹੀਂ 11:30 ਵਜੇ ਪਹਿਲਾਂ ਹਲਕਾ ਬਰਨਾਲਾ ਦੇ ਆਪ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਪੁੱਜ ਕੇ ਪੰਜਾਬ ਦੇ ਸਾਥੀ ਸਾਂਸਦਾ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਇਥੋਂ ਹੀ ਮਹਿਲਕਲਾਂ ਦੇ ਪਿੰਡ ਪੰਡੋਰੀ ਲਈ ਰਵਾਨਾਂ ਹੋਏ। ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਮਹਿਲਕਲਾਂ ਦੀ ਅਨਾਜ਼ ਮੰਡੀ ‘ਚੋਂ ਆਪਣੇ ਹਮਾਇਤੀਆਂ ਨਾਲ ਵੱਖਰੇ ਤੌਰ ‘ਤੇ ਰਵਾਨਾਂ ਹੋਏ।
ਇਹ ਵੀ ਪੜ੍ਹੋ : ਸੁਰਿੰਦਰ ਛਿੰਦੇ ਦੇ ਤੁਰ ਜਾਣ ਨਾਲ ਲੋਕ ਗਾਇਕੀ ਦੇ ਇਕ ਯੁੱਗ ਦਾ ਅੰਤ : ਮੀਤ ਹੇਅਰ
ਸਰਧਾਂਜ਼ਲੀ ਸਮਾਗਮ ‘ਚ ਸੁਖਪਾਲ ਖਹਿਰਾ ਆਪਣੇ ਸਾਥੀ ਤਿੰਨ ਵਿਧਾਇਕਾਂ ਨਾਲ ਵਿਸ਼ੇਸ਼ ਬਣੇ ਵੀਆਈਪੀ ਪੰਡਾਲ ‘ਚ ਪਿੱਛੇ ਬੈਠੇ ਜਦਕਿ ਅਰਵਿੰਦ ਕੇਜ਼ਰੀਵਾਲ, ਮੁਨੀਸ਼ ਸ਼ਿਸ਼ੋਦੀਆ ਤੇ ਭਗਵੰਤ ਮਾਨ ਤੇ ਹੋਰ ਵਿਧਾਇਕ ਵੀਆਈਪੀ ਪੰਡਾਲ ‘ਚ ਅੱਗੇ ਬੈਠੇ। ਸਰਧਾਂਜ਼ਲੀ ਸਮਾਗਮ ‘ਚ ਭਗਵੰਤ ਮਾਨ ਨੇ ਸਟੇਜ਼ ਦਾ ਸੰਚਾਲਨ ਕਰਦਿਆਂ ਖਹਿਰਾ ਸਮੇਤ ਸਭ ਬਾਗੀ ਵਿਧਾਇਕਾਂ ਦੀ ਹਾਜ਼ਰੀ ਲਵਾਈ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਸੀਨੀਅਰ ਨੇਤਾ ਆਖਦਿਆਂ ਸਰਧਾਂਜ਼ਲੀ ਭੇਂਟ ਕਰਨ ਲਈ ਸਮਾਂ ਦਿੱਤਾ। ਖਹਿਰਾ ਨੇ ਬਿਨ੍ਹਾਂ ਕਿਸੇ ਸਿਆਸੀ ਸਬਦਾਂ ਦੇ ਸ਼ਰਧਾਜ਼ਲੀ ਭੇਂਟ ਕੀਤੀ।
ਉਨ੍ਹਾਂ ਤੋਂ ਬਾਅਦ ਅਰਵਿੰਦ ਕੇਜ਼ਰੀਵਾਲ ਨੇ ਵਿਛੜੀ ਆਤਮਾਂ ਲਈ ਨਿਰੋਲ ਸਰਧਾਂਜ਼ਲੀ ਦੇ ਸ਼ਬਦ ਕਹੇ। ਅਖ਼ੀਰ ‘ਚ ਧੰਨਵਾਦੀ ਸ਼ਬਦ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਹੇ। ਅਰਵਿੰਦ ਕੇਜ਼ਰੀਵਾਲ ਅਤੇ ਮੁਨੀਸ਼ ਸ਼ਿਸ਼ੋਦੀਆ ਨੇ ਸੋਗ ਸਮਾਗਮ ਦਾ ਹਵਾਲਾ ਦੇ ਕੇ ਮੀਡੀਆ ਦੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਕੇਜ਼ਰੀਵਾਲ ਨੇ ਵਾਰ ਵਾਰ ਪੁੱਛਣ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਲੇਸ਼ ਸਬੰਧੀ ਕਿਹਾ ਕਿ ‘ਪਰਿਵਾਰਾਂ ‘ਚ ਅਜਿਹਾ ਅਕਸਰ ਹੁੰਦਾ ਰਹਿੰਦਾ ਹੈ, ਮਿਲ ਬੈਠ ਕੇ ਠੀਕ ਕਰ ਲਵਾਂਗੇ, ਤੁਸੀਂ ਚਿੰਤਾ ਨਾ ਕਰੋ।’ ਭਗਵੰਤ ਮਾਨ ਦੇ ਸੁਰ ਵੀ ਅੱਜ ਸੁਖਪਾਲ ਖਹਿਰਾ ਪ੍ਰਤੀ ਨਰਮ ਰਹੇ। ਸਾਂਸਦ ਭਗਵੰਤ ਮਾਨ ਨੇ ਪਾਰਟੀ ਕਲੇਸ਼ ਨੂੰ ਪ੍ਰੀਵਾਰਕ ਮਸਲਾ ਦੱਸਦਿਆਂ ਇਸ ਦੀ ਜਲਦ ਪੂਰਤੀ ਕਰਨ ਸਬੰਧੀ ਕਿਹਾ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਕੇਜ਼ਰੀਵਾਲ ਦੇ ਆਉਣ ਸਬੰਧੀ ਕੋਈ ਸੂਚਨਾ ਨਹੀਂ ਸੀ। ਖਹਿਰਾ ਨੇ ਕਿਹਾ ਕਿ ਉਹ ਅਰਵਿੰਦ ਕੇਜ਼ਰੀਵਾਲ ਨੂੰ ਹੀ ਆਪਣਾਂ ਕਨਵੀਨਰ ਮੰਨਦੇ ਹਨ ਪ੍ਰੰਤੂ ਉਸਨੂੰ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਸਬੰਧੀ ਕੋਈ ਕਾਲ ਨਹੀਂ ਕੀਤੀ ਜਾਂਦੀ।
ਜਦਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਹਿਰਾ ਪ੍ਰਤੀ ਤਿੱਖੇ ਸੁਰ ‘ਚ ਕਿਹਾ ਕਿ ‘ਖਹਿਰਾ ਨੂੰ ਕਿਸੇ ਨੇ ਵੀ ਨਹੀਂ ਰੋਕਿਆ। ਉਹ ਸੁਨਾਮ ਵਿਖੇ ਵਲੰਟੀਅਰਾਂ ਦੀ ਮੀਟਿੰਗ ‘ਚ ਹਿੱਸਾ ਲੈ ਸਕਦੇ ਹਨ, ਜਿਥੇ ਕੇਜਰੀਵਾਲ ਸੰਬੋਧਨ ਕਰਨਗੇ। ਜਿਸਦੇ ਜੁਆਬ ‘ਚ ਖਹਿਰਾ ਨੇ ਕਿਹਾ ਕਿ ‘ਸੁਨੇਹੇਂ ਸੜਕਾਂ ‘ਤੇ ਮੀਡੀਆ ਰਾਹੀਂ ਨਹੀਂ ਦਿੱਤੇ ਜਾਂਦੇ।’ ਖਹਿਰਾ ਨੇ ਪਾਰਟੀ ਰਜਾਮੰਦੀ ਸਬੰਧੀ ਸੁਆਲ ਦੇ ਜੁਆਬ ‘ਚ ਕਿਹਾ ਕਿ ਵਿਧਾਇਕ ਅਮਨ ਅਰੋੜਾ ਉਨ੍ਹਾਂ ਕੋਲ ਨਿੱਜੀ ਰੂਪ ‘ਚ ਇਸ ਸਬੰਧੀ ਮਿਲਣ ਆਇਆ ਸੀ। ਪ੍ਰੰਤੂ ਹੁਣ ਉਹ ਪੰਜਾਬ ਦੀ ਖੁਦਮੁਖਤਿਆਰੀ ਦੇ ਸਟੈਂਡ ‘ਤੇ ਕਾਇਮ ਹਨ।
ਇਸ ਮੌਕੇ ਅਰਵਿੰਦ ਕੇਜ਼ਰੀਵਾਲ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮੁਨੀਸ਼ ਸ਼ਿਸ਼ੋਦੀਆ, ਸਾਂਸਦ ਭਗਵੰਤ ਮਾਨ, ਸਾਂਸਦ ਪ੍ਰੋ ਸਾਧੂ ਸਿੰਘ, ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਡਾ ਬਲਬੀਰ ਸਿੰਘ, ਵਿਧਾਇਕ ਅਮਨ ਅਰੋੜਾ, ਵਿਧਾਇਕ ਕੁਲਤਾਰ ਸੰਧਵਾਂ, ਵਿਧਾਇਕ ਸਰਬਜੀਤ ਕੌਰ ਮਾਣੂਕੇ, ਵਿਧਾਇਕ ਰੁਪਿੰਦਰ ਕੌਰ ਰੂਬੀ, ਵਿਧਾਇਕ ਬਲਜਿੰਦਰ ਕੌਰ, ਵਿਧਾਇਕ ਅਮਰਜੀਤ ਸੰਦੋਆ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਮਨਜੀਤ ਬਿਲਾਸਪੁਰ ਅਤੇ ਬਾਗੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੇ ਨਾਲ ਵਿਧਾਇਕ ਨਾਜ਼ਰ ਮਾਨਸ਼ਾਹੀਆ, ਵਿਧਾਇਕ ਪਿਰਮਿਲ ਸਿੰਘ, ਵਿਧਾਇਕ ਜਗਦੇਵ ਕਮਾਲੂ, ਵਿਧਾਇਕ ਜੈ ਕਿਸ਼ਨ ਰੋੜੀ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਆਦਿ ਹਾਜ਼ਰ ਸਨ।