ਮਾਮਲਾ ਦੇਣਦਾਰੀ ਦਾ | Bhadaur Murder
- ਭਦੌੜ ਦੀ ਰਾਜ ਰਾਣੀ ਦਾ ਕਤਲ ਭਦੌੜ ਦੇ ਹੀ ਬਿਜਲੀ ਮੁਲਾਜਮ ਨੇ ਕੀਤਾ ਸੀ | Bhadaur Murder
ਬਰਨਾਲਾ, (ਜੀਵਨ ਰਾਮਗੜ੍ਹ)। ਲੰਘੀ 6 ਅਗਸਤ ਨੂੰ ਭਦੌੜ ਦੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ ਚ ਇੱਕ ਘਰ ਵਿਖੇ ਇੱਕਲੀ ਰਹਿੰਦੀ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਤੋਂ 8 ਦਿਨਾਂ ਦੀ ਮੁਸ਼ੱਕਤ ਉਪਰੰਤ ਪੁਲਿਸ ਨੇ ਪਰਦਾ ਚੱਕ ਦਿੱਤਾ। ਪੁਲਿਸ ਅਨੁਸਾਰ ਭਦੌੜ ਦੀ ਰਾਜ ਰਾਣੀ ਦਾ ਕਤਲ ਭਦੌੜ ਦੇ ਹੀ ਯੋਗੇਸ਼ ਕੁਮਾਰ ਉਰਫ ਮਿੱਠੀ ਨੇ ਕੀਤਾ ਸੀ ਜੋ ਕਿ ਭਦੌੜ ਵਿਖੇ ਪਾਵਰਕੌਮ ਚ ਆਪਣੇ ਪਿਤਾ ਦੀ ਮੌਤ ਉਪਰੰਤ ਮੁਲਾਜਮ ਲੱਗਿਆ ਹੋਇਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਰਾਜ ਰਾਣੀ ਪਤਨੀ ਸਵ ਰਮੇਸ਼ਵਰ ਦਾਸ ਦਾ ਉਸ ਦੇ ਰਿਹਾਇਸ਼ੀ ਮਕਾਨ ਅੰਦਰ ਕਤਲ ਹੋ ਗਿਆ ਸੀ ਤੇ ਕਾਤਲ ਮੌਕੇ ਤੋਂ ਉਸ ਦੇ ਪਹਿਣੇ ਸੋਨੇ ਦੇ ਗਹਿਣੇ ਵੀ ਲੁੱਟ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਪੀ ਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਸੁਰਜੀਤ ਸਿੰਘ ਧਨੌਆ, ਡੀਐਸਪੀ ਤਪਾ ਤੇਜਿੰਦਰ ਸਿੰਘ, ਸੀਆਈਏ ਇੰਚਾਰਜ਼ ਬਲਜੀਤ ਸਿੰਘ ਤੇ ਥਾਣਾ ਭਦੌੜ ਦੇ ਮੁਖੀ ਪ੍ਰਗਟ ਸਿੰਘ ਤੇ ਮਹਿਲਾ ਥਾਣੇਦਾਰ ਅਮਨਦੀਪ ਕੌਰ ‘ਤੇ ਅਧਾਰਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।
ਜਿਨ੍ਹਾਂ ਵੱਲੋਂ ਉਕਤ ਕੇਸ ਦੀ ਬਹੁਤ ਹੀ ਡੂਘਾਈ ਨਾਲ ਪੜਤਾਲ ਕੀਤੀ ਜਾ ਰਹੀ ਸੀ, ਦੌਰਾਨੇ ਪੜਤਾਲ ਸੀਆਈਏ ਇੰਚਾਰਜ਼ ਬਲਜੀਤ ਸਿੰਘ ਤੇ ਐਸਐਚਓ ਪ੍ਰਗਟ ਸਿੰਘ ਥਾਣਾ ਭਦੌੜ ਨੂੰ ਖੁਫ਼ਿਆ ਇਤਲਾਹ ਮਿਲੀ ਕਿ ਯੋਗੇਸ਼ ਕੁਮਾਰ ਵਾਸੀ ਕਲਾਲ ਮੁਹੱਲਾ ਭਦੌੜ ਨੇ ਰਾਜ ਰਾਣੀ ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕੀਤਾ ਹੈ ਤੇ ਉਸ ‘ਤੇ ਪਾਏ ਸੋਨੇ ਦੇ ਗਹਿਣੇ ਲੁੱਟੇ ਹਨ। ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਇਸ ਇਤਲਾਹ ‘ਤੇ ਯੋਗੇਸ਼ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ 13 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਯੋਗੇਸ਼ ਕੁਮਾਰ ਨੇ ਮੰਨਿਆ ਕਿ ਉਸ ਨੇ ਰਾਜ ਰਾਣੀ ਦੇ ਪੈਸੇ ਦੇਣੇ ਸਨ।
ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ
ਜੋ ਉਸ ਨੂੰ ਵਾਰ ਵਾਰ ਤੰਗ ਕਰਦੀ ਸੀ, ਉਸ ਨੇ ਪੈਸੇ ਨਾ ਮੋੜਨ ਤੇ ਲੁੱਟ ਦੀ ਨੀਅੱਤ ਨਾਲ ਰਾਜ ਰਾਣੀ ਦਾ ਕਤਲ ਕਰ ਦਿੱਤਾ। ਪੁਲਿਸ ਯੋਗੇਸ਼ ਦੀ ਨਿਸ਼ਾਨਦੇਹੀ ‘ਤੇ ਲੁੱਟੇ 175 ਗ੍ਰਾਮ ਸੋਨੇ ਦੇ ਗਹਿਣੇ ਉਸ ਦੇ ਰਿਹਾਇਸ਼ੀ ਮਕਾਨ ‘ਚੋ ਬਰਾਮਦ ਕੀਤੇ। ਇਸ ਤੋਂ ਇਲਾਵਾ ਯੁਗੇਸ਼ ਕੁਮਾਰ ਨੇ ਇਹ ਵੀ ਮੰਨਿਆ ਕਿ ਉਸ ਨੇ 85.6 ਗ੍ਰਾਮ ਸੋਨੇ ਦੇ ਗਹਿਣੇ ਮਥੂਟ ਫ਼ਿਨਪੋਪ ਲਿਮ: ਬ੍ਰਾਂਚ ਬਰਨਾਲਾ ਕੋਲ ਗਹਿਣੇ ਰੱਖ ਕੇ ਲੋਨ ਲੈ ਲਿਆ ਹੈ। ਪੁਲਿਸ ਨੇ ਯੁਗੇਸ਼ ਕੁਮਾਰ ਵੱਲੋਂ ਲਏ ਲੋਨ ਦੇ ਦਸਤਾਵੇਜ਼ ਵੀ ਕਬਜ਼ੇ ‘ਚ ਲੈ ਲਏ ਹਨ। ਰਾਜ ਰਾਣੀ ਦੇ ਗਹਿਣਿਆਂ ਦੀ ਪਹਿਚਾਣ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਕਰਵਾਈ ਗਈ ਹੈ ਪੁਲਿਸ ਅਨੁਸਾਰ ਦੋਸ਼ੀ ਯੋਗੇਸ਼ ਕੁਮਾਰ ਤੋਂ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।