ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, ਏਜੰਸੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਨੂੰਨ ਦੇ ਅਮਲ ‘ਚ ਆਉਣ ਤੋਂ ਬਾਅਦ ਭਗੌੜੇ ਆਰਥਿਕ ਅਪਰਾਧੀਆਂ ‘ਤੇ ਲਗਾਮ ਲੱਗੇਗੀ ਤੇ ਉਹ ਕਾਨੂੰਨ ਪ੍ਰਕਿਰਿਆ ਤੋਂ ਨਹੀਂ ਬਚ ਸਕਣਗੇ। ਭੌਗੜਾ ਆਰਥਿਕ ਅਪਰਾਧੀ ਉਹ ਵਿਅਕਤੀ ਹੁੰਦਾ ਹੈ, ਜਿਸ ਖਿਲਾਫ਼ 100 ਕਰੋੜ ਰੁਪਏ ਜਾਂ ਉਸ ਤੋਂ ਵੱਧ ਮੁੱਲ ਦੇ ਚੁਣਵੇਂ ਆਰਥਿਕ ਅਪਰਾਧਾਂ ‘ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੋਵੇ ਤੇ ਉਹ ਅਪਰਾਧਿਕ ਪੈਰਵੀ ਤੋਂ ਬਚਣ ਲਈ ਦੇਸ਼ ਤੋਂ ਬਾਹਰ ਚਲਾ ਗਿਆ ਹੋਵੇ।
ਇਸ ਨਵੇਂ ਕਾਨੂੰਨ ਨਾਲ ਵਿਜੈ ਮਾਲਿਆ ਤੇ ਨੀਰਵ ਮੋਦੀ ਵਰਗੇ, ਵੱਡੇ ਆਰਥਿਕ ਅਪਰਾਧਾਂ ‘ਚ ਸ਼ਾਮਲ ਵਿਅਕਤੀਆਂ ਨੂੰ ਦੇਸ਼ ਤੋਂ ਭੱਜਣ ਤੇ ਕਾਨੂੰਨ ਤੋਂ ਬਚਣ ਤੋਂ ਰੋਕਿਆ ਜਾ ਸਕੇਗਾ। ਮਾਲਿਆ ਤੇ ਮੋਦੀ ਦੀ ਆਰਥਿਕ ਅਪਰਾਧਾਂ ‘ਚ ਤਲਾਸ਼ ਹੈ ਦੋਵੇਂ ਹੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਦੋਵਾਂ ਦੇ ਮਾਮਲਿਆਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕਰ ਰਹੀ ਹੈ।
ਜੁਲਾਈ ‘ਚ ਸਦਨ ਤੋਂ ਮਿਲੀ ਸੀ ਮਨਜ਼ੂਰੀ
ਭਗੌੜਾ ਆਰਥਿਕ ਅਪਰਾਧੀ ਬਿੱਲ 2018 ਰਾਜ ਸਭਾ ‘ਚ 25 ਜੁਲਾਈ ਨੂੰ ਪਾਸ ਹੋਇਆ ਸੀ ਜਦੋਂਕਿ ਲੋਕ ਸਭਾ ਨੇ ਇਸ ਬਿੱਲ ਨੂੰ 19 ਜੁਲਾਈ ਨੂੰ ਮਨਜ਼ੂਰੀ ਦਿੱਤੀ ਸੀ। ਇਸ ਕਾਨੂੰਨ ਦੇ ਤਹਿਤ ਘੱਟ-ਘੱਟੋ 100 ਕਰੋੜ ਰੁਪਏ ਦੀ ਸੀਮਾ ਨੂੰ ਉੱਚਿਤ ਠਹਿਰਾਉਂਦਿਆਂ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਹਾਲ ‘ਚ ਸੰਸਦ ‘ਚ ਕਿਹਾ ਸੀ ਕਿ ਇਸ ਪਿੱਛੇ ਮਕਸਦ ਵੱਡੇ ਅਪਰਾਧੀਆਂ ਨੂੰ ਫੜਨਾ ਹੈ। ਉਨ੍ਹਾਂ ਕਿਹਾ ਸੀ ਕਿ ਕਾਨੂੰਨ ਤਹਿਤ ਈਡੀ ਜਾਂਚ ਏਜੰਸੀ ਦਾ ਕੰਮ ਕਰੇਗੀ।
ਭਾਰਤ ਨੇ ਐਂਟੀਗੁਆ ਨੂੰ ਸੌਂਪੇ ਕਾਗਜ਼ਾਤ
ਨਵੀਂ ਦਿੱਲੀ ਪੀਐਨਬੀ ਘਪਲੇ ਦੇ ਦੋਸ਼ੀ ਤੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਹਵਾਲਗੀ ਲਈ ਭਾਰਤ ਸਰਕਾਰ ਨੇ ਐਂਟੀਗੁਆ ਨੂੰ ਰਸਮੀ ਕਾਗਜ਼ਾਤ ਸੌਪ ਦਿੱਤੇ ਹਨ। ਭਾਰਤ ਤੋਂ ਫਰਾਰ ਚੋਕਸੀ ਪਿਛਲੇ ਮਹੀਨੇ ਅਮਰੀਕਾ ਤੋਂ ਐਂਟੀਗੁਆ ਸ਼ਿਫ਼ਟ ਹੋ ਗਿਆ ਸੀ। ਇੱਥੋਂ ਤੱਕ ਕਿ ਉਸ ਕੋਲ ਹੁਣ ਐਂਟੀਗੁਆ ਦੀ ਨਾਗਰਿਕਤਾ ਵੀ ਹੈ ਇਹੀ ਕਾਰਨ ਹੈ ਕਿ ਭਾਰਤ ਦਾ ਪਾਸਪੋਰਟ ਰੱਦ ਹੋਣ ਦੇ ਬਾਵਜ਼ੂਦ ਉਸ ਨੂੰ ਆਸਾਨੀ ਨਾਲ ਐਂਟੀਗੁਆ ‘ਚ ਐਂਟਰੀ ਮਿਲ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਂਟੀਗੁਆ ਦੇ ਵਿਦੇਸ਼ ਮੰਤਰੀ ਈਪੀ ਚੇਤ ਗ੍ਰੀਨ ਨੇ ਭਰੋਸਾ ਦਿਵਾਇਆ ਸੀ ਕਿ ਚੋਕਸੀ ਦੀ ਹਵਾਲਗੀ ਦੇ ਕਿਸੇ ਵੀ ਜਾਇਜ਼ ਅਪੀਲ ਦਾ ਸਨਮਾਨ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।