ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਨਾਥ ਸਿੰਘ ਨੂੰ ਪੱਤਰ | Amarinder Singh
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਰੁਤਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਿਆਂਦੇ ਜਾਣ ਨੂੰ ਇੱਕਵੱਢਿਓਂ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ (Amarinder Singh) ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਪਸੀ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਰਾਹੀਂ ਯੂਨੀਵਰਸਿਟੀ ਲਈ ਗ੍ਰਾਂਟ ਇਨ ਏਡ ਵਿੱਚ ਵਾਧਾ ਕਰਨ ਲਈ ਤਿਆਰ ਹੈ। ਰਾਜਨਾਥ ਸਿੰਘ ਨੂੰ ਲਿਖੇ ਇੱਕ ਅਰਧ ਸਰਕਾਰੀ ਪੱਤਰ ਵਿਚ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੀ ਕਾਰਵਾਈ ਦਾ ਹਰਿਆਣਾ ਸਰਕਾਰ ਫਾਇਦਾ ਨਹੀਂ ਉਠਾ ਸਕਦੀ। ਉਨ੍ਹਾਂ ਲਿਖਿਆ ਹੈ ਕਿ ਵਿੱਤੀ ਸਰੋਤਾਂ ਦੀ ਅਸਥਾਈ ਸਮੱਸਿਆ ਅਤੇ ਸੰਵਿਧਾਨਿਕ ਦਾਅਵੇਦਾਰਾਂ ਦਾ ਮਤਾ ਹਰਿਆਣਾ ਸਰਕਾਰ ਨੂੰ ਪਹਿਲਾਂ ਵਾਲੀ ਸਥਿਤੀ ਵਾਸਤੇ ਪਰਤਣ ਦੀ ਇਜ਼ਾਜਤ ਨਹੀਂ ਦਿੰਦਾ। (Amarinder Singh)
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਆਪਣੇ ਹਿੱਸੇ ਦੀ ਬਹਾਲੀ ਬਾਰੇ ਹਰਿਆਣਾ ਸਰਕਾਰ ਦਾ ਪ੍ਰਸਤਾਵ ਇਤਿਹਾਸਕ, ਤਰਕਪੂਰਨ, ਵਿਵੇਕਸ਼ੀਲ ਅਤੇ ਸਭਿਆਚਾਰਕ ਤੌਰ ‘ਤੇ ਦਰੁਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਆਪਣੀ ਇੱਛਾ ਅਨੁਸਾਰ ਇਤਿਹਾਸ ਨੂੰ ਮੋੜਾ ਦੇ ਕੇ ਇਸ ‘ਤੇ ਆਪਣਾ ਝੂਠਾ ਹੱਕ ਨਹੀਂ ਜਤਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ, 1966 ਦੀ ਧਾਰਾ 72 ਦੀ ਉਪ ਧਾਰਾ(4) ਦੇ ਅਨੁਸਾਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਯੂ.ਟੀ. ਪ੍ਰਸ਼ਾਸਨ ਦੀ ਕਰਮਵਾਰ 20:20:20:40 ਦੇ ਅਨੁਸਾਰ ਹਿੱਸੇਦਾਰੀ ਸੀ ਅਤੇ ਇਸ ਅਨੁਸਾਰ ਇਨ੍ਹਾਂ ਵੱਲੋਂ ਰੱਖ-ਰਖਾਓ ਸਬੰਧੀ ਗ੍ਰਾਂਟ ਦੀ ਕਮੀ ਦਾ ਭੁਗਤਾਨ ਕੀਤਾ ਜਾਂਦਾ ਸੀ।
ਪੰਜਾਬ ਸਰਕਾਰ ਦੁਵੱਲੀ ਗੱਲਬਾਤ ਰਾਹੀਂ ਯੂਨੀਵਰਸਿਟੀ ਦੀ ਗ੍ਰਾਂਟ ਵਧਾਉਣ ਲਈ ਤਿਆਰ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ ਇਸ ਭਾਈਵਾਲੀ ਵਾਲੇ ਪ੍ਰਬੰਧ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ ਸੀ। ਹਰਿਆਣਾ ਸਰਕਾਰ ਨੇ ਆਪਣੇ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਨਾਲ ਐਫੀਲਿਏਸ਼ਨ ਵਾਪਸ ਲੈ ਲਈ ਸੀ ਅਤੇ ਇਨ੍ਹਾਂ ਕਾਲਜਾਂ ਨੂੰ ਹਰਿਆਣਾ ਰਾਜ ਵਿੱਚ ਹੋਰਨਾਂ ਯੂਨੀਵਰਸਿਟੀਆਂ ‘ਚ ਤਬਦੀਲ ਕਰ ਦਿੱਤਾ ਸੀ। ਹਰਿਆਣਾ ਸਰਕਾਰ ਦਾ ਇਹ ਫੈਸਲਾ ਇੱਕਪਾਸੜ ਅਤੇ ਬਿਨਾਸ਼ਰਤ ਸੀ। ਇਸ ਕਰਕੇ 1976 ਤੋਂ ਪੰਜਾਬ ਅਤੇ ਚੰਡੀਗੜ੍ਹ ਯੂ.ਟੀ. ਪ੍ਰਸ਼ਾਸਨ ਕਰਮਵਾਰ 40:60 ਦੇ ਅਨੁਸਾਰ ਯੂਨੀਵਰਸਿਟੀ ਨੂੰ ਰਖ-ਰਖਾਓ ਸਬੰਧੀ ਗਰਾਂਟ ਦੀ ਕਮੀ ਦਾ ਭੁਗਤਾਨ ਕਰਦੇ ਆ ਰਹੇ ਹਨ। ਭਾਰਤ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ ਮਿਤੀ: 27 ਅਕਤੂਬਰ 1997 ਅਨੁਸਾਰ ਪੰਜਾਬ ਯੂਨੀਵਰਸਿਟੀ ਦੀਆਂ ਵੱਖ-ਵੱਖ ਗਵਰਨਿੰਗ ਬਾਡੀਆਂ ਵਿੱਚ ਹਰਿਆਣਾ ਦੀ ਨੁਮਾਇੰਦਗੀ ਨੂੰ ਖ਼ਤਮ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਆਪਣੀ ਸ਼ੁਰੂਆਤ ਤੋਂ ਹੀ ਲਗਾਤਾਰ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਪੰਜਾਬ ਰਾਜ ਵਿੱਚ ਕਾਰਜ ਕੀਤਾ ਹੈ। ਇਸ ਨੂੰ ਉਸ ਸਮੇਂ ਦੀ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਪਹਿਲਾਂ ਹੁਸ਼ਿਆਰਪੁਰ ਅਤੇ ਬਾਅਦ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਤਬਦੀਲ ਕੀਤਾ ਗਿਆ। ਇਸ ਦੇ ਨਾਲ ਪੰਜਾਬ ਦੇ 175 ਕਾਲਜ ਸਬੰਧਤ ਹਨ, ਜੋ ਫਾਜ਼ਿਲਕਾ ਫਿਰੋਜ਼ਪੁਰ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਐਸ.ਬੀ.ਐਸ. ਨਗਰ ਵਿੱਚ ਹਨ। ਇਨ੍ਹਾਂ ਕਾਲਜਾਂ ਦੇ ਇਹ ਸਾਰੇ ਇਲਾਕੇ ਪੰਜਾਬ ਵਿੱਚ ਪੈਂਦੇ ਹਨ ਅਤੇ ਪੰਜਾਬ ਯੂਨੀਵਰਸਿਟੀ ਦਾ ਖੇਤਰ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੀ ਪੈਂਦਾ ਹੈ।