ਪੰਚਕੂਲਾ ਦੀ ਅਦਾਲਤ ਨੇ ਪਵਨ ਇੰਸਾਂ ਤੇ ਸੁਰਿੰਦਰ ਧੀਮਾਨ ਸਣੇ ਚਮਕੌਰ ਸਿੰਘ ਤੋਂ ਧਾਰਾ ਹਟਾਈ | Sedition Clause
ਪੰਚਕੂਲਾ/ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਚਕੂਲਾ ਹਿੰਸਾ ਮਾਮਲੇ ਵਿੱਚ ਡੇਰਾ ਪ੍ਰੇਮੀ ਦੇਸ਼ਧ੍ਰੋਹੀ ਨਹੀਂ ਹਨ ਅਤੇ ਉਨ੍ਹਾਂ ਖ਼ਿਲਾਫ਼ ਲਗਾਈ ਗਈ ਧਾਰਾ 124 ਏ ਲਾਗੂ ਨਹੀਂ ਕੀਤੀ ਜਾ ਸਕਦੀ। ਪੰਚਕੂਲਾ ਪੁਲਿਸ ਨੇ ਗਲਤ ਤਰੀਕੇ ਨਾਲ ਇਨ੍ਹਾਂ ਖ਼ਿਲਾਫ਼ ਇਹ ਧਾਰਾ ਲਗਾਈ ਹੈ, ਜਦੋਂ ਕਿ ਡੇਰਾ ਪ੍ਰੇਮੀਆਂ ਵੱਲੋਂ ਦੇਸ਼ ਦੇ ਖ਼ਿਲਾਫ਼ ਕੋਈ ਵੀ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਗਿਆ। ਮਾਣਯੋਗ ਜੱਜ ਰਾਜਨ ਵਾਲੀਆ ਦੀ ਅਦਾਲਤ ਪੰਚਕੂਲਾ ਨੇ ਬਚਾਅ ਪੱਖ ਦੇ ਇਨ੍ਹਾਂ ਤਰਕਾਂ ਨੂੰ ਠੀਕ ਠਹਿਰਾਉਂਦੇ ਹੋਏ 20 ਡੇਰਾ ਪ੍ਰੇਮੀਆਂ ਤੋਂ ਦੇਸ਼ਧ੍ਰੋਹ ਦੀ ਧਾਰਾ ਹਟਾ ਦਿੱਤੀ ਹੈ। (Sedition Clause)
ਉਨ੍ਹਾਂ ਖ਼ਿਲਾਫ਼ ਲਗਾਈ ਗਈ ਧਾਰਾ 121, 121 ਏ ਤੇ 124 ਏ ਤਹਿਤ ਦੇਸ਼ਧ੍ਰੋਹ ਦੀ ਧਾਰਾ ਨੂੰ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਐਫ.ਆਈ.ਆਰ. ਨੰਬਰ 343 ਦੇ ਸਬੰਧ ਵਿੱਚ ਆਇਆ ਹੈ, ਜਿਸ ਵਿੱਚ ਡਾ. ਪਵਨ ਇੰਸਾਂ, ਚਮਕੌਰ ਇੰਸਾਂ ਅਤੇ ਸੁਰਿੰਦਰ ਧੀਮਾਨ ਸਣੇ 20 ਡੇਰਾ ਪ੍ਰੇਮੀ ਸ਼ਾਮਲ ਹਨ। ਬਚਾਅ ਪੱਖ ਦੇ ਵਕੀਲ ਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਪੰਚਕੂਲਾ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਦੇਸ਼ਧ੍ਰੋਹ ਦੇ ਮਾਮਲੇ ਪਾਉਂਦੇ ਹੋਏ ਉਨ੍ਹਾਂ ਦੇ ਮੁਵੱਕਿਲਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਸੀ। (Sedition Clause)
ਜਦੋਂ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਚੱਲੇ। ਉਨ੍ਹਾਂ ਕਿਹਾ ਕਿ ਲੰਬੀ ਚਲੀ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਸੋਮਵਾਰ ਨੂੰ ਉਨਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ। ਜਿਸ ਕਾਰਨ ਹੁਣ ਉਨਾਂ ਦੇ ਸਾਰੇ ਮੁਵੱਕਿਲ ਧਾਰਾ 121, 121 ਏ ਅਤੇ 124 ਏ ਮੁਕਤ ਹੋ ਗਏ ਹਨ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਗਵਾਹਾਂ ਦੀ ਪੇਸ਼ੀ ਹੋਏਗੀ, ਜਿਥੇ ਕਿ ਉਹ ਇਨਾਂ ਨੂੰ ਨਿਰਦੋਸ਼ ਸਾਬਤ ਕਰਨਗੇ।