ਆਪਣੀ ਰੈਗੂਲਰ ਹੋਣ ਦੀ ਮੰਗ ਸਬੰਧੀ ਪਿਛਲੇ ਕਈ ਦਿਨਾਂ ਤੋਂ ਠੇਕਾ ਮੁਲਾਜ਼ਮ ਡਟੇ ਹੋਏ ਹਨ ਧਰਨੇ ‘ਤੇ | Punjabi University
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪੰਜਾਬੀ ਯੂਨੀਵਰਸਿਟੀ ਵਿਖੇ ਧਰਨੇ ‘ਤੇ ਬੈਠੇ ਮੁਲਾਜ਼ਮਾਂ ਵੱਲੋਂ ਸਮੱਰਥਨ ਵਿੱਚ ਆਏ ਸੁਖਪਾਲ ਖਹਿਰਾ ਨੂੰ ਆਪਣੇ ਧਰਨੇ ਵਿੱਚ ਹੀ ਆਉਣ ਤੋਂ ਰੋਕ ਦਿੱਤਾ ਗਿਆ। ਇਨ੍ਹਾਂ ਧਰਨਕਾਰੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ‘ਤੇ ਕਿਸੇ ਵੀ ਪਾਰਟੀ ਦੇ ਆਗੂ ਨੂੰ ਆਪਣੀ ਸਿਆਸਤ ਨਹੀਂ ਕਰਨ ਦੇਣਗੇ। ਇਸ ਤੋਂ ਬਾਅਦ ਖਹਿਰਾ ਨੂੰ ਆਪਣੇ ਕਿਸੇ ਆਗੂ ਦੇ ਘਰ ਪ੍ਰੈਸ ਕਾਨਫਰੰਸ ਕਰਨ ਲਈ ਮਜ਼ਬੂਰ ਹੋਣਾ ਪਿਆ। (Punjabi University)
ਇਹ ਵੀ ਪੜ੍ਹੋ : ਬਾਦਸ਼ਾਹਪੁਰ-ਸਮਾਣਾ ਰੋਡ ਟੁੱਟਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਹੋਈ ਬੰਦ
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ ਠੇਕਾ ਸਿਸਟਮ ‘ਤੇ ਰੱਖੇ ਹੋਏ ਮੁਲਾਜ਼ਮਾਂ ਵੱਲੋਂ ਆਪਣੀ ਰੈਗੂਲਰ ਮੰਗ ਸਬੰਧੀ ਪਿਛਲੇ ਕਈ ਦਿਨਾਂ ਤੋਂ ਧਰਨਾ ਅਤੇ ਹੜਤਾਲ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਠੇਕਾ ਮੁਲਾਜ਼ਮਾਂ ਦੇ ਹੱਕ ਵਿੱਚ ਹੀ ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਥੇ ਯੂਨੀਵਰਸਿਟੀ ਵਿਖੇ ਪੁੱਜਣਾ ਸੀ। ਪਤਾ ਲੱਗਾ ਹੈ ਕਿ ਖਹਿਰਾ ਨੂੰ ਇਸ ਧਰਨੇ ਵਿੱਚ ਹੀ ਆਪ ਨਾਲ ਸਬੰਧਿਤ ਕੁਝ ਸਪੋਟਰਾਂ ਵੱਲੋਂ ਇਥੇ ਬੁਲਾਇਆ ਗਿਆ ਸੀ। ਇਸ ਸਬੰੰਧੀ ਜਦੋਂ ਧਰਨਾਕਾਰੀਆਂ ਦੇ ਕੁਝ ਆਗੂਆਂ ਨੂੰ ਇਸ ਬਾਰੇ ਪਤਾ ਲੱਗਾ ਤਾ ਉਨ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਆਪਣੇ ਧਰਨੇ ਵਿੱਚ ਆਉਣ ਤੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਹ ਇਸ ਮਾਮਲੇ ‘ਤੇ ਕਿਸੇ ਵੀ ਆਗੂ ਨੂੰ ਆਪਣੀ ਸਿਆਸਤ ਨਹੀਂ ਚਮਕਾਉਣ ਦੇਣਗੇ, ਜਿਸ ਤੋਂ ਬਾਅਦ ਖਹਿਰਾ ਵੱਲੋਂ ਆਪਣਾ ਪ੍ਰੋਗਰਾਮ ਬਦਲਦਿਆਂ ਆਪਣੇ ਕਿਸੇ ਆਗੂ ਦੇ ਘਰ ਹੀ ਜਾਣਾ ਪਿਆ, ਜਿੱਥੇ ਕਿ ਉਨ੍ਹਾਂ ਵੱਲੋਂ ਕੁਝ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ।
ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਦੀ ਮੱਦਦ ਕਰ ਰਹੇ ਇੱਕ ਕਾਂਗਰਸੀ ਆਗੂ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਤੁਸੀ ਖਹਿਰਾ ਨੂੰ ਬੁਲਾਉਣਾ ਹੈ ਤਾਂ ਉਹ ਉਨ੍ਹਾਂ ਦੀ ਮੱਦਦ ਨਹੀਂ ਕਰਨਗੇ, ਜਿਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਖਹਿਰਾ ਨੂੰ ਇੱਥੇ ਆਉਣ ਤੋਂ ਰੋਕ ਦਿੱਤਾ ਗਿਆ। ਦੱਸਣਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਠੇਕੇਦਾਰ ਦੁਆਰਾ ਰੱਖੇ ਹੋਏ ਹਨ। ਇਸ ਲਈ ਯੂਨੀਵਰਸਿਟੀ ਰੈਗੂਲਰ ਨਹੀਂ ਕਰ ਸਕਦੀ, ਪਰ ਮੁਲਾਜ਼ਮ ਕਈ ਦਿਨਾਂ ਤੋਂ ਆਪਣੀ ਮੰਗ ‘ਤੇ ਅੜੇ ਹੋਏ ਹਨ।
ਕਿਸੇ ਲੀਡਰ ਨੂੰ ਇਸ ਮਾਮਲੇ ‘ਤੇ ਸਿਆਸਤ ਨਹੀਂ ਕਰਨ ਦਿੱਤੀ ਜਾਵੇਗੀ : ਮੁਲਾਜ਼ਮ ਆਗੂ
ਇੱਧਰ ਜਦੋਂ ਯੂਨੀਵਰਸਿਟੀ ਵਿਖੇ ਧਰਨੇ ‘ਤੇ ਬੈਠੇ ਮੁਲਾਜ਼ਮਾਂ ਦੇ ਇੱਕ ਆਗੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਇਸ ਮਾਮਲੇ ‘ਤੇ ਕਿਸੇ ਵੀ ਆਗੂ ਨੂੰ ਸਿਆਸਤ ਨਹੀਂ ਕਰਨ ਦੇਣਗੇ। ਉੁਨ੍ਹਾਂ ਕਿਹਾ ਕਿ ਖਹਿਰਾ ਨੂੰ ਅੱਜ ਇਸੇ ਕਰਕੇ ਹੀ ਧਰਨੇ ਵਿੱਚ ਨਹੀਂ ਆਉਣ ਦਿੱਤਾ ਗਿਆ। ਮੁਲਾਜ਼ਮ ਆਗੂ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਹੀ ਰਹਿਣਗੇ।
ਮੁਲਾਜ਼ਮਾਂ ਨੇ ਕਿਹਾ, ਜੇਕਰ ਤੁਸੀ ਆਏ ਤਾਂ ਗੱਲ ਵਿਗੜ ਸਕਦੀ ਹੈ : ਜ਼ਿਲ੍ਹਾ ਪ੍ਰਧਾਨ ‘ਆਪ’
ਇੱਧਰ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਕਿਸੇ ਵੱਲੋਂ ਰੋਕਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤੁਹਾਡੇ ਡਰ ਕਰਕੇ ਮੀਟਿੰਗ ਲਈ ਸਮਾਂ ਦੇ ਦਿੱਤਾ ਹੈ ਇਸ ਲਈ ਜੇਕਰ ਤੁਸੀ ਆਏ ਤਾਂ ਗੱਲ ਵਿਗੜ ਸਕਦੀ ਹੈ, ਜਿਸ ਤੋਂ ਬਾਅਦ ਖਹਿਰਾ ਸਾਹਬ ਨਹੀਂ ਗਏ। ਇਸ ਮਾਮਲੇ ਸਬੰਧੀ ਜਦੋਂ ਸੁਖਪਾਲ ਖਹਿਰਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀਏ ਨੇ ਕਿਹਾ ਕਿ ਉਹ ਕੁਝ ਸਮੇਂ ਬਾਅਦ ਖਹਿਰਾ ਸਾਹਿਬ ਨਾਲ ਗੱਲ ਕਰਵਾਉਂਦੇ ਹਨ।