ਨਵਾਜ਼ ਸ਼ਰੀਫ ਤੇ ਉਸ ਦੀ ਧੀ ਮਰੀਅਮ ਸ਼ਰੀਫ ਦੇ ਲਾਹੌਰ ਪਹੁੰਚਣ ਦੀ ਸੰਭਾਵਨਾ
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸ਼ੁੱਕਰਵਾਰ ਨੂੰ ਦੇਸ਼ ਪਰਤਣ ‘ਤੇ ਹੈਲੀਕਾਪਟਰ ਤੋਂ ਸਿੱਧਾ ਆਦਿਆਲਾ ਜੇਲ੍ਹ ਲਿਜਾਇਆ ਜਾਵੇਗਾ। ਜਿਓ ਨਿਊਜ਼ ਦੇ ਮੁਤਾਬਿਕ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਕੌਮੀ ਜਵਾਬਦੇਹੀ ਬਿਊਰੋ (ਨੈਬ) ਨੇ ਦੋਵਾਂ ਨੂੰ ਹਵਾਈ ਅੱਡੇ ‘ਤੇ ਹੀ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਨੇ ਇਸ ਲਈ ਨੈਬ ਨੂੰ ਸ਼ੁੱਕਰਵਾਰ ਲਈ ਦੋ ਹੈਲੀਕਾਪਟਰ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੇ ਸ਼ੁੱਕਰਵਾਰ ਨੂੰ ਲਾਹੌਰ ਹਵਾਈ ਅੱਡੇ ਪਹੁੰਚਣ ਦੀ ਸੰਭਾਵਨਾ ਹੈ। (Nawaz Sharif)
ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਦੇ ਦਮਾਦ ਮੁਹੰਮਦ ਸਫਦਰ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਨੈਬ ਦੀ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਨਵਾਜ਼ ਸ਼ਰੀਫ ਨੂੰ 10 ਸਾਲ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸੱਤ ਸਾਲ ਤੇ ਦਾਮਾਦ ਕੈਪਟਨ ਸਫਦਰ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਨਵਾਜ਼ ਸ਼ਰੀਫ ‘ਤੇ 80 ਲੱਖ ਪਾਊਂਡ ਤੇ ਮਰੀਅਮ ਨਵਾਜ਼ ‘ਤੇ 20 ਲੱਖ ਪਾਊਂਡ ਦਾ ਜ਼ੁਰਮਾਨਾ ਵੀ ਲਾਇਆ ਹੈ। (Nawaz Sharif)