ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਨੇ ਸ਼ੁਰੂ ਕੀਤੀ ਲਿਸਟ ਬਣਾਉਣੀ | Authorities
- ਸੂਚੀ ਤੇ ਪੁਲਿਸ ਅਧਿਕਾਰੀਆਂ ਦੀ ਤਿਆਰ ਹੋ ਰਹੀ ਐ ਲਿਸਟ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੋਗਾ ਐੱਸਐੱਸਪੀ ਲਾਉਣ ਮੌਕੇ ਹੋਈ ਗਲਤੀ ਮੁੜ ਤੋਂ ਨਾ ਹੋਵੇ, ਇਸ ਲਈ ਮੁੱਖ ਮੰਤਰੀ ਦਫ਼ਤਰ ਇਮਾਨਦਾਰ ਅਫ਼ਸਰਾਂ ਦੀ ਖ਼ੁਦ ਲਿਸਟ ਤਿਆਰ ਕਰਨ ‘ਚ ਜੁਟ ਗਿਆ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਨਾ ਸਿਰਫ਼ ਇਮਾਨਦਾਰ ਅਫ਼ਸਰਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਸਗੋਂ ਉਨ੍ਹਾਂ ਨੂੰ ਸੀਨੀਅਰਤਾ ਅਨੁਸਾਰ ਰੈਕਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਤੈਨਾਤੀ ਕਰਨ ਮੌਕੇ ਮੁੜ ਤੋਂ ਕੋਈ ਵੱਡੀ ਭੁੱਲ ਨਾ ਹੋਵੇ, ਜਿਸ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਹੀ ਆਦੇਸ਼ਾਂ ਨੂੰ ਵਾਪਸ ਲੈਣਾ ਪਏ। ਇਹ ਸੂਚੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਤਿਆਰ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਹਫ਼ਤੇ ਮੋਗਾ ਦੇ ਐੱਸਐੱਸਪੀ ਰਾਜਜੀਤ ਸਿੰਘ ਗੰਭੀਰ ਦੋਸ਼ ਲੱਗਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਰਾਜਜੀਤ ਦਾ ਤਬਾਦਲਾ ਮੋਹਾਲੀ ਬਟਾਲੀਅਨ ਵਿਖੇ ਕਰਦੇ ਹੋਏ ਕਮਲਜੀਤ ਸਿੰਘ ਢਿੱਲੋਂ ਨੂੰ ਮੋਗਾ ਦਾ ਐੱਸਐੱਸਪੀ ਲਾ ਦਿੱਤਾ ਗਿਆ ਸੀ ਪਰ ਕਮਲਜੀਤ ਸਿੰਘ ਢਿੱਲੋਂ ਖ਼ਿਲਾਫ਼ ਵੀ ਭ੍ਰਿਸ਼ਟਾਚਾਰ ਤੇ ਹੋਰ ਮਾਮਲੇ ਬਾਹਰ ਆਉਣ ਤੋਂ ਬਾਅਦ ਸਰਕਾਰ ਦੀ ਜੰਮ ਕੇ ਨਾਮੋਸ਼ੀ ਹੋਣੀ ਸ਼ੁਰੂ ਹੋ ਗਈ ਸੀ ਕਿ ਅਮਰਿੰਦਰ ਸਿੰਘ ਕੋਲ ਕੋਈ ਇਮਾਨਦਾਰ ਅਫ਼ਸਰ ਨਹੀਂ ਹੈ, ਜਿਹੜਾ ਕਿ ਉਨ੍ਹਾਂ ਨੇ ਇੱਕ ਕਥਿਤ ਦੋਸ਼ੀ ਅਧਿਕਾਰੀ ਨੂੰ ਹਟਾ ਕੇ ਇਸੇ ਤਰ੍ਹਾਂ ਦੇ ਦੋਸ਼ਾਂ ਨਾਲ ਜੁੜੇ ਹੋ ਅਧਿਕਾਰੀ ਨੂੰ ਤੈਨਾਤ ਕਰ ਦਿੱਤਾ ਹੈ।
ਸੀਨੀਅਰਤਾ ਦੇ ਨਾਲ ਹੀ ਹਰ ਤਰ੍ਹਾਂ ਦੇ ਲੱਗੇ ਦੋਸ਼ਾਂ ਤੇ ਜਾਂਚ ਰਿਪੋਰਟ ਦਾ ਲਿਸਟ ‘ਚ ਹੋਵੇਗਾ ਜਿਕਰ
ਕਮਲਜੀਤ ਸਿੰਘ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਮੋਗਾ ਤੋਂ ਤਾਂ ਕਰ ਦਿੱਤਾ ਗਿਆ ਹੈ ਫਿਰ ਇਸ ਮਾਮਲੇ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਦਫ਼ਤਰ ਅਗਲੇ ਕਦਮ ਫੂਕ-ਫੂਕ ਕੇ ਧਰ ਰਿਹਾ ਹੈ ਮੁੱਖ ਮੰਤਰੀ ਦਫ਼ਤਰ ਹੁਣ ਆਪਣੇ ਪੱਧਰ ‘ਤੇ ਇਮਾਨਦਾਰੀ ਤੇ ਸੀਨੀਅਰਤਾ ਅਨੁਸਾਰ ਆਪਣੇ ਕੋਲ ਇੱਕ ਵੱਖਰੀ ਸੂਚੀ ਤਿਆਰ ਕਰਨ ‘ਚ ਜੁਟ ਗਿਆ ਹੈ, ਜਿਸ ‘ਚ ਆਈਏਐੱਸ., ਪੀਸੀਐੱਸ, ਆਈਪੀਐੱਸ ਤੇ ਪੀਪੀਐੱਸ ਸ਼ਾਮਲ ਕੀਤੇ ਗਏ ਹਨ।
ਇਸ ਸੂਚੀ ‘ਚ ਸੀਨੀਅਰਤਾ ਦੇ ਨਾਲ ਹੀ ਹਰ ਅਧਿਕਾਰੀ ਦੀ ਜਨਮ ਪੱਤਰੀ ਤਿਆਰ ਕੀਤੀ ਜਾ ਰਹੀ ਹੈ ਕਿ ਕਿਤੇ ਉਸ ਖ਼ਿਲਾਫ਼ ਕੋਈ ਦੋਸ਼ ਤਾਂ ਨਹੀਂ ਲੱਗੇ ਹੋਏ ਜਾਂ ਫਿਰ ਉਸ ਖ਼ਿਲਾਫ਼ ਕੋਈ ਜਾਂਚ ਤਾਂ ਨਹੀਂ ਚੱਲ ਰਹੀ ਹੈ। ਇਸ ਨਾਲ ਹੀ ਪਿਛਲੀਆਂ ਸਰਕਾਰਾਂ ਦੌਰਾਨ ਉਕਤ ਅਧਿਕਾਰੀ ਦਾ ਵਿਹਾਰ ਤੇ ਕੰਮ ਕਰਨ ਦਾ ਤਰੀਕਾ ਕਿਸ ਕਿਸਮ ਦਾ ਸੀ। ਮੁੱਖ ਮੰਤਰੀ ਦਫ਼ਤਰ ਇਹ ਸੂਚੀ ਇਸ ਲਈ ਤਿਆਰ ਕਰ ਰਿਹਾ ਹੈ ਤਾਂ ਕਿ ਤਬਾਦਲਿਆਂ ਮੌਕੇ ਉੱਚ ਅਧਿਕਾਰੀਆਂ ਵੱਲੋਂ ਭੇਜੀ ਗਈ ਸੂਚੀ ਦੇ ਨਾਲ ਹੀ ਮੁੱਖ ਮੰਤਰੀ ਨੂੰ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਸੂਚੀ ਵੀ ਦੇ ਦਿੱਤੀ ਜਾਵੇ। ਮੁੱਖ ਮੰਤਰੀ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਲਿਸਟ ਨੂੰ ਦੇਖਣ ਤੋਂ ਬਾਅਦ ਹੀ ਕਿਸੇ ਅਧਿਕਾਰੀ ਦੀ ਵੱਡੇ ਅਹੁਦੇ ‘ਤੇ ਤੈਨਾਤੀ ਕੀਤੀ ਜਾਏਗੀ। (Authorities)
ਡੀਜੀਪੀਜ਼ ਦੀ ਵੀ ਤਿਆਰ ਹੋ ਰਹੀ ਐ ਜਨਮ ਕੁੰਡਲੀ | Authorities
ਮੁੱਖ ਮੰਤਰੀ ਦਫ਼ਤਰ ਵੱਲੋਂ ਨਵੇਂ ਡੀਜੀਪੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦਫ਼ਤਰ ਵੱਲੋਂ ਮੌਜੂਦਾ ਆਈਪੀਐੱਸ ਅਧਿਕਾਰੀਆਂ ਦੀ ਸੀਨੀਅਰਤਾ ਸੂਚੀ ਨੂੰ ਲੈਂਦੇ ਹੋਏ ਉਸ ਨਾਲ ਉਨ੍ਹਾਂ ਦੇ ਕਾਰਜਕਾਲ ਦੀ ਰਿਪੋਰਟ ਨੱਥੀ ਕੀਤੀ ਜਾ ਰਹੀ ਹੈ ਤਾਂ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੰਗਣ ਤੋਂ ਬਾਅਦ ਤੁਰੰਤ ਹੀ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀ ਸੀਨੀਅਰਤਾ ਸੂਚੀ ਦੇ ਨਾਲ ਹੀ ਉਨ੍ਹਾਂ ਦੀ ਜਨਮ ਕੁੰਡਲੀ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦੇ ਸਕਣ। ਮੌਜ਼ੂਦਾ ਡੀਪੀਜੀ ਸੁਰੇਸ਼ ਅਰੋੜਾ 30 ਸਤੰਬਰ ਨੂੰ ਰਿਟਾਇਰ ਹੋਣ ਜਾ ਰਹੇ ਹਨ। ਉਨ੍ਹਾਂ ਤੋਂ ਬਾਅਦ 1984 ਕੈਡਰ ਦੇ ਸੰਮਤ ਕੁਮਾਰ ਗੋਇਲ, 1985 ਕੈਡਰ ਦੇ ਮੁਹੰਮਦ ਮੁਸਤਫ਼ਾ, 1985 ਕੈਡਰ ਹਰਦੀਪ ਸਿੰਘ ਢਿੱਲੋਂ, 1986 ਕੈਡਰ ਦੇ ਜਸਮਿੰਦਰ ਸਿੰਘ, 1986 ਕੈਡਰ ਦੇ ਐੱਸ. ਚਟੋਪਧਿਆਏ ਤੇ 1986 ਕੈਡਰ ਦੇ ਦਿਨਕਰ ਗੁਪਤਾ ਸੀਨੀਅਰ ਅਧਿਕਾਰੀ ਹਨ।