ਯੂਨੀਵਰਸਿਟੀ ‘ਤੇ ਆਪਹੁਦਰੀਆਂ ਕਰਨ ਦਾ ਦੋਸ਼

Allegation, Arbitrators, University

ਵਰਸਿਟੀ ਪ੍ਰਸ਼ਾਸਨ ਨੇ ਬਿਨਾ ਨੋਟਿਸ ਸਵੇਰ ਵਾਲਾ ਪੇਪਰ ਕੀਤਾ ਦੁਪਹਿਰ ਵੇਲੇ | Punjabi University

  • ਦੂਰ-ਦੁਰਾਡੇ ਤੋਂ ਪੁੱਜੇ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ | Punjabi University

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਯੂਨੀਵਰਸਿਟੀ ਵਿਖੇ ਅੱਜ ਵਿਦਿਆਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਸ ਸਮੇਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਖੜ੍ਹੇ ਪੈਰ ਐਮਐਸਸੀ ਆਨਰਜ ਬੋਟਨੀ ਅਤੇ ਐਮਐਸਸੀ ਮਾਈਕ੍ਰੋ ਬਾਇਓਲੋਜੀ ਦੇ ਪੇਪਰ ਦਾ ਸਮਾਂ ਬਦਲ ਦਿੱਤਾ। ਇਸ ਮੌਕੇ ਵਿਦਿਆਥੀਆਂ ਤੇ ਮਾਪਿਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਸਬੰਧੀ ਵਿਦਿਆਰਥਣ ਪ੍ਰਤਿਭਾ ਅਤੇ ਉਸਦੇ ਪਿਤਾ ਰਜਿੰਦਰ ਕੁਮਾਰ ਵਾਸੀ ਦਿੱਲੀ, ਕੈਨੀਕਾ ਰਾਣੀ ਫਿਰੋਜਪੁਰ ਅਤੇ ਯੋਗਿਤਾ ਨੇ ਦੱਸਿਆ ਕਿ ਉਹ ਦੂਰੋਂ-ਦੂਰੋਂ ਅੱਜ ਆਪਣੇ ਦਾਖਲੇ ਸਬੰਧੀ ਇੰਟਰੈਂਸ ਟੈਸਟ ਇਨ੍ਹਾਂ ਵਿਸ਼ਿਆਂ ਦਾ ਦੇਣ ਪੁੱਜੀਆਂ ਸਨ ਅਤੇ ਸਮਾਂ ਸਵੇਰੇ 10 ਤੋਂ 12 ਸੀ ਅਤੇ ਸਵਾ ਨੌਂ ਵਜੇ ਪੇਪਰ ਵਾਲੀ ਥਾਂ ਪੁੱਜਣਾ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੁਨੇਹਾ ਭੇਜ ਦਿੱਤਾ ਗਿਆ ਕਿ ਹੁਣ ਇਹ ਪੇਪਰ ਸਵੇਰ ਦੀ ਥਾਂ ਦੁਪਹਿਰ 1 ਵਜੇ ਹੋਵੇਗਾ, ਜਿਸ ਕਾਰਨ ਵਿਦਿਆਰਥੀਆਂ ਵਿੱਚ ਰੋਸ ਪੈਦਾ ਹੋ ਗਿਆ ਕਿ ਉਹ ਦੂਰੋਂ-ਦੂਰੋਂ ਸਵੇਰੇ ਚਾਰ ਵਜੇ ਦੇ ਚੱਲੇ ਹਨ ਅਤੇ ਹੁਣ ਐਨ ਮੌਕੇ ਯੂਨੀਵਰਸਿਟੀ ਵੱਲੋਂ ਬਿਨਾ ਨੋਟਿਸ ਦਿੱਤਿਆਂ ਪੇਪਰ ਦਾ ਸਮਾਂ ਬਦਲ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਪੇਪਰ 5 ਜੁਲਾਈ ਨੂੰ ਹੋਣਾ ਸੀ, ਪਰ ਬਦਲ ਕੇ 6 ਜੁਲਾਈ ਕਰ ਦਿੱਤਾ ਗਿਆ। ਇਸ ਮੌਕੇ 50 ਤੋਂ ਵੱਧ ਵਿਦਿਆਥੀਆਂ ਤੇ ਮਾਪਿਆਂ ਵੱਲੋਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਧਰ ਯੂਨੀਵਰਸਿਟੀ ਦੇ ਦਾਖਲਾ ਸੈੱਲ ਦੇ ਇੰਚਾਰਜ਼ ਬਲਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕੁਝ ਵਿਦਿਆਥੀਆਂ ਦੇ ਐਮਐਸਸੀ ਆਨਰਜ ਬੋਟਨੀ ਅਤੇ ਐਮਐਸਸੀ ਮਾਈਕ੍ਰੋ ਬਾਇਓਲੋਜੀ ਦੋਵੇਂ ਪੇਪਰ ਸਨ। ਇਸ ਕਾਰਨ ਹੀ ਇਹ ਪੇਪਰ ਬਦਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਦਾ ਇੱਕ ਪੇਪਰ ਸੀ, ਉਨ੍ਹਾਂ ਨੂੰ ਸਹੀ ਜਗ੍ਹਾ ਦਾ ਪ੍ਰਬੰਧ ਅਤੇ ਬੈਠਣ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ, ਇਸ ਕਾਰਨ ਹੀ ਸਮਾਂ ਬਦਲਣ ਲਈ ਮਜ਼ਬੂਰ ਹੋਣਾ ਪਿਆ। (Punjabi University)