ਸਾਲ 2017-18 ਅਧੀਨ ਪਾਵਰਕੌਮ ਨੇ ਸੱਤ ਲੱਖ ਦੇ ਕਰੀਬ ਕੁਨੈਕਸ਼ਨਾਂ ਦੀ ਕੀਤੀ ਚੈਕਿੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਾਵਰਕੌਮ ਵੱਲੋਂ ਸੂਬੇ ਅੰਦਰ ਬਿਜਲੀ ਚੋਰੀ ਕਰਨ ਵਾਲੇ ਪਖਤਕਾਰਾਂ ‘ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਪਾਵਰਕੌਮ ਦੇ ਚੋਰੀ ਦੇ ਕੇਸ ਫੜ੍ਹਨ ਵਾਲੀ ਇਨਫੋਰਸਮੈਂਟ ਸੰਸਥਾ ਵੱਲੋਂ ਸੈਂਕੜੇ ਖਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਰੱਗੇ ਹੱਥੀਂ ਫੜ੍ਹ ਕੇ ਕਰੋੜਾਂ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਪਾਵਰਕੌਮ ਵੱਲੋਂ ਸਾਲ 2017-18 ਦੌਰਾਨ ਚੋਰੀ ਦੇ ਫੜ੍ਹੇ ਗਏ ਖਪਤਕਾਰਾਂ ਤੋਂ 86 ਕਰੋੜ ਦੇ ਕਰੀਬ ਜੁਰਮਾਨਾ ਠੋਕ ਕੇ ਕਮਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪਾਵਰਕੌਮ ਦੀ ਇਨਫੋਰਸਮੈਂਟ ਸੰਸਥਾ ਵੱਲੋਂ ਸਾਲ 2017-18 ਦੌਰਾਨ 6 ਲੱਖ 93 ਹਜ਼ਾਰ ਤੋਂ ਵੱਧ ਵੱਖ-ਵੱਖ ਕੈਟਾਗਰੀਆਂ ਅਧੀਨ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ 11300 ਤੋਂ ਜਿਆਦਾ ਖਪਤਕਾਰ ਬਿਜਲੀ ਚੋਰੀ ਕਰਦੇ ਫੜ੍ਹੇ ਗਏ। ਇਸ ਤੋਂ ਇਲਾਵਾ ਇਸ ਟੀਮ ਵੱਲੋਂ ਆਪਣੀ ਚੈਕਿੰਗ ਦੌਰਾਨ 14300 ਤੋਂ ਵੱਧ ਡਬਲਯੂ ਐੱਮ ਕੇਸ ਬਣਾਏ ਗਏ, ਜਦਕਿ 2995 ਯੂਈ ਕੇਸ ਬਣਾਏ ਗਏ। ਪਾਵਰਕੌਮ ਦਾ ਕਹਿਣਾ ਹੈ ਕਿ 74000 ਤੋਂ ਵੱਧ ਖਪਤਕਾਰਾਂ ‘ਤੇ ਫੁਟਕਲ ਕੇਸ ਬਣਾਏ ਗਏ ਹਨ। ਪਾਵਰਕੌਮ ਦੀ ਟੀਮ ਵੱਲੋਂ 1 ਲੱਖ 3 ਹਜ਼ਾਰ ਤੋਂ ਜਿਆਦਾ ਖਪਤਕਾਰ ਪਾਵਰਕੌਮ ਦੇ ਨਿਯਮਾਂ ਦੀ ਉਲੰਘਣਾ ਕਰਦੇ ਵੀ ਪਾਏ ਗਏ। ਇਸ ਤਰ੍ਹਾਂ ਪਾਵਰਕੌਮ ਵੱਲੋਂ ਸਾਲ 2017-18 ਵਿੱਚ ਹੀ ਇਸ ਚੈਕਿੰਗ ਦੌਰਾਨ ਫੜ੍ਹੇ ਗਏ ਖਪਤਕਾਰਾਂ ਕੋਲੋਂ 86 ਕਰੋੜ ਤੋਂ ਜਿਆਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ।
ਇੱਧਰ ਇਸ ਸਾਲ ਦੇ ਲੰਘੇ ਅਪਰੈਲ ਮਹੀਨੇ ਦੌਰਾਨ ਇਸ ਸੰਸਥਾ ਵੱਲੋਂ ਜਲੰਧਰ ਵਿਖੇ ਇੱਕ ਕੋਲਡ ਸਟੋਰ ਵੱਲੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਬਿਜਲੀ ਚੋਰੀ ਫੜ੍ਹੀ ਗਈ, ਜਿਸ ‘ਚ ਖਪਤਕਾਰ ਨੂੰ 1.02 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸ ਤੋਂ ਇਲਾਵਾ ਇਸੇ ਸਾਲ ਦੇ ਮਈ ਮਹੀਨੇ 815 ਬਿਜਲੀ ਚੋਰੀ ਦੇ ਕੇਸ ਤੇ 6926 ਕੁਨੈਕਸ਼ਨਾਂ ‘ਚ ਹੋ ਰਹੀ ਨਿਯਮਾਂ ਦੀ ਉਲੰਘਣਾ ਨੂੰ ਫੜ੍ਹਿਆ ਗਿਆ। ਇਹਨਾਂ ਫੜ੍ਹੇ ਗਏ ਕੇਸਾਂ ‘ਚ 815.56 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ।
ਮੀਟਰ ਹੌਲੀ ਕਰਦਾ ਫੜ੍ਹਿਆ, 2 ਲੱਖ ਕੀਤਾ ਜੁਰਮਾਨਾ
26 ਜੂਨ 2018 ਨੂੰ ਸਾਹਨੇਵਾਲ ਉਪ ਮੰਡਲ ਅਧੀਨ ਇਨਫੋਰਸਮੈਂਟ ਦੇ ਸਕੁਐਡਾਂ ਰਾਹੀਂ ਇੱਕ ਉਦਯੋਗਿਕ ਕੁਨੈਕਸ਼ਨ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਪਤਕਾਰ ਮੀਟਰ ਟੈਂਪਰ ਕਰਕੇ ਬਿਜਲੀ ਚੋਰੀ ਕਰਦਾ ਫੜ੍ਹਿਆ ਗਿਆ ਤੇ ਮੀਟਰ 76.5 ਫੀਸਦੀ ਹੌਲੀ ਚਲਦਾ ਪਾਇਆ ਗਿਆ। ਖਪਤਕਾਰ ਵੱਲੋਂ ਮਨਜੂਰ ਸ਼ੁਦਾ ਭਾਰ 19.580 ਕਿੱਲੋਵਾਟ ਵਿਰੁੱਧ 57.470 ਕਿੱਲੋਵਾਟ ਲੋਡ ਜੋੜਿਆ ਪਾਇਆ ਗਿਆ। ਖਪਤਕਾਰ ਨੂੰ 29,87,105 ਰੁਪਏ ਸਮੇਤ ਕੰਪਾਊਂਡਿੰਗ ਚਾਰਜਜ਼ 2 ਲੱਖ ਰੁਪਏ ਦਾ ਜੁਰਮਾਨਾ ਪਾਇਆ ਗਿਆ ਤੇ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ।
ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ : ਸੀਐੱਮਡੀ ਸਰਾਂ
ਪਾਵਰਕੌਮ ਦੇ ਸੀਐੱਮਡੀ ਇੰਜ: ਬਲਦੇਵ ਸਿੰਘ ਸਰਾਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਸਬੰਧੀ ਸੂਚਨਾ ਇਸ ਸੰਸਥਾ ਨੂੰ ਦਿੱਤੀ ਜਾਵੇ ਤਾਂ ਜੋ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਫੜ੍ਹਿਆ ਜਾ ਸਕੇ ਤੇ ਬਿਜਲੀ ਦੀ ਸਹੀ ਵਰਤੋਂ ਹੋ ਸਕੇ। ਬਿਜਲੀ ਚੋਰੀ ਸਬੰਧੀ ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਬਿਜਲੀ ਚੋਰੀ ਕਰਨਾ ਇੱਕ ਸਮਾਜਿਕ ਬੁਰਾਈ ਹੈ ਤੇ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।