ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ | State Govt
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਨਸ਼ਿਆ ਦੇ ਛਿੜੇ ਮੁੱਦੇ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੱਜ ਜਿੱਥੇ ਨਸ਼ਿਆਂ ਦੇ ਮਾਮਲੇ ਸਬੰਧੀ ਕੈਪਟਨ ਸਰਕਾਰ ਵੱਲੋਂ ਐਮਰਜੈਂਸੀ ਮੀਟਿੰਗ ਕੀਤੀ ਗਈ, ਉੱਥੇ ਮੁੱਖ ਮੰਤਰੀ ਦੇ ਜਿਲ੍ਹੇ ਦਾ ਪ੍ਰਸ਼ਾਸਨ ਵੀ ਨਸ਼ਾ ਛੁਡਾਊ ਕੇਂਦਰਾਂ ਦਾ ਹਾਲ ਜਾਨਣ ਲਈ ਅਚਨਚੇਤ ਦੌਰੇ ਕਰਨ ਲੱਗਾ ਹੈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ. ਐਸ. ਭੁਪਤੀ ਵੱਲੋਂ ਸਾਕੇਤ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਸਮੇਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮਾਡਲ ਨਸ਼ਾ ਮੁਕਤੀ ਕੇਂਦਰ ‘ਚ ਦਸਤਕ ਦੇ ਦਿੱਤੀ। (State Govt)
ਡੀਸੀ ਵੱਲੋਂ ਪਹਿਲਾ ਪੰਜਾਬ ਰੈਡ ਕਰਾਸ ਸਾਕੇਤ ਹਸਪਤਾਲ ਅਤੇ ਜ਼ਿਲਾ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਨ ਮੌਕੇ ਉਥੇ ਦਾਖਲ ਨਸ਼ਿਆਂ ਤੋਂ ਖਹਿੜਾ ਛੁਡਾਉਣ ਵਾਲੇ ਮਰੀਜਾਂ ਦੇ ਇਲਾਜ ਸਮੇਤ ਉਨਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਦਾ ਜਾਇਜਾ ਲਿਆ। ਇਥੇ ਦਾਖਲ 35 ਮਰੀਜ ਤੇ ਪੰਜਾਬ ਸਰਕਾਰ ਦੇ ਓਟ ਕਲਿਨਿਕ (ਓ.ਓ.ਏ.ਟੀ.) ਤਹਿਤ ਰੋਜ਼ਾਨਾ ਨਸ਼ਿਆਂ ਦੀ ਲਤ ਦੇ ਇਲਾਜ ਲਈ ਆਉਂਦੇ 45 ਮਰੀਜਾਂ ਵੱਲੋਂ ਨਸ਼ਾ ਛੱਡੇ ਜਾਣ ਦੀ ਪ੍ਰਗਤੀ ਰਿਪੋਰਟ ਦਾ ਵੀ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨਾਂ ਨੇ ਰਜਿੰਦਰਾ ਹਸਪਤਾਲ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਵਿਖੇ ਦਾਖਲ 13 ਮਰੀਜਾਂ ਦਾ ਹਾਲ ਚਾਲ ਜਾਣਿਆਂ ਅਤੇ ਇਥੇ ਤਾਇਨਾਤ ਡਾ. ਅਦਿਤੀ ਸਿੰਗਲਾ ਤੋਂ ਰਿਪੋਰਟ ਹਾਸਲ ਕੀਤੀ।
ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਲਿਆ ਵੇਰਵਾ, ਦਾਖਲ ਨੌਜਵਾਨਾਂ ਨਾਲ ਕੀਤੀ ਗੱਲਬਾਤ
ਇਸੇ ਦੌਰਾਨ ਸਾਕੇਤ ਹਸਪਤਾਲ ਵਿਖੇ ਪੁਲਿਸ ਵੱਲੋਂ ਇਲਾਜ ਲਈ ਲਿਆਂਦੇ ਗਏ ਇੱਕ ਨੌਜਵਾਨ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਸ ਤੋਂ ਨਸ਼ੇ (ਹੈਰੋਇਨ) ਦੀ ਗ੍ਰਿਫ਼ਤ ‘ਚ ਆਉਣ ਦਾ ਕਾਰਨ ਜਾਣਿਆ। ਇਸ ਮੌਕੇ ਉਨ੍ਹਾਂ ਨਸ਼ੇ ਦੀ ਗਿਫਤ ‘ਚ ਜਕੜੇ ਤੇ ਹੁਣ ਇਸ ਤੋ ਖਹਿੜਾ ਛੁਡਾਉਣ ਵਾਲਿਆਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਭ ਉਠਾਉਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਅਤੇ ਤੰਦਰੁਸਤ ਕਰਨਾ ਚਾਹੁੰਦੀ ਹੈ, ਜਿਸ ਲਈ ਆਮ ਲੋਕਾਂ ਨੂੰ ਨਸ਼ਿਆਂ ਦੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਆਪਣਾ ਸਾਥ ਦੇਣਾ ਚਾਹੀਦਾ ਹੈ।