ਵਿਜੀਲੈਂਸ ਵੱਲੋਂ ਕੋਲਿਆਂ ਵਾਲੀ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਵਿਜੀਲੈਂਸ ਬਿਊਰੋ ਨੇ ਬਾਦਲ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਲੰਬੀ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਗ੍ਰਿਫਤਾਰ ਕਰਨ ਲਈ ਮਸ਼ਕਾਂ ਤੇਜ਼ ਕਰ ਦਿੱਤੀਆਂ ਹਨ ਇਸ ਕੰਮ ਲਈ ਵਿਜੀਲੈਂਸ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਜੋ ਅਕਾਲੀ ਨੇਤਾ ਨੂੰ ਗ੍ਰਿਫਤਾਰ ਕਰਨ ਉਪਰੰਤ ਪੁੱਛ ਪੜਤਾਲ ਕਰਕੇ ਮਾਮਲੇ ਤੋਂ ਪਰਦਾ ਚੁੱਕਣ ਦਾ ਕੰਮ ਕਰੇਗੀ ਵਿਜੀਲੈਂਸ ਨੇ ਸ਼ਨਿੱਚਰਵਾਰ ਨੂੰ ਕੋਲਿਆਂ ਵਾਲੀ ਖਿਲਾਫ਼ ਕੁਰਪਸ਼ਨ ਐਟ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। (Bathinda News)
ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਕੋਲਿਆਂ ਵਾਲੀ ਦੀ ਰਿਹਾਇਸ਼ ਨਵਾਬਾਂ ਵਰਗੇ ਪੰਜ ਏਕੜ ਦੇ ਬੰਗਲੇ ‘ਚ ਹੈ ਕੋਲਿਆਂ ਵਾਲੀ ਵੱਲੋਂ ਆਪਣੇ ਲੜਕੇ ਦੇ ਵਿਆਹ ‘ਚ ਵੀ ਸ਼ਾਹੀ ਖਰਚ ਕੀਤਾ ਗਿਆ ਹੈ ਵਿਜੀਲੈਂਸ ਵੱਲੋਂ 1 ਅਪਰੈਲ 2009 ਤੋਂ ਲੈ ਕੇ 31 ਮਾਰਚ 2014 ਤੱਕ ਦੇ ਸਮੇਂ ਨੂੰ ਪੜਤਾਲ ਦਾ ਆਧਾਰ ਬਣਾਇਆ ਗਿਆ ਹੈ ਵਿਜੀਲੈਂਸ ਨੇ ਕੋਲਿਆਂ ਵਾਲੀ ਦੇ ਅਧੀਨ ਸੇਵਾਵਾਂ ਚੋਣ ਬੋਰਡ ਦਾ ਮੈਂਬਰ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦਾ ਚੇਅਰਮੈਨ ਹੋਣ ਦੇ ਸਮੇਂ ਨੂੰ ਜਨ ਸੇਵਕ ਦੇ ਰੁਤਬੇ ਨਾਲ ਜੋੜਿਆ ਹੈ।
ਇਹ ਵੀ ਪੜ੍ਹੋ : ਚਿਰਾਗ-ਸਾਤਵਿਕ ਨੇ ਕੋਰੀਆ ਓਪਨ ਬੈਡਮਿੰਟਨ ਦਾ ਖਿਤਾਬ ਜਿੱਤਿਆ
ਪੜਤਾਲ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੋਲਿਆਂ ਵਾਲੀ ਨੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੈਸੇ ਲੈਕੇ ਮੁਲਾਜਮਾਂ ਨੂੰ ਬਦਲਿਆ ਤੇ ਤਾਇਨਾਤ ਕੀਤਾ ਹੈ ਇਵੇਂ ਹੀ ਗੈਰਕਾਨੂੰਨੀ ਅਨਸਰਾਂ ਦੀ ਸਹਾਇਤਾ ਨਾਲ ਵੀ ਪੈਸੇ ਇਕੱਠੇ ਕੀਤੇ ਗਏ ਹਨ ਸੂਤਰ ਆਖਦੇ ਹਨ ਕਿ ਕੋਲਿਆਂ ਵਾਲੀ ਦੀ ਗ੍ਰਿਫਤਾਰੀ ਉਪਰੰਤ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਕੁਝ ਅਕਾਲੀ ਨੇਤਾਵਾਂ ਤੇ ਇੱਕ ਦੋ ਸਰਪੰਚਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਮੰਨਿਆ ਜਾ ਰਿਹਾ ਹੈ ਕਿ ਡੂੰਘਾਈ ਨਾਲ ਪੜਤਾਲ ਵਾਸਤੇ ਸਭ ਤੋਂ ਪਹਿਲਾਂ ਕੋਲਿਆਂ ਵਾਲੀ ਨੂੰ ਕਾਬੂ ਕਰਨਾ ਜਰੂਰੀ ਹੈ ਕੈਪਟਨ ਸਰਕਾਰ ਆਉਣ ਤੋਂ ਬਾਅਦ ਇਹ ਪਹਿਲਾ ਵੱਡਾ ਮਾਮਲਾ ਹੈ, ਜਿਸ ‘ਚ ਬਾਦਲਾਂ ਦੀ ਸੱਜੀ ਬਾਂਹ ਲਪੇਟੇ ‘ਚ ਆਈ ਹੈ।
ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ‘ਤੇ ਵਿਰੋਧੀ ਦੋਸ਼ ਲਾਉਂਦੇ ਆ ਰਹੇ ਸਨ ਕਿ ਉਨ੍ਹਾਂ ਦਾ ਬਾਦਲ ਪਰਿਵਾਰ ਤੇ ਉਨ੍ਹਾਂ ਪ੍ਰਤੀ ਨਜ਼ਰੀਆ ਠੰਢਾ ਹੈ, ਜਿਸ ਨੂੰ ਹੁਣ ਠੱਲ੍ਹ ਪੈਣ ਦੀ ਸੰਭਾਵਨਾ ਹੈ ਵਿਜੀਲੈਂਸ ਵੱਲੋਂ ਬਠਿੰਡਾ ਦੇ ਮੀਡੀਆ ਨੂੰ ਜਾਰੀ ਰਿਪੋਰਟ ਮੁਤਾਬਕ ਦਿਆਲ ਸਿੰਘ ਕੋਲਿਆਂ ਵਾਲੀ ਨੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਆਪਣੇ ਰੁਤਬੇ ਦੀ ਕਥਿਤ ਦੁਰਵਰਤੋਂ ਕੀਤੀ ਹੈ ਵਿਜੀਲੈਂਸ ਦੇ ਇੱਕ ਮੁਲਾਜਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕੋਲਿਆਂ ਵਾਲੀ ਖਿਲਾਫ ਇਸ ਰਿਪੋਰਟ ਨੂੰ ਹਰੀ ਝੰਡੀ ਦੀ ਉਡੀਕ ਸੀ।
ਜਿਸ ਦੇ ਮਿਲਦਿਆਂ ਹੀ ਕਾਰਵਾਈ ਸ਼ੁਰੂ ਹੋ ਗਈ ਹੈ ਸੂਤਰ ਦੱਸਦੇ ਹਨ ਕਿ ਕੁਝ ਕਾਂਗਰਸੀ ਨੇਤਾਵਾਂ ਵੱਲੋਂ ਸਰਕਾਰ ਦੀ ਬਦਨਾਮੀ ਦਾ ਡਰ ਦਿਖਾਕੇ ਕੈਪਟਨ ਅਮਰਿੰਦਰ ਸਿੰਘ ‘ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਇਸ ਅਕਾਲੀ ਲੀਡਰ ਖਿਲਾਫ ਕੋਈ ਸਖਤ ਸਟੈਂਡ ਲੈਣ ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਧਰਨੇ ਦੌਰਾਨ ਆਪਣੇ ਅੰਦਾਜ਼ ‘ਚ ਐਲਾਨ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਉਹ ਕੋਲਿਆਂ ਵਾਲੀ ਨੂੰ ਅੰਦਰ ਕਰਨਗੇ ਪਰ ਹੁਣ ਤੱਕ ਮਾਲਾ ਟਲਦਾ ਆ ਰਿਹਾ ਸੀ।
ਨੌਕਰੀ ਘੁਟਾਲੇ ਦੀ ਫਾਈਲ ਤੋਂ ਗਰਦ ਝੜਨ ਦੇ ਸੰਕੇਤ | Bathinda News
ਹਾਲਾਂਕਿ ਵਿਜੀਲੈਂਸ ਅਫਸਰ ਸਿੱਧੇ ਤੌਰ ‘ਤੇ ਕੁਝ ਵੀ ਨਹੀਂ ਕਹਿ ਰਹੇ ਪਰ ਪੜਤਾਲ ਦੌਰਾਨ ਇੱਕ ਵਾਰ ਫਿਰ ਤੋਂ ਨੌਕਰੀ ਘੁਟਾਲੇ ਦੀਆਂ ਫਾਈਲਾਂ ਤੋਂ ਗਰਦ ਝੜ ਸਕਦੀ ਹੈ ਗੌਰਤਲਬ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ‘ਚ ਪੰਜਾਬ ਯੂਨੀਵਰਸਿਟੀ ਰਾਹੀਂ ਪੰਜ ਹਜ਼ਾਰ ਤੋਂ ਵੱਧ ਭਰਤੀਆਂ ਕੀਤੀਆਂ ਸਨ ਜਿਨ੍ਹਾਂ ਲਈ ਲੱਖਾਂ ਦਾ ਕਥਿਤ ਲੈਣ-ਦੇਣ ਦੇ ਚਰਚੇ ਚਲਦੇ ਰਹੇ ਸਨ ਇਸ ਮਾਮਲੇ ‘ਚ ਲੰਮਾ ਸਮਾਂ ਜੱਥੇਦਾਰ ਕੋਲਿਆਂ ਵਾਲੀ ਦਾ ਨਾਂਅ ਵੀ ਉਛਲਦਾ ਰਿਹਾ ਸੀ ਪਰ ਮਗਰੋਂ ਸਾਰਾ ਮਾਮਲਾ ਠੰਢਾ ਹੋ ਗਿਆ ਸੀ।
ਗ੍ਰਿਫ਼ਤਾਰੀ ਦੀ ਤਿਆਰੀ : ਐੱਸਪੀ
ਵਿਜੀਲੈਂਸ ਬਿਊਰੋ ਬਠਿੰਡਾ ਦੇ ਐੱਸ.ਪੀ. ਤੇ ਤਾਜ਼ਾ ਮਾਮਲੇ ਦੇ ਜਾਂਚ ਅਧਿਕਾਰੀ ਸ੍ਰੀ ਭੁਪਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਦਿਆਲ ਸਿਘ ਕੋਲਿਆਂ ਵਾਲੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਅਗਲੀ ਪੁੱਛ ਪੜਤਾਲ ਕੀਤੀ ਜਾਏਗੀ ਨੌਕਰੀ ਘਪਲੇ ਦੇ ਸਵਾਲ ‘ਤੇ ਸ੍ਰੀ ਸਿੱਧੂ ਨੇ ਕਿਹਾ ਕਿ ਉਦੋਂ ਕੋਈ ਸਬੂਤ ਨਹੀਂ ਮਿਲੇ ਸਨ ਇਸ ਲਈ ਕੁਝ ਕਹਿਣਾ ਮੁਸ਼ਕਲ ਹੈ ਫਿਰ ਵੀ ਵਿਜੀਲੈਂਸ ਤਾਜ਼ਾ ਕੇਸ ਨਾਲ ਜੁੜੇ ਹਰ ਨੁਕਤੇ ਦੀ ਡੂੰਘਾਈ ਨਾਲ ਪੜਤਾਲ ਕਰੇਗੀ। (Bathinda News)