ਪਹਿਲਾਂ ਸਪੱਸ਼ਟੀਕਰਨ ਦੇਣ ਲਈ ਪੱਬਾਂ ਭਾਰ ਹੋਇਆ ਅਕਾਲੀ ਦਲ | Akali Dal
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਦਿਆਲ ਸਿੰਘ ਕੋਲਿਆਂਵਾਲੀ ਦੇ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਕੇਸ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਕੋਲਿਆਂਵਾਲੀ ਦੇ ਹੱਕ ਵਿੱਚ ਨਿੱਤਰ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਿਆਲ ਸਿੰਘ ਕੋਲਿਆਂਵਾਲੀ ਨੂੰ ਬੇਦਾਗ ਅਤੇ ਪਾਕ-ਸਾਫ਼ ਕਰਾਰ ਦਿੰਦੇ ਹੋਏ ਸਰਕਾਰ ‘ਤੇ ਹੀ ਦੋਸ਼ ਮੜ ਦਿੱਤੇ ਹਨ। ਵਿਜੀਲੈਂਸ ਵੱਲੋਂ ਦਰਜ਼ ਕੀਤੇ ਗਏ ਮਾਮਲੇ ਵਿੱਚ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਸਪਸ਼ਟੀਕਰਨ ਦੇਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਨੇ ਤਾਂ ਦਿਆਲ ਸਿੰਘ ਕੋਲਿਆਂਵਾਲੀ ਦੀ ਜਾਇਦਾਦ ਨੂੰ ਵੀ ਦਰੁਸਤ ਕਰਾਰ ਦਿੰਦੇ ਹੋਏ ਖ਼ੁਦ ਜਾਇਦਾਦ ਦਾ ਵੇਰਵਾ ਦੇ ਦਿੱਤਾ ਹੈ। (Akali Dal)
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀਂ ਹੈ। ਜਿਸ ਕਾਰਨ ਦਿਆਲ ਸਿੰਘ ਕੋਲਿਆਂਵਾਲੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਖ਼ਿਲਾਫ਼ ਪਹਿਲਾਂ ਵੀ ਇੱਕ ਮਾਮਲਾ ਦਰਜ਼ ਹੋ ਚੁੱਕਾ ਹੈ, ਉਹ ਵੀ ਇਸੇ ਤਰਾਂ ਸਿਆਸੀ ਬਦਲਾਖੋਰੀ ਤੋਂ ਪ੍ਰਭਾਵਿਤ ਸੀ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਨੇ ਕੋਲਿਆਂਵਾਲੀ ਖ਼ਿਲਾਫ਼ ਕੇਸ ਮੜਨ ਦੀ ਇੰਨੀ ਜਿਆਦਾ ਕਾਹਲੀ ਦਿਖਾਈ ਗਈ ਹੈ ਕਿ ਕੋਲਿਆਂਵਾਲੀ ਦੀ ਪੱਖ ਤੱਕ ਨਹੀਂ ਸੁਣਿਆ ਗਿਆ ਹੈ। (Akali Dal)
ਇਹ ਵੀ ਪੜ੍ਹੋ : ਜੱਚਾ ਬੱਚਾ ਹਸਪਤਾਲ ‘ਚ ਹੋ ਜਾਣੀ ਸੀ ਵੱਡੀ ਵਾਰਦਾਤ, ਦੋ ਕਾਬੂ, ਪੁਲਿਸ ਜਾਂਚ ‘ਚ ਜੁਟੀ
ਡਾ. ਚੀਮਾ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਰਾਜਸਥਾਨ ਅਤੇ ਉੱਤਰਾਖੰਡ ਵਿੱਚ ਜ਼ਮੀਨ ਅਤੇ ਹੋਟਲ ਦਿਖਾਉਂਦੇ ਹੋਏ ਦਿਆਲ ਸਿੰਘ ਕੋਲਿਆਂਵਾਲੀ ਨੂੰ ਬਦਨਾਮ ਕਰਨ ਦੀ ਕੋਸ਼ਸ਼ ਕੀਤੀ ਹੈ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ, ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਘੇਰੇ ਵਿੱਚ ਆਉਂਦਾ ਹੋਵੇ। ਉਨਾਂ ਕਿਹਾ ਕਿ ਦਿਆਲ ਸਿੰਘ ਕੋਲਿਆਂਵਾਲੀ ਵਲੋਂ ਆਪਣੀਆਂ ਸੰਪਤੀਆਂ ਅਤੇ ਜਾਇਦਾਦ ਬਾਰੇ ਆਮਦਨ ਕਰ ਅਧਿਕਾਰੀਆਂ ਪਹਿਲਾਂ ਹੀ ਜਮਾ ਕਰਵਾਏ ਹੋਏ ਹਨ, ਜਿਨਾਂ ਨੂੰ ਸਰਕਾਰ ਨੇ ਸਵੀਕਾਰ ਕਰਨ ਤੋਂ ਹੀ ਸਾਫ਼ ਇਨਕਾਰ ਕੀਤਾ ਹੋਇਆ ਹੈ। ਜਿਸ ਤੋਂ ਸਾਫ਼ ਜਾਪਦਾ ਹੈ ਕਿ ਸਰਕਾਰ ਦਿਆਲ ਸਿੰਘ ਕੋਲਿਆਂਵਾਲੀ ‘ਤੇ ਮਾਮਲਾ ਦਰਜ਼ ਕਰਦੇ ਹੋਏ ਕੋਈ ਕਾਰਵਾਈ ਕਰਨ ਦੀ ਫਿਰਾਕ ਵਿੱਚ ਹੈ।