ਭਾਰਤੀ ਜਨਤਾ ਪਾਰਟੀ ਨੇ ਧਨੌਲਾ ਤੋਂ ਅਰੰਭੀ ਲੋਕ ਸਭਾ ਚੋਣਾਂ ਦੀ ਤਿਆਰੀ
ਧਨੌਲਾ/ਬਰਨਾਲਾ (ਜੀਵਨ ਰਾਮਗੜ੍ਹ)। ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਵੱਡੇ ਖਿੱਤੇ ਮਾਲਵਾ ਦੀ ਧਰਤੀ ‘ਤੇ ਲੋਕ ਸਭਾ ਚੋਣਾਂ 2019 ਦੀ ਤਿਆਰੀ ਦਾ ਆਗਾਜ ਕਰਦਿਆਂ ਚੋਣ ਬਿਗਲ ਵਜਾ ਦਿੱਤਾ। ਮਾਲਵਾ ਦੇ ਕੇਂਦਰ ‘ਚ ਪੈਂਦੇ ਬਰਨਾਲਾ ਦੇ ਕਸਬਾ ਧਨੌਲਾ ‘ਚ ਪਹੁੰਚੇ ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਰਾਜ ਨੂੰ ਆੜੇ ਹੱਥੀਂ ਲੈਂਦਿਆਂ ਸੂਬੇ ਦੀਆਂ 13’ਚੋਂ 13 ਲੋਕ ਸਭਾ ਦੀਆਂ ਸੀਟਾਂ ਗੱਠਜੋੜ ਵੱਲੋਂ ਜਿੱਤਣ ਦਾ ਦਾਅਵਾ ਠੋਕਿਆ ਹੈ।
ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਪੰਜਾਬ ‘ਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਸੂਬੇ ਦੀਆਂ ਨਹਿਰਾਂ ਸੁੱਕੀਆਂ ਪਈਆਂ ਹਨ। ਰੇਤ ਮਾਫੀਆਂ ਨੂੰ ਰੋਕਣ ਵਾਲਿਆਂ ‘ਤੇ ਹਮਲੇ ਹੋ ਰਹੇ ਹਨ ਜਦਕਿ ਮਾਫੀਆਂ ਨੂੰ ਬਚਾਇਆ ਜਾ ਰਿਹਾ ਹੈ। ਕਾਂਗਰਸ ਰਾਜ ‘ਚ ਅਪਰਾਧੀਆਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਰੋਕਣ ਵਾਲਿਆਂ ‘ਤੇ ਹਮਲੇ/ਪਰਚੇ ਦਰਜ਼ ਹੋ ਰਹੇ ਹਨ। ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਮਲਿਕ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨੂੰ ਪੰਜਾਬ ਕਾਂਗਰਸ ਸਰਕਾਰ ਕਿਸਾਨਾਂ ਤੱਕ ਪਹੁੰਚਣ ਨਹੀਂ ਦੇ ਰਹੀ।
ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਸੁਨੀਲ ਜਾਖੜ ਜੋ ਕਿ ਕਿਸਾਨਾਂ ਦੇ ਹਿਤੈਸ਼ੀ ਬਣਦੇ ਸੀ ਹੁਣ ਸਰਕਾਰ ਆਉਣ ‘ਤੇ ਕਿਉਂ ਚੁੱਪ ਹੋ ਗਏ। ਉਨ੍ਹਾਂ ਦੋਸ਼ ਲਗਾਉਂਦਿਆ ਕਿਹਾ ਕਿ ਸ੍ਰੀ ਜਾਖੜ ਦਾ ਭਤੀਜ਼ਾ ਜੋ ਕਿ ਕਿਸਾਨ ਕਮਿਸ਼ਨ ਦਾ ਚੇਅਰਮੈਨ ਹੈ ਨੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਬਿਜ਼ਲੀ ਵਾਪਿਸ ਲੈਣ ਸੰਬਧੀ ਕਿਹਾ ਹੈ। ਸ੍ਰੀ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦਾ ਗਲ਼ਾ ਘੁੱਟ ਰਹੀ ਹੈ। ਸਹਿਕਾਰੀ ਬੈਂਕਾਂ ਦੁਆਰਾ ਪਹਿਲਾਂ 14 ਹਜ਼ਾਰ ਰੁਪਏ ਪ੍ਰਤੀ ਏਕੜ ਕਰਜ਼ਾ ਮਿਲਦਾ ਸੀ ਪ੍ਰੰਤੂ ਹੁਣ ਕੈਪਟਨ ਸਰਕਾਰ ਨੇ ਘਟਾ ਕੇ 10 ਹਜ਼ਾਰ ਪ੍ਰਤੀ ਏਕੜ ਕਰ ਦਿੱਤਾ ਹੈ। ਮਲਿਕ ਨੇ ਕਾਂਗਰਸ ਸਰਕਾਰ ‘ਤੇ ਰੇਤ ਮਾਫੀਆਂ ਨੂੰ ਤਾਕਤ ਦੇਣ ਦੇ ਦੋਸ਼ ਵੀ ਲਗਾਏ।
ਊਨ੍ਹਾਂ ਕਰਜ਼ ਮਾਫੀ ਸਬੰਧੀ ਬੋਲਦਿਆਂ ਕਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਨੂੰ ਕਿਸਾਨ ਕਰਜ਼ ਮਾਫੀ ਮੌਕੇ ਪ੍ਰਧਾਨ ਮੰਤਰੀ ਯਾਦ ਆ ਗਏ। ਉਨ੍ਹਾਂ ਸਵਾਲ ਕੀਤਾ ਕਿ ਜਦ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਕਰਜ਼ ਮਾਫੀ ਦਾ ਝੂਠਾ ਵਾਅਦਾ ਕਰ ਰਹੇ ਸਨ ਕੀ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਲਿਆ ਸੀ? ਉਨ੍ਹਾਂ ਨਸ਼ਿਆਂ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਸਵਾਲ ਕਰਦਿਆਂ ਕਿਹਾ ਕੀ ਹੁਣ ਕੈਪਟਨ ਅਮਰਿੰਦਰ ਸਿੰਘ ਹੁਣ ਹੱਥ ‘ਚ ਗੁੱਟਕਾ ਸਾਹਿਬ ਲੈ ਕੇ ਸਹੁੰ ਚੁੱਕਣਗੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ? ਉਨ੍ਹਾਂ ਕਿਹਾ ਕਿ ਸੂਬੇ ‘ਚ ਹਰ ਵਰਗ ਦੁਖ਼ੀ ਹੈ ਜਿਸ ਦੇ ਕਾਰਨ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਵੇਗੀ।
ਇਸ ਸਮੇਂ ਬੀਜੇਪੀ ਦੇ ਸਥਾਨਕ ਨੇਤਾਵਾਂ ਨੇ ਸ੍ਰੀ ਸਵੇਤ ਮਲਿਕ ਦਾ ਸਨਮਾਨ ਵੀ ਕੀਤਾ। ਇਸ ਮੌਕੇ ਬੀਜੇਪੀ ਦੇ ਸੂਬਾਈ ਨੇਤਾ ਮੈਡਮ ਅਰਚਨਾ ਦੱਤ, ਸੁਖਵੰਤ ਧਨੌਲਾ, ਧੀਰਜ ਕੁਮਾਰ ਦੱਦਾਹੂਰ, ਜਿਲ੍ਹਾ ਪ੍ਰਧਾਨ ਗੁਰਮੀਤ ਬਾਵਾ, ਯਾਦਵਿੰਦਰ ਸੰਟੀ, ਰਜਿੰਦਰ ਉਪਲ, ਲਲਿਤ ਕੁਮਾਰ, ਪ੍ਰੇਮ ਪ੍ਰੀਤਮ ਜਿੰਦਲ ਆਦਿ ਸਮੇਤ ਸਮੂਹ ਅਹੁਦੇਦਾਰ ਸ਼ਾਮਲ ਸਨ।
ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਇੱਕ ਸਵਾਲ ਦੇ ਜੁਆਬ ‘ਚ ਕਿਹਾ ਕਿ ਪੰਜਾਬ ਦੇ ਦਿਹਾਤ ਖੇਤਰ ‘ਚ ਇਹ ਰੈਲੀ ਅਕਾਲੀ ਦਲ ਨੂੰ ਟੱਕਰ ਦੇਣ ਲਈ ਨਹੀਂ ਹੈ। ਉਨ੍ਹਾਂ ਕਿਹ ਕਿ ਬੀਜੇਪੀ ਇੱਕ ਨੈਸ਼ਨਲ ਪਾਰਟੀ ਹੈ ਜੋ ਕਿ ਆਪਣੀਆਂ ਨੀਤੀਆਂ ਨੂੰ ਪੰਜਾਬ ਦੀ ਗਲੀ-ਗਲੀ ਲੈ ਕੇ ਜਾ ਰਹੀ ਹੈ। ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਦੋ ਭਰਾ ਹਨ ਅਤੇ ਮੋਢੇ ਨਾਲ ਮੋਢਾ ਲਾ ਕੇ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣਗੇ। ਉਨ੍ਹਾਂ ਬੀਜੇਪੀ ਅਤੇ ਅਕਾਲੀ ਦਲ ਦੀ ਪਿਛਲੀ ਖਟਾਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।