‘ਯੋਗ ਦਿਵਸ’ ਬੇਢੰਗੇ ਆਸਣਾਂ ਨਾਲ ਚੜ੍ਹਿਆ ਸਿਰੇ
ਸੰਗਰੂਰ (ਸੱਚ ਕਹੂੰ ਨਿਊਜ਼)। ਤੰਦਰੁਸਤ ਪੰਜਾਬ ਮਿਸ਼ਨ’ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸੰਗਰੂਰ ਦੇ ਸਿਟੀ ਪਾਰਕ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਯੋਗਾ ਕੈਂਪ ਹਾਸੇ ਦਾ ਸਬੱਬ ਬਣ ਕੇ ਰਹਿ ਗਿਆ ਜ਼ਿਆਦਾਤਰ ਲੋਕ ਯੋਗ ਦੇ ਆਸਣਾਂ ਤੋਂ ਪੂਰੀ ਤਰ੍ਹਾਂ ਬੇਖ਼ਬਰ ਦਿਸੇ ‘ਪ੍ਰਸ਼ਾਸਨਿਕ ਯੋਗ ਸਮਾਗਮ’ ਵਿੱਚ ਵੱਡੀ ਗਿਣਤੀ ਲੋਕ ਪਹਿਲੀ ਵਾਰ ਭਾਗ ਲੈਣ ਆਏ ਹੋਏ ਸਨ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਸਕੂਲੀ ਤੇ ਕਾਲਜ ਤੇ ਬੱਚਿਆਂ ਦੀ ਸੀ ਇਸ ਸਭ ਨੂੰ ਵੇਖਦਿਆਂ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਯੋਗ ਦਿਵਸ ਮਨਾਉਣ ਦਾ ਸਿਰਫ਼ ਬੁੱਤਾ ਹੀ ਸਾਰਿਆ ਗਿਆ ਹੈ।
ਇਸ ਯੋਗਾ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਪੁੱਜੇ ਹੋਏ ਸਨ ਯੋਗਾ ਦੱਸਣ ਵਾਲੇ ਮਾਹਿਰਾਂ ਦੀ ਸਟੇਜ ਤੋਂ ਗੱਲ ਸਿਰਫ਼ ਅੱਗੇ ਬੈਠਣ ਵਾਲਿਆਂ ਨੂੰ ਸੁਣਦੀ ਸੀ ਜਦੋਂ ਕਿ ਪਿੱਛੇ ਬੈਠੇ ਲੋਕ ਆਪੋ-ਆਪਣੇ ਢੰਗ ਨਾਲ ਯੋਗਾ ਕਰਨ ਵਿੱਚ ਮਸਤ ਦਿਖੇ ਯੋਗਾ ਦੀ ਜਾਣਕਾਰੀ ਰੱਖਣ ਵਾਲਿਆਂ ਦਾ ਕਹਿਣਾ ਸੀ ਕਿ ਯੋਗਾ ਕਰਨ ਲਈ ਵਿਸ਼ੇਸ਼ ਵਾਤਾਵਰਣ ਦੀ ਲੋੜ ਹੁੰਦੀ ਹੈ ਅਤੇ ਸਹੀ ਤਰੀਕੇ ਨਾਲ ਕਰਨਾ ਜ਼ਰੂਰੀ ਹੁੰਦਾ ਹੈ ਅਤੇ ਇੱਕ ਦਿਨ ਯੋਗਾ ਕਰਨ ਨਾਲ ਕੁਝ ਵੀ ਨਹੀਂ ਹੋ ਸਕਦਾ।
ਇਸ ਲਈ ਨਿਰੰਤਰ ਘਾਲਣਾ ਘਾਲਣੀ ਪੈਂਦੀ ਹੈ ਪਰ ਇਸ ਸਮਾਗਮ ਵਿੱਚ ਜ਼ਿਆਦਾਤਰ ਲੋਕ ਬੇਤਰਤੀਬੇ ਢੰਗ ਨਾਲ ਯੋਗਾ ਕਰਦੇ ਦਿਖੇ ਯੋਗਾ ਮਾਹਿਰਾਂ ਦਾ ਧਿਆਨ ਦੇ ਕੇਂਦਰ ਬਿੰਦੂ ਡਿਪਟੀ ਕਮਿਸ਼ਨਰ ਹੀ ਰਹੇ ਯੋਗਾ ਸਮਾਗਮ ਵਿੱਚ ਜ਼ਿਆਦਾ ਲੋਕਾਂ ਨੂੰ ਸ਼ਾਮਲ ਕਰਵਾਉਣ ਲਈ ਨਰਸਿੰਗ ਕਾਲਜਾਂ ਤੇ ਸਕੂਲਾਂ ਦੇ ਬੱਚਿਆਂ ਨੂੰ ਵਿਸ਼ੇਸ਼ ਸੱਦਾ ਭੇਜਿਆ ਗਿਆ ਸੀ ਅਜਿਹੇ ਹਾਲਾਤਾਂ ਵਿੱਚ ਜਿਹੜੇ ਬੱਚੇ ਯੋਗਾ ਕਰ ਰਹੇ ਸਨ ਉਨ੍ਹਾਂ ਵਿੱਚ ਕੁਝ ਤਾਂ ਮਜ਼ਬੂਰੀ ਵਸ ਕਰ ਰਹੇ ਸਨ ਅਤੇ ਬਾਕੀ ਆਰਾਮ ਨਾਲ ਆਪਣੇ ਦੋਸਤਾਂ ਨਾਲ ਹਾਸਾ-ਠੱਠਾ ਕਰਦੇ ਵੇਖੇ ਗਏ ਜ਼ਿਆਦਾ ਲੋਕਾਂ ਨੇ ਆਪੋ ਆਪਣੇ ਢੰਗ ਅਨੁਸਾਰ ਆਸਣਾਂ ਨੂੰ ਢਾਲ ਕੇ ਯੋਗ ਕਿਰਿਆਵਾਂ ਕੀਤੀਆਂ।