ਸਿਊਂਕ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
- ਜ਼ਖ਼ਮੀਆਂ ਨੂੰ ਮਿਲੇਗੀ ਮਾਲੀ ਮਦਦ ਤੇ ਸਰਕਾਰੀ ਖ਼ਰਚੇ ‘ਤੇ ਹੋਵੇਗਾ ਇਲਾਜ
- ਚਾਰ ਦੋਸ਼ੀਆਂ ਦੀ ਹੋਈ ਗ੍ਰਿਫਤਾਰੀ ਤੇ ਤਫ਼ਤੀਸ਼ ਜਾਰੀ
ਚੰਡੀਗੜ। ਸ. ਧਰਮਸੋਤ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਸ੍ਰੀ ਦਵਿੰਦਰ ਸਿੰਘ, ਵਣ ਗਾਰਡ ਸ੍ਰੀ ਰਵਿੰਦਰ ਸਿੰਘ, ਬੇਲਦਾਰ ਸ੍ਰੀ ਕਰਨੈਲ ਸਿੰਘ, ਬੇਲਦਾਰ ਸ੍ਰੀ ਰਾਜਿੰਦਰ ਸਿੰਘ, ਦਿਹਾੜੀਦਾਰ ਸ੍ਰੀ ਭਾਗ ਚੰਦ ਤੇ ਸ੍ਰੀ ਮਹਿੰਦਰ ਸਿੰਘ ਵਲੋਂ ਜ਼ਿਲਾ ਐਸ.ਏ.ਐਸ. ਨਗਰ ਦੇ ਪਿੰਡ ਸਿਊਂਕ-ਸ਼ਿੰਗਾਰੀਵਾਲਾ ਸੜਕੀ ਮਾਰਗ ‘ਤੇ 19 ਜੂਨ, 2018 ਨੂੰ ਰਾਤ ਸਮੇਂ 10:30 ਵਜੇ ਲਗਾਏ ਨਾਕੇ ਦੌਰਾਨ ਕੁੱਝ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ ਸੀ। ਇਸ ਸਬੰਧੀ ਐਫ.ਆਈ.ਆਰ. ਥਾਣਾ ਮੁੱਲਾਂਪੁਰ ਗਰੀਬਦਾਸ, ਜ਼ਿਲਾ ਐਸ.ਏ.ਐਸ. ਨਗਰ ਵਿਖੇ ਆਈ.ਪੀ.ਸੀ. ਦੀ ਧਾਰਾ 307, 353, 186, 332, 148, 149 ਅਧੀਨ ਦਰਜ ਕੀਤੀ ਗਈ ਹੈ।
ਪੰਜਾਬ ਪੁfਲਸ ਨੇ ਵਣ ਗਾਰਡ ਦੇ ਬਿਆਨਾਂ ਦੇ ਆਧਾਰ ‘ਤੇ ਸਤਪ੍ਰੀਤ ਸਿੰਘ ਉਰਫ਼ ਸੱਤੀ ਪੁੱਤਰ ਬਲਵਿੰਦਰ ਸਿੰਘ, ਸਤਵਿੰਦਰ ਸਿੰਘ ਉਰਫ਼ ਹੈਪੀ ਪੁੱਤਰ ਸੁਰਿੰਦਰ ਸਿੰਘ, ਜਗਜੀਤ ਸਿੰਘ ਉਰਫ਼ ਜੱਗਾ ਪੁੱਤਰ ਸੋਹਣ ਸਿੰਘ ਅਤੇ ਇੰਦਰਜੀਤ ਸਿੰਘ ਉਰਫ਼ ਇੰਦਾ ਪੁੱਤਰ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਇਨਾਂ ਦੀ ਨਿਸ਼ਾਨਦੇਹੀ ‘ਤੇ ਵਾਰਦਾਤ ਦੌਰਾਨ ਵਰਤਿਆ ਗਿਆ ਟਰੈਕਟਰ-ਟਰਾਲੀ ਅਤੇ ਆਈ-20 ਕਾਰ ਵੀ ਬਰਾਮਦ ਹੋ ਚੁੱਕੀ ਹੈ ਅਤੇ ਦੋਸ਼ੀਆਂ ਪਾਸੋਂ ਪੁੱਛ-ਗਿੱਛ, ਤਫ਼ਤੀਸ਼ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਉਨਾਂ ਦੱਸਿਆ ਕਿ ਬਲਾਕ ਅਫਸਰ ਸ੍ਰੀ ਦਵਿੰਦਰ ਸਿੰਘ ਅਤੇ ਬੇਲਦਾਰ ਕਰਨੈਲ ਸਿੰਘ ਸਖ਼ਤ ਜ਼ਖਮੀ ਦੀ ਹਾਲਤ ਵਿੱਚ ਪੀ.ਜੀ.ਆਈ. (ਟਰੌਮਾ ਸੈਂਟਰ), ਚੰਡੀਗੜ ਵਿਖੇ ਜ਼ੇਰੇ ਇਲਾਜ ਹਨ, ਜਿੱਥੇ ਬਲਾਕ ਅਫਸਰ ਦਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਬੇਲਦਾਰ ਕਰਨੈਲ ਸਿੰਘ ਦਾ ਵੀ ਸਕੱਲ ਫਰੈਕਚਰ ਹੈ। ਬਲਾਕ ਅਫਸਰ ਦਵਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਓਪਰੇਸ਼ਨ ਉਪਰੰਤ ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ 72 ਘੰਟੇ ਦੀ ਅਬਜ਼ਰਵੇਸ਼ਨ ‘ਤੇ ਰੱਖਿਆ ਗਿਆ ਹੈ। ਸ੍ਰੀ ਕਰਨੈਲ ਸਿੰਘ ਬੇਲਦਾਰ ਦੇ ਚਿਹਰੇ ਤੇ ਸੱਜੇ ਪਾਸੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ, ਜਿਸ ਕਰਕੇ ਉਸ ਦੇ ਚਿਹਰੇ ਤੇ ਸੱਜੇ ਪਾਸੇ ਡੂੰਘਾ ਜਖ਼ਮ ਹੋ ਗਿਆ ਹੈ ਅਤੇ ਉਹ ਵੀ ਪੀ.ਜੀ.ਆਈ. (ਟਰੌਮਾ ਸੈਂਟਰ), ਚੰਡੀਗੜ ਵਿਖੇ ਜ਼ੇਰੇ ਇਲਾਜ ਹਨ।