ਸਿਵਲ ਸਕੱਤਰੇਤ ‘ਚ ਸੁਨੀਲ ਜਾਖੜ ਦੇ ਪ੍ਰਾਈਵੇਟ ਸਕੱਤਰ ਸੰਜੀਵ ਤਰੀਖ਼ਾ ਲਈ ਨੋ ਐਂਟਰੀ
- ਸੰਜੀਵ ਤਰੀਖਾ ਦੀ ਨੋ ਐਂਟਰੀ ਨੂੰ ਲੈ ਕੇ ਪਿਆ ਸੀ ਰੌਲਾ, ਮੁੜ ਕੇ ਸਕੱਤਰੇਤ ਨਹੀਂ ਆਏ ਜਾਖੜ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਸੱਤਾ ਵਿੱਚ ਕਾਂਗਰਸ ਹੋਣ ਦੇ ਬਾਵਜੂਦ ਵੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪਣੀ ਸਰਕਾਰ ਤੋਂ ਬੇਗਾਨੇ ਹੁੰਦੇ ਨਜ਼ਰ ਆ ਰਹੇ ਹਨ। ਸੁਨੀਲ ਜਾਖੜ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੇ ਪ੍ਰਾਈਵੇਟ ਸਕੱਤਰ ਸੰਜੀਵ ਤਰੀਖ਼ਾ ਨੂੰ ਸਿਵਲ ਸਕੱਤਰੇਤ ਵਿੱਚ ਦਾਖ਼ਲ ਹੋਣ ਲਈ ਪਾਸ ਨਹੀਂ ਬਣਵਾ ਸਕੇ, ਜਿਸ ਕਾਰਨ ਪਿਛਲੇ 3 ਮਹੀਨੇ ਤੋਂ ਸੰਜੀਵ ਤਰੀਖਾ ਲਈ ਸਿਵਲ ਸਕੱਤਰੇਤ ਵਿੱਚ ਨੋ ਐਂਟਰੀ ਹੈ। ਸੰਜੀਵ ਤਰੀਖ਼ਾ ਦਾ ਪੱਕਾ ਪਾਸ ਨਾ ਬਣਾਏ ਜਾਣ ਦੇ ਕਾਰਨ ਸੁਨੀਲ ਜਾਖੜ ਵਲੋਂ ਬੀਤੇ ਦੋ ਮਹੀਨੇ ਪਹਿਲਾਂ ਕਾਫ਼ੀ ਜਿਆਦਾ ਬਵਾਲ ਵੀ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲੇ ਬਿਨਾਂ ਵਾਪਸ ਵੀ ਚਲੇ ਗਏ ਹਨ ਪਰ ਇਸ ਦੇ ਬਾਵਜੂਦ ਨਾ ਹੀ ਸਰਕਾਰੀ ਅਧਿਕਾਰੀਆਂ ‘ਤੇ ਕੋਈ ਫਰਕ ਪਿਆ ਅਤੇ ਨਾ ਹੀ ਸੰਜੀਵ ਤਰੀਖ਼ਾ ਦਾ ਪਾਸ ਬਣਾਇਆ ਗਿਆ ਹੈ।
ਸਰਕਾਰ ਵਿੱਚ ਹੋ ਰਹੀ ਇਸ ਬੇਰੁਖੀ ਨੂੰ ਦੇਖਦੇ ਹੋਏ ਸੁਨੀਲ ਜਾਖੜ ਨੇ ਸਿਵਲ ਸਕੱਤਰੇਤ ਦਾ ਰੁਖ ਨਹੀਂ ਕੀਤਾ ਹੈ, ਸਿਰਫ਼ ਨਵੇਂ ਮੰਤਰੀ ਬਣਨ ਮੌਕੇ ਉਹ ਇੱਕ ਵਾਰ ਸਕੱਤਰੇਤ ਵਿੱਚ ਆਏ ਸਨ ਪਰ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਵਾਪਸੀ ਕਰ ਲਈ ਸੀ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਨੇ ਪਿਛਲੇ 3 ਮਹੀਨੇ ‘ਚ ਸਿਵਲ ਸਕੱਤਰੇਤ ਵੱਲ ਰੁਖ ਤੱਕ ਨਹੀਂ ਕੀਤਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਿਵਲ ਸਕੱਤਰੇਤ ਵਿੱਚ ਦਾਖਲ ਹੋਣ ਲਈ ਵੱਡੀ ਵੱਡੀ ਲਾਈਨ ਵਿੱਚ ਖੜ੍ਹੇ ਹੋਏ ਪਾਸ ਬਣਾਉਣਾ ਪੈਂਦਾ ਹੈ ਅਤੇ ਜਿਨ੍ਹਾਂ ਨੇ ਪੱਕੇ ਤੌਰ ‘ਤੇ ਰੋਜ਼ਾਨਾ ਆਉਣਾ ਹੁੰਦਾ ਹੈ, ਉਨ੍ਹਾਂ ਵਿਅਕਤੀ ਵਿਸ਼ੇਸ਼ ਨੂੰ ਸਕੱਤਰੇਤ ਪ੍ਰਸ਼ਾਸਨ ਵੱਲੋਂ ਇੱਕ ਸਾਲ ਲਈ ਪੱਕਾ ਪਾਸ ਬਣਾ ਕੇ ਦਿੱਤਾ ਜਾਂਦਾ ਹੈ। ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਦੇ ਪ੍ਰਾਈਵੇਟ ਸਕੱਤਰ ਸੰਜੀਵ ਤਰੀਖਾ ਵੱਲੋਂ 3-4 ਮਹੀਨੇ ਪਹਿਲਾਂ ਸਿਵਲ ਸਕੱਤਰੇਤ ‘ਚ ਦਾਖ਼ਲ ਹੋਣ ਲਈ ਪਾਸ ਫਾਰਮ ਭਰਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਪੁਲਿਸ ਵੈਰੀਫਿਕੇਸ਼ਨ ਹੋਈ ਤਾਂ ਸੰਜੀਵ ਤਰੀਖਾ ਖ਼ਿਲਾਫ਼ ਇੱਕ ਮਾਮਲਾ ਦਰਜ ਹੋਣ ਦੀ ਗੱਲ ਸਾਹਮਣੇ ਆਈ ਤਾਂ ਇਸ ਕਾਰਨ ਮੁੱਖ ਮੰਤਰੀ ਸੁਰੱਖਿਆ ਦੇ ਅਧਿਕਾਰੀਆਂ ਵੱਲੋਂ ਸੰਜੀਵ ਤਰੀਖ਼ਾ ਨੂੰ ਪਾਸ ਜਾਰੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਹੁਣ ਤੱਕ ਸੰਜੀਵ ਤਰੀਖਾ ਪਾਸ ਬਣਾਉਣ ਲਈ ਭੱਜ-ਦੌੜ ਕਰ ਰਹੇ ਹਨ ਪਰ ਸਿਵਲ ਸਕੱਤਰੇਤ ਪ੍ਰਸ਼ਾਸਨ ਉਨ੍ਹਾਂ ਦਾ ਪਾਸ ਨਹੀਂ ਬਣਾ ਰਿਹਾ ਹੈ।
ਰੱਦ ਹੋ ਗਿਆ ਐ ਮਾਮਲਾ, ਹੁਣ ਵੈਰੀਫਿਕੇਸ਼ਨ ‘ਚ ਨਹੀਂ ਹੋਏਗੀ ਦਿੱਕਤ : ਸੰਜੀਵ
ਸੁਨੀਲ ਜਾਖੜ ਦੇ ਪ੍ਰਾਈਵੇਟ ਸਕੱਤਰ ਸੰਜੀਵ ਤਰੀਖ਼ਾ ਨੇ ਮੰਨਿਆ ਕਿ ਪਿਛਲੇ 3-4 ਮਹੀਨੇ ਤੋਂ ਉਨਾਂ ਦੀ ਸਿਵਲ ਸਕੱਤਰੇਤ ਵਿੱਚ ਦਾਖ਼ਲੇ ‘ਤੇ ਨੋ ਐਂਟਰੀ ਲਗਾਈ ਹੋਈ ਹੈ ਤੇ ਉਨ੍ਹਾਂ ਦਾ ਪੱਕਾ ਪਾਸ ਨਹੀਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਮਾਮਲਾ ਦਰਜ ਸੀ, ਉਹ ਰੱਦ ਹੋ ਗਿਆ ਹੈ ਤੇ ਜਲਦ ਨਵੀਂ ਹੋਣ ਵਾਲੀ ਪੁਲਿਸ ਵੈਰੀਫਿਕੇਸ਼ਨ ‘ਚ ਕੋਈ ਦਿੱਕਤ ਨਹੀਂ ਆਏਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਾਸ ਬਣ ਜਾਏਗਾ।
ਜੇਕਰ ਦਰਜ ਐ ਐੱਫ਼ਆਈਆਰ ਤਾਂ ਨਹੀਂ ਹੋਏਗੀ ਐਂਟਰੀ : ਅਧਿਕਾਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੁਰੱਖਿਆ ‘ਚ ਤੈਨਾਤ ਅਧਿਕਾਰੀ ਨੇ ਸਪੱਸ਼ਟ ਕਿਹਾ ਕਿ ਕੋਈ ਹੋਵੇ ਜੇਕਰ ਉਸ ਖ਼ਿਲਾਫ਼ ਐਫ.ਆਈ.ਆਰ. ਦਰਜ ਹੈ ਤਾਂ ਉਸ ਦੀ ਸਿਵਲ ਸਕੱਤਰੇਤ ਵਿਖੇ ਐਂਟਰੀ ਲਈ ਪੱਕਾ ਪਾਸ ਜਾਰੀ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਆਖ਼ਰੀ ਹੁਕਮ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਹੀ ਲਿਆ ਜਾਂਦਾ ਹੈ ਪਰ ਹੁਣ ਤੱਕ ਸੰਜੀਵ ਤਰੀਖ਼ਾ ਦਾ ਪਾਸ ਰੋਕਿਆ ਹੋਇਆ ਹੈ।