ਵਿਜੇ-ਸ਼ਿਖਰ ਨੇ ਕੱਢਿਆ ਅਫ਼ਗਾਨਾਂ ਦਾ ਦਮ

ਬੰਗਲੁਰੂ (ਏਜੰਸੀ)। ਭਾਰਤ ਨੇ ਆਪਣੇ ਓਪਨਰਾਂ ਸ਼ਿਖਰ ਧਵਨ (107) ਅਤੇ ਮੁਰਲੀ ਵਿਜੇ (105) ਦੇ ਸ਼ਾਨਦਾਰ ਸੈਂਕੜਿਆਂ ਅਤੇ ਉਹਨਾਂ ਦਰਮਿਆਨ ਪਹਿਲੀ ਵਿਕਟ ਲਈ 168 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਦੀ ਬਦੌਲਤ ਅਫ਼ਗਾਨਿਸਤਾਨ ਵਿਰੁੱਧ ਇੱਕੋ ਇੱਕ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਛੇ ਵਿਕਟਾਂ ‘ਤੇ 347 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ  ਦਿਨ ਦੀ ਖੇਡ ਸਮਾਪਤੀ ਸਮੇਂ ਪਾਂਡਿਆ 10 ਅਤੇ ਅਸ਼ਵਿਨ 7 ਦੌੜਾਂ ‘ਤੇ ਨਾਬਾਦ ਸਨ ਅਫ਼ਗਾਨਿਸਤਾਨ ਦੇ ਸਪਿੱਨਰ ਭਾਰਤੀ ਬੱਲੇਬਾਜ਼ਾਂ ‘ਤੇ ਵੈਸਾ ਪ੍ਰਭਾਵ ਨਹੀਂ ਛੱਡ ਸਕੇ ਜਿਹੋ ਜਿਹੀ ਉਹਨਾਂ ਤੋਂ ਆਸ ਕੀਤੀ ਜਾ ਰਹੀ ਸੀ।

ਸ਼ਿਖਰ ਨੇ ਇਸ ਮੁਕਾਬਲੇ ‘ਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਦਿਨ ਲੰਚ ਤੋਂ ਪਹਿਲਾਂ ਸੈਂਕੜਾ ਠੋਕਣ ਦੀ ਪ੍ਰਾਪਤੀ ਹਾਸਲ ਕੀਤੀ ਵਿਜੇ ਨੇ ਵੀ ਸ਼ਿਖਰ ਦੇ ਨਾਲ ਸਹੀ ਕਦਮਤਾਲ ਕਰਦੇ ਹੋਏ ਬਿਹਤਰੀਨ ਪਾਰੀ ਖੇਡੀ ਵਿਜੇ ਦਾ ਇਹ 12ਵਾਂ ਟੈਸਟ ਸੈਂਕੜਾ ਸੀ। ਦੋਵੇਂ ਭਾਰਤੀ ਓਪਨਰਾਂ ਨੇ ਆਤਿਸ਼ੀ ਅੰਦਾਜ਼  ‘ਚ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 28.4 ਓਵਰਾਂ ‘ਚ ਪਹਿਲੀ ਵਿਕਟ ਲਈ 168 ਦੌੜਾਂ ਜੋੜ ਦਿੱਤੀਆਂ ਜਿਸ ਵਿੱਚ ਸ਼ਿਖਰ ਦਾ ਇਕੱਲੇ ਦਾ ਯੋਗਦਾਨ 107 ਦੌੜਾਂ ਸੀ ਸ਼ਿਖਰ ਨੇ ਆਪਣੀਆਂ 50 ਦੌੜਾਂ 47 ਗੇਂਦਾਂ ‘ਚ ਪੂਰੀਆਂ ਕੀਤੀਆਂ ਲੰਚ ਦੇ ਸਮੇਂ ਭਾਰਤ ਦਾ ਸਕੋਰ 158 ਦੌੜਾਂ ਸੀ ਅਤੇ ਸ਼ਿਖਰ 104 ਅਤੇ ਵਿਜੇ 41 ਦੌੜਾਂ ‘ਤੇ ਨਾਬਾਦ ਸਨ।

ਸ਼ਿਖਰ ਲੰਚ ਤੋਂ ਬਾਅਦ ਤੇਜ਼ ਗੇਂਦਬਾਜ਼ ਅਹਿਮਦਜ਼ਈ ਦੀ ਗੇਂਦ ‘ਤੇ ਨਬੀ ਹੱਥੋਂ ਕੈਚ ਆਊਟ ਹੋਇਆ ਸ਼ਿਖਰ ਦੀ ਵਿਕਟ ਡਿੱਗਣ ਤੋਂ ਬਾਅਦ ਲੋਕੇਸ਼ ਰਾਹੁਲ ਦੇ ਨਾਲ ਦੂਸਰੀ ਵਿਕਟ ਲਈ ਵਿਜੇ ਨੇ 112 ਦੌੜਾਂ ਦੀ ਭਾਈਵਾਲੀ ਕੀਤੀ ਵਿਜੇ ਨੇ ਆਪਣੀਆਂ 50 ਦੌੜਾਂ ਲੰਚ ਤੋਂ ਬਾਅਦ 80 ਗੇਂਦਾਂ ‘ਚ ਪੂਰੀਆਂ ਕੀਤੀਆਂ ਅਤੇ ਆਪਣਾ ਸੈਂਕੜਾ ਉਸਨੇ ਚਾਹ ਤੋਂ ਬਾਅਦ 143 ਗੇਂਦਾਂ ‘ਚ ਪੂਰਾ ਕੀਤਾ।

ਚਾਹ ਤੋਂ ਪਹਿਲਾਂ ਮੀਂਹ ਆਉਣ ਕਾਰਨ ਚਾਹ ਨੂੰ 15 ਮਿੰਟ ਪਹਿਲਾਂ ਲੈਣਾ ਪਿਆ ਉਸ ਸਮੇਂ ਭਾਰਤ ਦਾ ਸਕੋਰ 45.1 ਓਵਰਾਂ ‘ਚ 1 ਵਿਕਟ ‘ਤੇ 248 ਦੌੜਾਂ ਸੀ ਮੈਚ ਫਿਰ ਸ਼ੁਰੂ ਹੋਣ ਦੇ ਬਾਅਦ ਅਫ਼ਗਾਨਿਸਤਾਨ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੀਆਂ ਤਿੰਨ ਵਿਕਟਾਂ ਝਟਕਾਈਆਂ ਤੇਜ਼ ਗੇਂਦਬਾਜ਼ ਵਫ਼ਾਦਾਰ ਨੇ ਵਿਜੇ ਨੂੰ ਆਊਟ ਕੀਤਾ ਇਸਤੋਂ ਬਾਅਦ ਕਪਤਾਨ ਅਹਿਮਦਜ਼ਈ ਨੇ ਰਾਹੁਲ ਨੂੰ ਬੋਲਡ ਕਰਕੇ ਅਫ਼ਗਾਨਿਸਤਾਨ ਨੂੰ ਤੀਸਰੀ ਸਫ਼ਲਤਾ ਦਿਵਾਈ ਹਾਲਾਂਕਿ ਵਿਰਾਟ ਕੋਹਲੀ ਦੀ ਗੈਰ ਹਾਜ਼ਰੀ ‘ਚ ਭਾਰਤੀ ਟੀਮ ਦੇ ਕਪਤਾਨ ਸੰਭਾਲ ਰਹੇ ਅਜਿੰਕਿਆ ਰਹਾਣੇ ਕੁਝ ਖ਼ਾਸ ਨਾ ਕਰ ਸਕੇ ਅਤੇ ਰਾਸ਼ਿਦ ਦਾ ਸ਼ਿਕਾਰ ਬਣੇ।

ਚੇਤੇਸ਼ਵਰ ਪੁਜਾਰਾ ਦੇ ਰੂਪ ਭਾਰਤ ਦੀ ਪੰਜਵੀਂ ਵਿਕਟ ਡਿੱਗੀ ਭਾਰਤ ਨੇ ਚਾਹ ਦੇ ਸਮੇਂ ਤੱਕ ਜਿੱਥੇ 1 ਵਿਕਟ ‘ਤੇ 248 ਦੌੜਾਂ ਬਣਾਈਆਂ ਸਨ Àੱਥੇ ਮੀਂਹ ਤੋਂ ਬਾਅਦ ਖੇਡ ਸ਼ੁਰੂ ਹੋਣ ‘ਤੇ ਆਪਣੀਆਂ ਪੰਜ ਵਿਕਟਾਂ 54 ਦੌੜਾਂ ‘ਚ ਗੁਆ ਦਿੱਤੀਆਂ ਇਸ ਤਰ੍ਹਾਂ ਅਫ਼ਗਾਨਿਸਤਾਨ ਨੇ ਆਖ਼ਰੀ ਸੈਸ਼ਨ ‘ਚ ਚੰਗੀ ਵਾਪਸੀ ਕਰ ਲਈ ਅੱਠ ਸਾਲ ਬਾਅਦ ਟੈਸਟ ‘ਚ ਵਾਪਸੀ ਕਰ ਰਹੇ ਵਿਕਟਕੀਪਰ ਦਿਨੇਸ਼ ਕਾਰਤਿਕ ਦੀ ਵਾਪਸੀ ਸੁਖ਼ਾਵੀਂ ਨਹੀਂ ਰਹੀ ਅਤੇ ਉਹ ਰਨ ਆਊਟ ਹੋ ਗਿਆ।