ਮਾਨਸਾ ਤੋਂ ਇਲਾਵਾ ਰਾਮਪੁਰਾ, ਥਰਮਲ ਪਲਾਂਟ ਤੇ ਸਰਦੂਲਗੜ੍ਹ ਤੋਂ ਆਈਆਂ ਗੱਡੀਆਂ ਨੇ ਬੁਝਾਈ ਅੱਗ
- ਸਦਮੇ ‘ਚ ਆਏ ਦੁਕਾਨਦਾਰ ਨੂੰ ਕਰਵਾਉਣਾ ਪਿਆ ਹਸਪਤਾਲ ‘ਚ ਦਾਖਲ
ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼) ਸ਼ੁੱਕਰਵਾਰ ਦੇਰ ਰਾਤ ਸਿਨੇਮਾ ਰੋਡ ‘ਤੇ ਸਥਿਤ ਪਟਿਆਲਾ ਹਾਊਸ ‘ਚ ਅਚਾਨਕ ਅੱਗ ਲੱਗਣ ਨਾਲ ਕਰੀਬ ਸਵਾ ਕਰੋੜ ਰੁਪਏ ਦਾ ਸਮਾਨ ਸੜ ਕੇ ਖਾਕ ਹੋ ਗਿਆ। ਇਸ ਅੱਗ ਨਾਲ ਹਾਊਸ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜਦੋਂ ਇਸ ਘਟਨਾ ਦੀ ਸੂਚਨਾ ਦੁਕਾਨ ਮਾਲਕ ਸਮੀਰ ਛਾਬੜਾ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੁਣ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਹਾਸਿਲ ਕੀਤੇ ਵੇਰਵਿਆਂ ਮੁਤਾਬਿਕ ਰਾਤ ਕਰੀਬ 9 ਵਜੇ ਰਾਹਗੀਰਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਪਟਿਆਲਾ ਲੈਸ ਹਾਊਸ ‘ਚੋਂ ਧੂੰਆਂ ਨਿੱਕਲ ਰਿਹਾ ਹੈ, ਜਦੋਂ ਫਾਇਰ ਬ੍ਰਿਗੇਡ ਬੁਲਾ ਕੇ ਦੁਕਾਨ ਖੋਲ੍ਹੀ ਗਈ ਤਾਂ ਅੱਗੇ ਨੇ ਸਾਰੇ ਸਮਾਨ ਨੂੰ ਆਪਣੀ ਲਪੇਟ ‘ਚ ਲੈ ਰੱਖਿਆ ਸੀ। ਇਸ ਦੁਕਾਨ ‘ਚ ਵਿਆਹ-ਸ਼ਾਦੀਆਂ ਦੇ ਸਮਾਨ ਤੋਂ ਇਲਾਵਾ ਗੋਟਾ, ਲੈਸ ਤੋਂ ਇਲਾਵਾ ਹੋਰ ਸਜ਼ਾਵਟੀ ਸਮਾਨ ਰੱਖਿਆ ਹੋਇਆ ਸੀ ਜੋ ਪੂਰੀ ਤਰ੍ਹਾਂ ਸੜ ਗਿਆ। ਅੱਗ ਐਨੀਂ ਜ਼ਿਆਦਾ ਭਿਆਨਕ ਸੀ ਕਿ ਮਾਨਸਾ ਤੋਂ ਇਲਾਵਾ ਰਾਮਪੁਰਾ, ਥਰਮਲ ਪਲਾਂਟ ਤੇ ਸਰਦੂਲਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ।
ਫਾਇਰ ਅਫਸਰ ਰਾਜ ਕੁਮਾਰ ਨੇ ਦੱਸਿਆ ਕਿ ਅੱਗ ‘ਤੇ ਬੜ੍ਹੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ, ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਦੁਕਾਨ ਮਾਲਕ ਸਮੀਰ ਛਾਬੜਾ ਦੇ ਪਿਤਾ ਸੂਰਜ ਛਾਬੜਾ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਨਾਲ ਉਨ੍ਹਾਂ ਦਾ ਕਰੀਬ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ।