ਨਵੀਂ ਦਿੱਲੀ (ਏਜੰਸੀ)। ਤਜ਼ਰਬੇਕਾਰ ਗੋਲਕੀਪਰ ਪੀ.ਆਰ.ਸ਼੍ਰੀਜੇਸ਼ ਨੂੰ ਹਾਲੈਂਡ ਦੇ ਬ੍ਰੇਦਾ ‘ਚ 23 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅੰਜ਼ ਟਰਾਫ਼ੀ ਦੇ ਆਖ਼ਰੀ ਵਾਰ ਦੇ ਸੀਜ਼ਨ ਲਈ 18 ਮੈਂਬਰੀ ਸੀਨੀਅਰ ਪੁਰਸ਼ ਹਾਕੀ ਟੀਮ ਦੀ ਕਮਾਨ ਸੌਂਪੀ ਗਈ ਹੈ। ਹਾਕੀ ਇੰਡੀਆ (ਐਚ.ਆਈ.) ਨੇ ਵੀਰਵਾਰ ਨੂੰ ਰਾਸ਼ਟਰੀ ਪੁਰਸ਼ ਟੀਮ ਦਾ ਐਲਾਨ ਕੀਤਾ ਜਿਸ ਦੀ ਕਪਤਾਨੀ ਗੋਲਕੀਪਰ ਸ਼੍ਰੀਜੇਸ਼ ਨੂੰ ਸੌਂਪੀ ਗਈ ਹੈ ਜਦੋਂਕਿ ਚਿਗਲੇਨਸਾਨਾ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਭਾਰਤੀ ਨੂੰ ਪਿਛਲੀ ਵਾਰ ਚੈਂਪੀਅੰਜ਼ ਟਰਾਫ਼ੀ ‘ਚ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਹੱਥੋਂ ਹਾਰ ਕੇ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ ਸੀ ਹਾਲਾਂਕਿ ਇਹ 34 ਸਾਲ ਬਾਅਦ ਭਾਰਤ ਦਾ ਚੈਂਪੀਅੰਜ਼ ਟਰਾਫ਼ੀ ‘ਚ ਤਗਮਾ ਸੀ।
ਸ਼੍ਰੀਜੇਸ਼ ਨੇ ਟੀਮ ਦੀ ਕਪਤਾਨੀ ਨੂੰ ਲੈ ਕੇ ਕਿਹਾ ਕਿ ਅਸੀਂ ਪਿਛਲੇ ਸੀਜ਼ਨ ‘ਚ ਆਸਟਰੇਲੀਆ ਵਿਰੁੱਧ ਸੋਨ ਤਗਮਾ ਜਿੱਤਣ ਦੇ ਬੇਹੱਦ ਕਰੀਬ ਸੀ ਪਰ ਸਾਨੂੰ ਫਿਰ ਵੀ ਦੂਸਰੇ ਸਥਾਨ ‘ਤੇ ਰਹਿਣਾ ਪਿਆ, ਹਾਲਾਂਕਿ ਇਹ ਸਾਡੇ ਲਈ ਬਹੁਤ ਯਾਦਗਾਰੀ ਟੂਰਨਾਮੈਂਟ ਰਿਹਾ ਇਸ ਵਾਰ ਵੀ ਅਸੀਂ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਚੈਂਪੀਅੰਜ਼ ਟਰਾਫ਼ੀ ਦਾ ਆਖ਼ਰੀ ਟੂਰਨਾਮੈਂਟ ਹੈ।
ਤਜ਼ਰਬੇਕਾਰ ਗੋਲਕੀਪਰ ਦੇ ਨਾਲ ਨੌਜਵਾਨ ਗੋਲਕੀਪਰ ਕ੍ਰਿਸ਼ਣ ਪਾਠਕ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਭਾਰਤ ਦੀ ਰੱਖਿਆ ਕਤਾਰ ‘ਚ ਤਜ਼ਰਬੇਕਾਰ ਬਰਿੰਦਰ ਲਾਕੜਾ ਦੀ ਵਾਪਸੀ ਹੋ ਰਹੀ ਹੈ ਉਸਦੇ ਨਾਲ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਅਮਿਤ ਰੋਹਿਦਾਸ ਤੋਂ ਇਲਾਵਾ ਸੁਰਿੰਦਰ ਕੁਮਾਰ ਅਤੇ ਨਵੇਂ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਵੀ ਕੋਰ ਗਰੁੱਪ ‘ਚ ਜਗ੍ਹਾ ਮਿਲੀ ਹੈ।
ਭਾਰਤੀ ਟੀਮ ਦੀ ਮਿਡਫੀਲਡ ‘ਚ ਸਰਦਾਰ ਸਿੰਘ, ਮਨਪ੍ਰੀਤ ਸਿੰਘ, ਚਿਗਲੇਨਸਾਨਾ ਸਿੰਘ ਕੁੰਗੁਜ਼ਮ ਅਤੇ ਵਿਵੇਕ ਸਾਗਰ ਸ਼ਾਮਲ ਹਨ ਫਾਰਵਰਡ ਲਾਈਨ ‘ਚ ਐਸ.ਵੀ.ਸੁਨੀਲ, ਰਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ ਅਤੇ ਸੁਮਿਤ ਕੁਮਾਰ ਨੂੰ ਜਗ੍ਹਾ ਦਿੱਤੀ ਗਈ ਹੈ ਪੁਰਸ਼ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਟੂਰਨਾਮੈਂਟ ਨੂੰ ਲੈ ਕੇ ਕਿਹਾ ਕਿ ਸਾਡੀ ਟੀਮ ‘ਚ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਚੰਗਾ ਮਿਸ਼ਰਣ ਹੈ ਅਤੇ ਬ੍ਰੇਦਾ ‘ਚ ਹੋਣ ਵਾਲੀ ਚੈਂਪੀਅੰਜ਼ ਟਰਾਫ਼ੀ ਖਿਡਾਰੀਆਂ ਲਈ ਬਹੁਤ ਅਹਿਮ ਟੂਰਨਾਮੈਂਟ ਹੈ ਕਿਉਂਕਿ ਇਸ ਦੇ ਰਾਹੀਂ ਉਹ ਜਕਾਰਤਾ ‘ਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਵੀ ਆਪਣੇ ਹੁਨਰ ਦਿਖਾ ਸਕਣਗੇ।
ਉਹਨਾਂ ਕਿਹਾ ਕਿ ਇਸ ਦੇ ਨਾਲ ਨਵੰਬਰ ‘ਚ ਓੜੀਸਾ ‘ਚ ਹੋਣ ਵਾਲੇ ਪੁਰਸ਼ ਹਾੱਕੀ ਵਿਸ਼ਵ ਕੱਪ ਲਈ ਵੀ ਚੰਗਾ ਅਭਿਆਸ ਹੋ ਜਾਵੇਗਾ ਕੋਚ ਨੇ ਮੰਨਿਆ ਕਿ ਅਸੀਂ ਏਸ਼ੀਆ ਦੀ ਵੱਡੀ ਟੀਮ ਪਾਕਿਸਤਾਨ ਵਿਰੁੱਧ ਤਾਂ ਖੇਡਾਂਗੇ ਪਰ ਚੈਂਪੀਅੰਜ਼ ਟਰਾਫ਼ੀ ‘ਚ ਸਾਨੂੰ ਆਸਟਰੇਲੀਆ, ਬੈਲਜ਼ੀਅਮ, ਹਾਲੈਂਡ ਅਤੇ ਅਰਜਨਟੀਨਾ ਜਿਹੀਆਂ ਵੱਡੀਆਂ ਟੀਮਾਂ ਵਿਰੁੱਧ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ।
ਭਾਰਤ ਚੈਂਪੀਅੰਜ਼ ਟਰਾਫ਼ੀ ‘ਚ 23 ਜੂਨ ਨੂੰ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕਰੇਗਾ। ਭਾਰਤੀ ਟੀਮ ਇਸ ਤਰ੍ਹਾਂ ਹੈ: ਗੋਲਕੀਪਰ: ਪੀ.ਆਰ.ਸ਼੍ਰੀਜੇਸ਼ (ਕਪਤਾਨ), ਕ੍ਰਿਸ਼ਣ ਬਹਾਦੁਰ ਪਾਠਕਡਿਫੈਂਡਰ: ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਸੁਰਿੰਦਰ ਕੁਮਾਰ, ਜਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਅਮਿਤ ਰੋਹਿਦਾਸ ਮਿਡਫੀਲਡਰ: ਮਨਪ੍ਰੀਤ ਸਿੰਘ, ਚਿਗਲੇਨਸਾਨਾ ਸਿੰਘ (ਉਪ ਕਪਤਾਨ), ਸਰਦਾਰ ਸਿੰਘ, ਵਿਵੇਕ ਸਾਗਰ ਪ੍ਰਸਾਦ ਫਾਰਵਰਡ : ਸੁਨੀਲ ਸੋਮਾਰਪੇਤ ਵਿਤਾਲਾਚਾਰਿਆ, ਰਮਨਦੀਪ ਸਿੰਘ, ਮਨਦੀਪ ਸਿੰਘ, ਸੁਮਿਤ ਕੁਮਾਰਹ, ਆਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ