ਖਪਤਕਾਰ ਫੋਰਮ ਦੀ ਸ਼ਰਣ ਲੈਣ ਦਾ ਕੀਤਾ ਫੈਸਲਾ | Mobile
ਨਾਭਾ (ਤਰੁਣ ਕੁਮਾਰ ਸ਼ਰਮਾ)। ਸਥਾਨਕ ਸ਼ਹਿਰ ਦੇ ਇੱਕ ਨੌਜਵਾਨ ਨੂੰ ਆਨਲਾਇਨ ਸ਼ਾਪਿੰਗ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਸ ਦੇ ਮੰਗਵਾਏ ਮੋਬਾਇਲ (Mobile) ਫੋਨ ਦੀ ਪੈਕਿੰਗ ਵਿੱਚੋਂ ਸਾਬਣ ਨਿਕਲ ਆਈ। ਜਾਣਕਾਰੀ ਅਨੁਸਾਰ ਰਜਤ ਕੁਮਾਰ ਨਾਮੀ ਨੌਜਵਾਨ ਨੇ ਆਪਣੇ ਪਿਤਾ ਦੇ ਨਾਮ ‘ਤੇ ਰੈਡਮੀ 5 ਕੰਪਨੀ ਦੇ ਦੋ ਮੋਬਾਇਲ ਫੋਨ ਫਲਿੱਪਕਾਰਟ ਆਨਲਾਇਨ ਆਰਡਰ ਕੀਤੇ ਜਿਨ੍ਹਾਂ ਦੀ ਕ੍ਰਮਵਾਰ 10999/- ਰੁਪਏ ਅਤੇ 9999/- ਰੁਪਏ ਕੀਮਤ ਉਸ ਦੇ ਪਿਤਾ ਦੇ ਖਾਤੇ ਵਿੱਚੋਂ ਪਹਿਲਾਂ ਹੀ ਕੰਪਨੀ ਨੂੰ ਅਦਾ ਕਰ ਦਿੱਤੀ ਸੀ।
ਅੱਜ ਜਿਉਂ ਹੀ ਕੰਪਨੀ ਦਾ ਮੁਲਾਜ਼ਮ ਉਸ ਦੇ ਆਰਡਰ ਕੀਤੇ ਮੋਬਾਇਲ ਫੋਨ ਦੀ ਸਪਲਾਈ ਲੈ ਕੇ ਆਇਆ ਤਾਂ ਦੋ ਪੈਕਿੰਗਾਂ ਵਿੱਚ ਜਿੱਥੇ ਇੱਕ ਵਿੱਚੋਂ ਮੋਬਾਇਲ ਨਿਕਲਿਆਂ ਤਾਂ ਦੂਜੀ ਪੈਕਿੰਗ ਵਿੱਚੋ ‘ਸਾਬਣ ਦੀ ਟਿੱਕੀ’ ਨਿਕਲੀ। ਖਪਤਕਾਰ ਇਹ ਦੇਖ ਕੇ ਹੈਰਾਨ ਰਹਿ ਗਿਆ। ਧਿਆਨਯੋਗ ਹੈ ਕਿ ਅਕਸਰ ਹੁੰਦੀਆਂ ਅਜਿਹੀਆਂ ਠੱਗੀਆਂ ਤੋਂ ਸੇਧ ਲੈਂਦਿਆਂ ਖਪਤਕਾਰ ਨੇ ਪਾਰਸਲ ਖੋਲਣ ਦੀ ਵੀਡੀਓ ਵੀ ਬਣਾ ਲਈ ਸੀ। ਇਸ ਤੋ ਬਾਦ ਉਸ ਨੇ ਤੁਰੰਤ ਇਸ ਦੀ ਸੂਚਨਾ ਕੰਪਨੀ ਦੇ ਕਸਟਮਰ ਕੇਅਰ ਨੰਬਰ ‘ਤੇ ਦਿੱਤੀ ਜਿਸ ‘ਤੇ ਉਸ ਨੂੰ 28 ਮਈ ਤੱਕ ਇੰਤਜ਼ਾਰ ਕਰਨ ਨੂੰ ਕਿਹਾ ਗਿਆ।
ਦੂਜੇ ਪਾਸੇ ਸਪਲਾਈ ਦੇ ਕੇ ਗਏ ਕੰਪਨੀ ਦੇ ਅਸ਼ਵਨੀ ਨਾਮੀ ਕੋਰੀਅਰਮੈਨ ਨੇ ਕਿਹਾ ਕਿ ਉਹ ਵੀ ਇਸ ਪ੍ਰਕਾਰ ਦੀ ਘਟਨਾ ਤੋਂ ਹੈਰਾਨ ਹੈ ਅਤੇ ਉਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਅਧੀਨ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਪਰੋਕਤ ਵਿਸਥਾਰ ਤੋਂ ਬਾਦ ਜਿੱਥੇ ਖਪਤਕਾਰ ਨੂੰ ਇਹ ਸਾਬਣ ਲਗਪੱਗ 10 ਹਜ਼ਾਰ ਰੁਪਏ ਵਿੱਚ ਪੈ ਗਈ ਉਥੇ ਨਾਮੀ ਕੰਪਨੀਆਂ ਦੇ ਚੱਲਦੇ ਆਨਲਾਇਨ ਵਪਾਰ ‘ਤੇ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ। ਠੱਗੀ ਦੇ ਸ਼ਿਕਾਰ ਖਪਤਕਾਰ ਰਜ਼ਤ ਕੁਮਾਰ ਨੇ ਕਿਹਾ ਕਿ ਉਹ ਕੰਪਨੀ ਦੀ ਇਸ ਠੱਗੀ ਖਿਲਾਫ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਏਗਾ।