ਮਾਪਿਆਂ ਵੱਲੋਂ ਪੁੱਤਰ ਨੂੰ ਬਚਾਉਣ ਦੀ ਅਪੀਲ | Road Accident
ਸਾਦਿਕ (ਅਰਸ਼ਦੀਪ ਸੋਨੀ)। ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜਲੇ ਪਿੰਡ ਭਾਗ ਸਿੰਘ ਵਾਲਾ ਦੇ ਗਰੀਬ ਪਰਿਵਾਰ ਨਾਲ ਸਬੰਧਤ ਮੱਘਰ ਸਿੰਘ ਬਾਵਰੀਆ ਸਿੱਖ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦਾ ਵੱਡਾ ਪੁੱਤਰ ਹਰਬੰਸ ਸਿੰਘ (40) 19 ਅਗਸਤ 2017 ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਉਸ ਦੀ ਇੱਕ ਬਾਂਹ ਟੁੱਟ ਗਈ, ਇੱਕ ਲੱਤ ਦੇ ਗੋਡੇ ਦੀ ਚੱਪਣੀ ਚਕਨਾਚੂਰ ਹੋ ਗਈ ਪਰ ਸਭ ਤੋਂ ਖਤਰਨਾਕ ਸੱਟ ਸਿਰ ਵਿੱਚ ਲੱਗੀ। (Road Accident)
ਇਸ ਹਾਦਸੇ ਦੌਰਾਨ ਹਰਬੰਸ ਦੀ ਜਾਨ ਤਾਂ ਬਚ ਗਈ ਪਰ ਹੋਸ਼ ਨਾ ਆਈ। ਉਸ ਦਿਨ ਤੋਂ ਲੈ ਕੇ ਇਹ ਪਰਿਵਾਰ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ, ਬਠਿੰਡਾ ਅਤੇ ਕਈ ਹੋਰ ਹਸਪਤਾਲਾਂ ‘ਚੋਂ ਇਲਾਜ ਕਰਵਾ ਚੁੱਕਾ ਹੈ ਪਰ ਹਰਬੰਸ ਉਸ ਦਿਨ ਤੋਂ ਹੀ ਬੇਹੋਸ਼ ਪਿਆ ਹੈ ਹੁਣ ਉਸ ਦੇ ਘਰ ਵਿੱਚ ਹੀ ਦੇਖਭਾਲ ਪਰਿਵਾਰਕ ਮੈਂਬਰ ਕਰ ਰਹੇ ਹਨ ਜਿਸ ਦੇ ਖੁਰਾਕ ਲਈ ਪਾਇਪ ਅਤੇ ਛਾਤੀ ਆਦਿ ਵਿੱਚ ਵੀ ਪਾਇਪ ਲੱਗੀ ਹੋਈ ਹੈ। (Road Accident)
ਇਹ ਵੀ ਪੜ੍ਹੋ : ਫਾਇਰ ਅਫਸਰ ਨੂੰ 12500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ
ਹੁਣ ਤੱਕ ਪਰਿਵਾਰ ਵੱਲੋਂ ਕੀਤੀ ਕਮਾਈ ਦਵਾਈਆਂ ਤੇ ਟੈਸਟਾਂ ਦੀ ਭੇਂਟ ਚੜ੍ਹ ਚੁੱਕੀ ਹੈ ਅਤੇ ਹੁਣ ਇਹ ਪਰਿਵਾਰ ਉਸ ਦੇ ਇਲਾਜ ‘ਚ ਅਸਮੱਰਥ ਹੋ ਚੁੱਕਾ ਹੈ। ਲੜਕੇ ਦੀ ਮਾਂ ਸੁਰਜੀਤ ਕੌਰ ਨੇ ਦੁਖੀ ਮਨ ਨਾਲ ਦੱਸਿਆ ਕਿ ਅਸੀਂ ਨਰਮੇ ਚੁੱਗ ਕੇ ਅਤੇ ਸਿਖਰ ਦੁਪਿਹਰੇ ਝੋਨੇ ਲਾ ਕੇ ਆਪਣੇ ਬੱਚੇ ਪਾਲੇ ਸਨ ਪਰ ਕਦੇ ਵੀ ਸਾਨੂੰ ਠੰਢ ਦਾ ਕਹਿਰ ਅਤੇ ਨਾ ਹੀ ਕੜਕਦੀਆਂ ਧੱਪਾਂ ਮਹਿਸਸੂ ਹੋਈਆਂ ਪਰ ਹੁਣ ਹਰਬੰਸ ਸਿੰਘ ਦੇ ਇਲਾਜ ‘ਤੇ 7 ਲੱਖ ਤੋ ਉੱਪਰ ਰੁਪਏ ਖਰਚ ਹੋ ਚੁੱਕੇ ਹਨ।
ਜੋ ਕਿ ਘਰ ਦੇ ਗਹਿਣੇ ਅਤੇ ਹੋਰ ਚੀਜਾਂ ਵਸਤਾਂ ਵੇਚ ਕੇ ਅਤੇ ਕਰਜ਼ਾ ਲੈ ਕੇ, ਕੁੱਝ ਰਿਸ਼ਤੇਦਾਰਾਂ, ਕੁੱਝ ਹਿੰਮਤੀ ਨੌਜਵਾਨਾਂ ਅਤੇ ਮੋਹਤਵਾਰ ਲੋਕਾਂ ਨੇ ਵੀ ਪੈਸੇ ਇੱਕਠੇ ਕਰਕੇ ਕਈ ਵਾਰ ਦਿੱਤੇ ਪਰ ਫਿਰ ਵੀ ਇਲਾਜ ਅਜੇ ਅਧੂਰਾ ਹੈ। ਉਨ੍ਹਾਂ ਕਿਹਾ ਕਿ ਉਹ ਦੋਵੇਂ ਜੀਅ ਹੁਣ ਬਢਾਪੇ ‘ਚ ਹਨ ਤੇ ਪਤੀ ਦੀ ਨਜ਼ਰ ਘੱਟ ਹੈ ਤੇ ਉਨ੍ਹਾਂ ਦੀ ਅੱਖ ਦੀ ਦਵਾਈ ਚੱਲਦੀ ਹੈ ਤੇ ਹੁਣ ਛੋਟਾ ਮੁੰਡਾ ਹੀ ਹਰਬੰਸ ਸਿੰਘ ਦੀ ਸੰਭਾਲ ਕਰਦਾ ਹੈ ਜੋ ਕਿ ਹੁਣ ਦਿਹਾੜੀ ਵੀ ਨਹੀਂ ਜਾ ਸਕਦਾ ।
ਇਸ ਕਰਕੇ ਘਰ ਦਾ ਗੁਜ਼ਾਰਾ ਵੀ ਚੱਲਣਾ ਮੁਸ਼ਕਲ ਹੋ ਗਿਆ ਹੈ। 11 ਮੈਂਬਰਾਂ ਦਾ ਪਰਿਵਾਰ ਗੁਰਬਤ ਨਾਲ ਨਿਢਾਲ ਹੋ ਚੁੱਕਾ ਹੈ। ਹਰਬੰਸ ਦੇ ਛੋਟੇ ਭਰਾ ਨੇ ਦੱਸਿਆ ਕਿ ਉਹ ਸਾਰੀ ਰਾਤ ਇਸ ਦੇ ਸਿਰਾਹਣੇ ਬੈਠ ਕੇ ਕੱਟਣੀ ਪੈਂਦੀ ਹੈ ਤੇ ਇਸ ਦੀ ਸੰਭਾਲ ਕਰਦਾ ਉਹ ਖੁਦ ਬਿਮਾਰ ਹੋ ਚੁੱਕਾ ਹੈ ਉਸ ਦੀ ਦੁਕਾਨ ਬੰਦ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਅਸੀਂ ਸਾਰੀ ਉਮਰ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ ਪਰ ਕੁਦਰਤ ਦੇ ਕਹਿਰ ਤੋਂ ਬਾਅਦ ਹੁਣ ਸਰਕਾਰ ਤੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਸਹਾਰਾ ਦਿੱਤਾ ਜਾਵੇ ਤਾਂ ਜੋ ਹਰਬੰਸ ਸਿੰਘ ਦਾ ਇਲਾਜ਼ ਕਰਵਾਇਆ ਜਾ ਸਕੇ।