ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਇੰਟਰਨੈਸ਼ਨਲ (Chandigarh International Airport) ਏਅਰਪੋਰਟ ਹੁਣ ਸ਼ਨਿੱਚਰਵਾਰ ਤੋਂ 31 ਮਈ ਤੱਕ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਏਅਰਪੋਰਟ ਦੇ ਰਨਵੇ ਤੇ ਪੈਰਲਲ ਟੈਕਸੀ ਟਰੈਕ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ 1 ਜੁਲਾਈ ਤੋਂ ਏਅਰਪੋਰਟ ‘ਤੇ ਦੁਬਾਰਾ ਪਹਿਲਾਂ ਵਾਂਗ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਸਿਸਟੈਂਟ ਸਾਲੀਸਿਟਰ ਜਨਰਲ ਆਫ਼ ਇੰਡੀਆ ਚੇਤਨ ਮਿੱਤਲ ਨੂੰ ਦਿੱਤੀ ਹੈ। ਜਸਟਿਸ ਏ ਕੇ ਮਿੱਤਲ ਤੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਬੈਂਚ ਨੂੰ ਦੱਸਿਆ ਗਿਆ ਕਿ ਪਿਛਲੇ ਦਿਨਾਂ ‘ਚ ਮੌਸਮ ਖਰਾਬ ਹੋਣ ਕਾਰਨ ਕੰਮ ‘ਚ ਦੇਰ ਹੋ ਗਈ ਹੈ, ਬਾਵਜ਼ੂਦ ਇਸ ਦੇ ਆਉਣ ਵਾਲੇ ਦਿਨਾਂ ‘ਚ ਹੋਰ ਤੇਜ਼ੀ ਨਾਲ ਕੰਮ ਕਰਕੇ ਇਸ ਦੇਰੀ ਨੂੰ ਪੂਰਾ ਕਰ ਲਿਆ ਜਾਵੇਗਾ। (Chandigarh International Airport)
ਹਾਈ ਕੋਰਟ ਨੂੰ ਦੱਸਿਆ ਗਿਆ ਕਿ ਏਅਰਪੋਰਟ ਦੀ ਲਾਈਟਿੰਗ ਨੂੰ ਲੈ ਕੇ, ਸੁਣਵਾਈ ਦੀ ਅਗਲੀ ਮਿਤੀ ਤੋਂ ਪਹਿਲਾਂ ਸਾਰੇ ਸਬੰਧਿਤ ਪੱਖਾਂ ਦਰਮਿਆਨ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ। ਉਧਰ ਰੇਲਵੇ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਲੋੜ ਮਹਿਸੂਸ ਕੀਤੀ ਗਈ ਤਾਂ ਦੁਪਹਿਰ 12:20 ਵਜੇ ਵਾਲੀ ਸ਼ਤਾਬਦੀ ਐਕਸਪ੍ਰੈਸ ਟਰੇਨ ‘ਚ ਵਾਧੂ ਕੋਚ ਲਾਏ ਜਾ ਰਹੇ ਹਨ। ਹਾਈਕੋਰਟ ਨੇ ਸਾਰੇ ਪੱਖਾਂ ਦੀ ਸੁਣਨ ਤੋਂ ਬਾਅਦ ਏਅਰਪੋਰਟ ਅਥਰਟੀ ਆਫ਼ ਇੰਡੀਆ (ਏਏਆਈ) ਦੇ ਮਾਮਲੇ ਦੀ ਅਗਲੀ ਸੁਣਵਾਈ ‘ਤੇ ਚੰਡੀਗੜ੍ਹ ਤੋਂ ਦੁਬਈ ਲਈ ਸ਼ੁਰੂ ਹੋਣ ਵਾਲੀਆਂ ਫਲਾਈਟਾਂ ਦੀ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ। ਨਾਲ ਏਅਰਪੋਰਟ ਤੋਂ ਹਰਿਆਣਾ ਲਈ ਬਣਾਏ ਜਾਣ ਵਾਲੇ ਅੰਡਰਪਾਸ ਲਈ ਦਿੱਲੀ ਮੈਟਰੋ ਰੇਲ ਕੰਪਰਿਸ਼ਨ (ਡੀਐੱਮਆਰਸੀ) ਨੂੰ ਇਸ ਮਾਮਲੇ ‘ਚ ਪੱਖ ਬਣਾਉਂਦਿਆਂ ਜਵਾਬ ਦਿੱਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। (Chandigarh International Airport)