ਲਾਸ਼ ਰੋਡ ‘ਤੇ ਰੱਖ ਕੇ ਕੀਤਾ ਜਾਮ, ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜਾਰੀ ‘ਤੇ ਉੱਠੇ ਸਵਾਲ | Fatehgarh Intense Shooting
- ਵੱਖ-ਵੱਖ ਜਥੇਬੰਦੀਆਂ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰ ਦੀ ਮੰਗ | Fatehgarh Intense Shooting
ਗੁਰੂਹਰਸਹਾਏ/ਫਿਰੋਜਪੁਰ (ਵਿਜੈ ਹਾਂਡਾ/ਸਤਪਾਲ ਥਿੰਦ)। ਬੀਤੇ ਦਿਨੀਂ ਪਿੰਡ ਗਹਿਰੀ ਵਿਖੇ ਜ਼ਮੀਨੀ ਕਬਜਾ ਕਰਨ ਨੂੰ ਲੈ ਕੇ ਬੀਏ ਦੀ ਵਿਦਿਆਰਥਣ ਤੇ ਕਬੱਡੀ ਦੀ ਖਿਡਾਰਨ ਲਛਮੀ ਦੇਵੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਵਰਦੇਵ ਸਿੰਘ ਮਾਨ ਦੀ ਅਗਵਾਈ ‘ਚ ਮ੍ਰਿਤਕ ਲੜਕੀ ਦੀ ਦੇਹ ਨੂੰ ਰੱਖ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਨੇ ਸਤਾ ਸੰਭਾਲੀ ਹੈ ਹਲਕਾ ਗੁਰੂਹਰਸਹਾਏ ਅੰਦਰ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਪਰ ਪੁਲਿਸ ਪ੍ਰਸ਼ਾਸ਼ਨ ਕਠਪੁਤਲੀ ਬਣਿਆ ਹੋਇਆ ਹੈ ਅਤੇ ਕਿਸੇ ਵੀ ਹਮਲਾਵਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਉਨ੍ਹਾਂ ਪਿੰਡ ਗਹਿਰੀ ਅੰਦਰ ਵਾਪਰੇ ਕਤਲ ਕਾਂਡ ਸਬੰਧੀ ਬੋਲਦਿਆਂ ਕਿਹਾ ਕਿ ਪਰਿਵਾਰ ਵੱਲੋਂ ਘਟਨਾ ਤੋਂ ਕਰੀਬ 3 ਘੰਟੇ ਪਹਿਲਾਂ ਐਸ.ਐਚ.ਓ.ਨੂੰ ਫ਼ੋਨ ਕਰਕੇ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਉੱਪਰ ਹਮਲਾ ਹੋਣ ਵਾਲਾ ਹੈ, ਜੇਕਰ ਪੁਲਿਸ ਮੁਸ਼ਤੈਦੀ ਨਾਲ ਕੰਮ ਕਰਦੀ ਤਾਂ ਇਹ ਕਤਲ ਹੋਣ ਤੋਂ ਬਚਾਅ ਹੋ ਸਕਦਾ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਦੀ ਕਾਰਵਾਈ ਉਪਰ ਕਈ ਸਵਾਲ ਕੀਤੇ ਅਤੇ ਸਬੰਧਤ ਡੀ.ਐਸ.ਪੀ. ਅਤੇ ਥਾਣਾ ਮੁਖੀ ਨੂੰ ਤੁਰੰਤ ਮੁਅੱਤਲ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਦੋਂ ਤੱਕ ਧਰਨਾ ਜਾਰੀ ਰਹੇਗਾ।