ਨਵੀਂ ਦਿੱਲੀ (ਏਜੰਸੀ)। ਦੁਨੀਆਂ ਦੇ ਮਹਾਨ ਖਿਡਾਰੀ ਅਤੇ ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਸਿਤਾਰਾ ਸਚਿਨ (Sachin Tendulkar) ਤੇਂਦੁਲਕਰ ਮੰਗਲਵਾਰ ਨੂੰ 45 ਸਾਲ ਦੇ ਹੋ ਗਏ। ਸਾਬਕਾ ਭਾਰਤੀ ਬੱਲੇਬਾਜ਼ ਨੂੰ ਦੁਨੀਆਂ ਭਰ ਤੋਂ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਕ੍ਰਿਕਟਰਾਂ ਨੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਸਚਿਨ ਦਾ ਜਨਮ 24 ਅਪ੍ਰੈਲ 1973 ਨੂੰ ਮੁੰਬਈ ਦੇ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਉਹ ਦੁਨੀਆਂ ਦਾ ਇੱਕੋ ਇੱਕ ਕ੍ਰਿਕਟਰ ਹੈ, ਜਿਸ ਨੇ ਕਰੀਅਰ ‘ਚ 200 ਟੈਸਟ ਖੇਡੇ ਅਤੇ 100 ਅੰਤਰਰਾਸ਼ਟਰੀ ਸੈਂਕੜੇ ਲਗਾਏ। ਇਸ ਤੋਂ ਇਲਾਵਾ ਉਹ ਇੱਕ ਰੋਜ਼ਾ ਕ੍ਰਿਕਟ ‘ਚ ਦੂਹਰਾ ਸੈਂਕੜਾ ਲਗਾਉਣ ਵਾਲੇ ਵੀ ਪਹਿਲੇ ਕ੍ਰਿਕਟਰ ਹਨ।
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ), ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਦੁਨੀਆਂ ਭਰ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਵੱਖ ਵੱਖ ਖੇਡਾਂ ਨਾਲ ਜੁੜੀਆਂ (Sachin Tendulkar) ਹਸਤੀਆਂ ਨੇ ਵੀ ਸਚਿਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੌਰਵ ਗਾਂਗੁਲੀ, ਵਰਿੰਦਰ ਸਹਿਵਾਗ, ਸੁਰੇਸ਼ ਰੈਨਾ, ਹਰਭਜਨ ਸਿੰਘ, ਇਰਫਾਨ ਪਠਾਨ, ਅਜਿੰਕਿਆ ਰਹਾਣੇ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਪੀ.ਵੀ.ਸਿੰਧੂ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਸਚਿਨ ਨੂੰ ਟਵਿੱਟਰ ‘ਤੇ ਵਧਾਈ ਸੰਦੇਸ਼ ਦਿੱਤੇ ਹਨ।
ਵਿਰਾਟ ਨੂੰ ਹੱਥੀਂ ਦੇਵਾਂਗਾ ਤੋਹਫ਼ਾ : ਸਚਿਨ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸਟਾਰ ਖਿਡਾਰੀ ਅਤੇ ਤਿੰਨਾਂ ਫਾਰਮੈਟਾਂ ‘ਚ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਉਸਦੇ ਇੱਕ ਰੋਜ਼ਾ ਮੈਚਾਂ ਵਿੱਚ 49 ਸੈਂਕੜਿਆਂ ਦੇ ਰਿਕਾਰਡ ਨੂੰ ਤੋੜਨ ‘ਤੇ ਤੋਹਫ਼ਾ ਦੇਣ ਦਾ ਵਾਅਦਾ ਕੀਤਾ ਹੈ। ਦੁਨੀਆਂ ਦੇ ਬਿਹਤਰੀਨ ਕ੍ਰਿਕਟਰਾਂ ‘ਚ ਸ਼ੁਮਾਰ ਵਿਰਾਟ ਫਿਲਹਾਲ ਭਾਰਤੀ ਟੀਮ ਦੇ ਸਰਵਸ੍ਰੇਸ਼ਠ ਸਕੋਰਰ ਹਨ ਅਤੇ ਸਚਿਨ ਤੋਂ ਬਾਅਦ ਇੱਕ ਰੋਜ਼ਾ ‘ਚ ਸਭ ਤੋਂ ਸੈਂਕੜਿਆਂ ਦੇ ਮਾਮਲੇ ‘ਚ 35 ਸੈਂਕੜਿਆਂ ਨਾਲ ਦੂਸਰੇ ਨੰਬਰ ‘ਤੇ ਹਨ ਜਦੋਂਕਿ ਸਚਿਨ ਇੱਕ ਰੋਜ਼ਾ ‘ਚ 49 ਸੈਂਕੜਿਆਂ ਨਾਲ ਸਭ ਤੋਂ ਅੱਗੇ ਹਨ। ਸਚਿਨ ਨੇ ਕਿਹਾ ਕਿ ਜੇਕਰ ਇਹ ਰਿਕਾਰਡ ਵਿਰਾਟ ਤੋੜਦਾ ਹੈ ਤਾਂ ਉਹ ਉਸਨੂੰ ਤੋਹਫ਼ਾ ਦੇਣਗੇ।